ਸਾਬਕਾ DGP ਦੇ ਪੁੱਤਰ ਦੀ ਮੌਤ ਦਾ ਮਾਮਲਾ: SIT ਨੇ ਯੂਪੀ ਤੋਂ ਅਕੀਲ ਦੀ ਡਾਇਰੀ ਕੀਤੀ ਬਰਾਮਦ

Global Team
2 Min Read

ਚੰਡੀਗੜ੍ਹ: ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਦੇ 35 ਸਾਲਾਂ ਦੇ ਪੁੱਤਰ ਅਕੀਲ ਅਖ਼ਤਰ ਦੀ  ਮੌਤ ਦੇ ਮਾਮਲੇ ਵਿੱਚ ਐੱਸਆਈਟੀ ਨੇ ਸ਼ੁੱਕਰਵਾਰ ਰਾਤ ਨੂੰ ਉਹ ਡਾਇਰੀ ਆਪਣੇ ਕਬਜ਼ੇ ਵਿੱਚ ਲੈ ਲਈ ਹੈ, ਜਿਸ ਵਿੱਚ ਸੁਸਾਈਡ ਨੋਟ ਹੋਣ ਦਾ ਜ਼ਿਕਰ ਕੀਤਾ ਗਿਆ ਸੀ।

ਇਸ ਲਈ ਪੰਚਕੂਲਾ ਐੱਸਆਈਟੀ ਦੀ ਇੱਕ ਟੀਮ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਪਹੁੰਚੀ ਸੀ, ਜਿੱਥੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਦੇ ਘਰ ਤੋਂ ਉਹ ਡਾਇਰੀ ਮਿਲੀ। ਟੀਮ ਰਾਤ ਨੂੰ ਹੀ ਪੰਚਕੂਲਾ ਵਾਪਸ ਆ ਗਈ। ਅਜੇ ਤੱਕ ਡਾਇਰੀ ਵਿੱਚ ਕੀ ਲਿਖਿਆ ਮਿਲਿਆ ਹੈ, ਇਸ ਦਾ ਖੁਲਾਸਾ ਨਹੀਂ ਹੋਇਆ।

ਕਿਹਾ ਜਾ ਰਿਹਾ ਹੈ ਕਿ ਇਹ ਡਾਇਰੀ ਕੇਸ ਵਿੱਚ ਮਹੱਤਵਪੂਰਨ ਸਬੂਤ ਸਾਬਤ ਹੋ ਸਕਦੀ ਹੈ। ਹੁਣ ਰਾਈਟਿੰਗ ਐਕਸਪਰਟ ਤੋਂ ਇਸਦੀ ਜਾਂਚ ਕਰਵਾਉਣ ਦੀ ਤਿਆਰੀ ਜਾਰੀ ਹੈ, ਤਾਂ ਜੋ ਕਿਸੇ ਵੀ ਸ਼ੱਕ ਦੀ ਗੁੰਜਾਇਸ਼ ਨਾ ਰਹੇ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੰਚਕੂਲਾ ਸੈਕਟਰ-4 ਵਿਖੇ ਮੁਸਤਫ਼ਾ ਦੇ ਘਰ ‘ਤੇ ਪੁਲਿਸ ਨੇ 7 ਘੰਟੇ ਤੱਕ ਕ੍ਰਾਈਮ ਸੀਨ ਦੀ ਜਾਂਚ ਕੀਤੀ ਸੀ। ਐੱਸਆਈਟੀ ਇੰਚਾਰਜ ਵਿਕਰਮ ਨੇਹਰਾ ਅਨੁਸਾਰ, ਅਜੇ ਤੱਕ ਉਹ ਮੋਬਾਈਲ ਨਹੀਂ ਮਿਲਿਆ ਜਿਸ ਰਾਹੀਂ ਅਕੀਲ ਅਖ਼ਤਰ ਨੇ 27 ਅਗਸਤ ਨੂੰ ਇੰਸਟਾਗ੍ਰਾਮ ‘ਤੇ ਵੀਡੀਓ ਪੋਸਟ ਕੀਤਾ ਸੀ। ਉਸਦਾ ਲੈਪਟਾਪ ਵੀ ਅਜੇ ਬਰਾਮਦ ਨਹੀਂ ਹੋਇਆ।

ਅਕੀਲ ਨੇ ਆਪਣੇ ਵੀਡੀਓ ਵਿੱਚ ਕਿਹਾ ਸੀ ਕਿ ਉਸ ਵਿੱਚ ਉਹ ਸੁਸਾਈਡ ਨੋਟ ਛੱਡ ਕੇ ਜਾ ਰਿਹਾ ਹੈ। ਇਹ ਡਾਇਰੀ ਪੁਲਿਸ ਨੂੰ ਮਿਲ ਗਈ ਹੈ।

ਸੀਬੀਆਈ ਤੋਂ ਨਹੀਂ ਮਿਲੀ ਹਰੀ ਝੰਡੀ

ਕੇਸ ਨੂੰ ਸੀਬੀਆਈ ਨੂੰ ਟ੍ਰਾਂਸਫਰ ਕਰਨ ਲਈ ਹਰਿਆਣਾ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖਿਆ ਹੈ, ਪਰ ਅਜੇ ਤੱਕ ਸੀਬੀਆਈ ਵੱਲੋਂ ਹਰੀ ਝੰਡੀ ਨਹੀਂ ਮਿਲੀ। ਉੱਥੋਂ ਕਲੀਅਰੈਂਸ ਆਉਣ ਤੱਕ ਐੱਸਆਈਟੀ ਟੀਮ ਆਪਣੇ ਪੱਧਰ ‘ਤੇ ਜਾਂਚ ਜਾਰੀ ਰੱਖੇ ਹੋਈ ਹੈ।

ਜਾਂਚ ਵਿੱਚ ਅਜੇ ਪਰਿਵਾਰ ਸ਼ਾਮਲ ਨਹੀਂ

ਇਸ ਕੇਸ ਵਿੱਚ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ, ਉਨ੍ਹਾਂ ਦੀ ਪਤਨੀ ਤੇ ਪੰਜਾਬ ਦੀ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ, ਉਨ੍ਹਾਂ ਦੀ ਧੀ ਤੇ ਅਕੀਲ ਅਖ਼ਤਰ ਦੀ ਪਤਨੀ ਖਿਲਾਫ ਕਤਲ ਤੇ  ਸਾਜ਼ਿਸ਼ ਰਚਣ ਦੀ ਐੱਫਆਈਆਰ ਰਜਿਸਟਰ ਹੋ ਚੁੱਕੀ ਹੈ। ਹਾਲਾਂਕਿ, ਅਜੇ ਤੱਕ ਮੁਸਤਫ਼ਾ ਪਰਿਵਾਰ ਦਾ ਕੋਈ ਵੀ ਮੈਂਬਰ ਐੱਸਆਈਟੀ ਦੀ ਜਾਂਚ ਵਿੱਚ ਸ਼ਾਮਲ ਨਹੀਂ ਹੋਇਆ। ਸਾਬਕਾ ਡੀਜੀਪੀ ਖ਼ੁਦ ਕਹਿ ਚੁੱਕੇ ਹਨ ਕਿ ਉਹ 25 ਅਕਤੂਬਰ ਤੋਂ ਬਾਅਦ ਹਰ ਸਵਾਲ ਦਾ ਜਵਾਬ ਦੇਣਗੇ।

Share This Article
Leave a Comment