ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚਾ ਦੀ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਵੱਡਾ ਐਲਾਨ ਕੀਤਾ ਗਿਆ ਹੈ। ਮੋਰਚੇ ਨੇ ਆਪਣੇ ਪ੍ਰੋਗਰਾਮ ਪਹਿਲਾਂ ਵਾਂਗ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਮੋਰਚੇ ਦਾ ਕਹਿਣਾ ਹੈ ਕਿ 29 ਨਵੰਬਰ ਦੇ ਟਰੈਕਟਰ ਮਾਰਚ ‘ਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ।
ਕਿਸਾਨ ਆਗੂ ਦਰਸ਼ਨ ਪਾਲ ਸਿੰਘ ਨੇ ਕਿਹਾ ਕਿ ਅਜੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ। ਇਸ ਲਈ ਸਾਡੇ ਵਲੋਂ ਜਿਹੜੇ ਮਿੱਥੇ ਗਏ ਪ੍ਰੋਗਰਾਮ ਹਨ, ਉਹ ਉਸੇ ਤਰ੍ਹਾਂ ਹੀ ਰਹਿਣਗੇ।
ਦਰਸ਼ਨ ਪਾਲ ਨੇ ਕਿਹਾ ਕਿ 22, 26 ਅਤੇ 29 ਨਵੰਬਰ ਨੂੰ ਸਾਡੇ ਸਮਾਗਮ ਤੈਅ ਕੀਤੇ ਪ੍ਰੋਗਰਾਮ ਅਨੁਸਾਰ ਹੀ ਹੋਣਗੇ । 22 ਨੂੰ ਲਖਨਊ ਰੈਲੀ, 26 ਨੂੰ ਕਿਸਾਨ ਅੰਦੋਲਨ ਦਾ ਇਕੱਠ, 29 ਨਵੰਬਰ ਨੂੰ ਸੰਸਦ ਭਵਨ ਤੱਕ ਟਰੈਕਟਰ ਮਾਰਚ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੀਤੇ ਦਿਨ ਤਿੰਨ ਨਵੇਂ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਵੀ ਫ਼ਿਲਹਾਲ ਸੰਯੁਕਤ ਕਿਸਾਨ ਮੋਰਚਾ ਦੇ ਰੁਖ਼ ਵਿੱਚ ਕੋਈ ਨਰਮੀ ਨਹੀਂ ਆਈ ਹੈ।