ਚੰਡੀਗੜ੍ਹ: ਕ੍ਰਿਕਟਰ ਸੁਰੇਸ਼ ਰੈਣਾ ਦੇ ਰਿਸ਼ਤੇਦਾਰਾਂ ‘ਤੇ ਹੋਏ ਹਮਲੇ ਦੀ ਜਾਂਚ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਖੁਦ ਇਸ ਮਾਮਲੇ ਦੀ ਨਿੱਜੀ ਤੌਰ ‘ਤੇ ਨਿਗਰਾਨੀ ਰੱਖ ਰਹੇ ਹਨ, ਦੇ ਆਦੇਸ਼ਾਂ ‘ਤੇ ਡੀ.ਜੀ.ਪੀ. ਪੰਜਾਬ ਨੇ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਬਣਾ ਦਿੱਤੀ ਹੈ।
ਅਸ਼ੋਕ ਕੁਮਾਰ ਜੋ ਕ੍ਰਿਕਟਰ ਸੁਰੇਸ਼ ਰੈਣਾ ਦੇ ਫੁਫੜ ਹਨ, ਮੌਕੇ ‘ਤੇ ਹੀ ਦਮ ਤੋੜ ਗਏ ਸਨ ਜਦਕਿ ਉਸ ਦਾ ਜ਼ਖਮੀ ਹੋਇਆ ਬੇਟਾ ਸੋਮਵਾਰ ਨੂੰ ਦਮ ਤੋੜ ਗਿਆ। ਤਿੰਨ ਹੋਰ ਪਰਿਵਾਰਕ ਮੈਂਬਰ ਜ਼ਖਮੀ ਹੋ ਗਏ ਸਨ ਜਿਨ੍ਹਾਂ ਵਿੱਚੋਂ ਅਸ਼ੋਕ ਕੁਮਾਰ ਦੀ ਪਤਨੀ ਆਸ਼ਾ ਰਾਣੀ ਇਸ ਵੇਲੇ ਨਾਜ਼ੁਕ ਹਾਲਤ ਵਿੱਚ ਹੈ।
ਡੀ.ਜੀ.ਪੀ. ਦਿਨਕਰ ਗੁਪਤਾ ਅਨੁਸਾਰ ਹਾਲਾਂਕਿ ਮੁੱਢਲੀ ਜਾਂਚ ਦੌਰਾਨ ਇਹ ਸੰਕੇਤ ਮਿਲੇ ਹਨ ਕਿ ਇਸ ਹਮਲੇ ਪਿੱਛੇ ਗੈਰ-ਅਧਿਸੂਚਿਤ ਜ਼ਰਾਇਮ ਕਬੀਲਿਆਂ ਦਾ ਹੱਥ ਹੈ ਜਿਨ੍ਹਾਂ ਨੂੰ ਅਕਸਰ ਹੀ ਪੰਜਾਬ-ਹਿਮਾਚਲ ਪ੍ਰਦੇਸ਼ ਸਰਹੱਦ ਦੇ ਨਾਲ ਅਜਿਹੀਆਂ ਵਾਰਦਾਤਾਂ ਕਰਦੇ ਦੇਖਿਆ ਜਾਂਦਾ ਹੈ ਪਰ ਫੇਰ ਵੀ ਐਸ.ਆਈ.ਟੀ. ਨੂੰ ਇਸ ਮਾਮਲੇ ਨਾਲ ਜੁੜੇ ਹਰ ਪੱਖ ਨੂੰ ਘੋਖਣ ਲਈ ਆਖਿਆ ਗਿਆ ਹੈ। ਇਸ ਮਾਮਲੇ ਦੀ ਦਿਨ-ਰਾਤ ਜਾਂਚ ਲਈ ਸੰਗਠਿਤ ਅਪਰਾਧ ਰੋਕੂ ਯੂਨਿਟ ਦੀਆਂ ਵਿਸ਼ੇਸ਼ ਟੀਮਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
Condole the brutal attack on kin of @ImRaina in Pathankot. Have ordered SIT probe into the case and have asked @DGPPunjabPolice to identify & arrest the culprits at the earliest. Beta, my DC & SSP have met the family and we will make sure that the guilty are brought to justice.
— Capt.Amarinder Singh (@capt_amarinder) September 1, 2020
ਇਸ ਤਰ੍ਹਾਂ ਦੇ ਅਪਰਾਧਾਂ ਵਿੱਚ ਸ਼ਾਮਲ ਸ਼ੱਕੀ ਵਿਅਕਤੀਆਂ ਦੀ ਭਾਲ ਲਈ ਅੰਤਰ-ਰਾਜੀ ਛਾਪੇਮਾਰੀ ਜਾਰੀ ਹੈ ਅਤੇ 35 ਤੋਂ ਵੱਧ ਸ਼ੱਕੀ ਵਿਅਕਤੀ ਨਿਗਰਾਨੀ ਹੇਠ ਹੈ। ਹਿਮਾਚਲ ਤੇ ਉਤਰ ਪ੍ਰਦੇਸ਼ ਦੇ ਕੁਝ ਵਿਅਕਤੀਆਂ ਦੀ ਸ਼ੱਕੀਆਂ ਵਜੋਂ ਸ਼ਨਾਖਤ ਹੋਈ ਹੈ ਅਤੇ ਉਨ੍ਹਾਂ ਦੇ ਮੋਬਾਈਲ ਨੰਬਰ ਅਤੇ ਟਿਕਾਣਿਆਂ ਦਾ ਪਤਾ ਲਾਇਆ ਜਾ ਰਿਹਾ ਹੈ। ਸਥਾਨਕ ਪੁਲਿਸ ਦੇ ਸਹਿਯੋਗ ਨਾਲ ਗੁਰਦਾਸਪੁਰ, ਤਰਨ ਤਾਰਨ ਤੇ ਅੰਮ੍ਰਿਤਸਰ ਵਿਖੇ ਵੀ ਛਾਪੇ ਮਾਰੇ ਗਏ ਹਨ।
ਡੀ.ਜੀ.ਪੀ. ਅਨੁਸਾਰ ਮ੍ਰਿਤਕ ਅਸ਼ੋਕ ਕੁਮਾਰ ਨਾਲ ਕੰਮ ਕਰਦੇ ਛੇ ਮਜ਼ਦੂਰਾਂ ਦੀ ਪੁੱਛਗਿੱਛ ਕੀਤੀ ਗਈ। ਅਪਰਾਧ ਵਾਲੀ ਜਗ੍ਹਾਂ ਅਤੇ ਨੇੜਲੇ ਸਥਾਨਾਂ ਦੇ ਟਾਵਰ ਡੰਪਸ ਲੈ ਕੇ ਸ਼ੱਕੀ ਹਰਕਤਾਂ ਨੂੰ ਦੇਖਣ ਲਈ ਤਕਨੀਕੀ ਵਿਸ਼ਲੇਸ਼ਣ ਲਈ ਭੇਜ ਦਿੱਤੇ। ਉਨ੍ਹਾਂ ਦੱਸਿਆ ਕਿ ਕਿਸੇ ਵੀ ਸ਼ੱਕੀ ਹਰਕਤ ਨੂੰ ਦੇਖਣ ਲਈ ਅਪਰਾਧ ਵਾਲੀ ਜਗ੍ਹਾਂ ਅਤੇ ਸੈਨਾ/ਬੀ.ਐਸ.ਐਫ. ਵਾਲੀ ਜਗ੍ਹਾਂ ਦੀ ਸੀ.ਸੀ.ਟੀ.ਵੀ. ਫੁਟੇਜ ਦੇਖੀ ਜਾ ਰਹੀ ਹੈ। ਜਾਂਚ ਵਿੱਚ ਇਹ ਵੀ ਸੰਕੇਤ ਮਿਲੇ ਹਨ ਕਿ ਅਪਰਾਧੀਆਂ ਵੱਲੋਂ ਗੁਆਂਢ ਵਿਚਲੇ ਤਿੰਨ ਹੋਰ ਘਰਾਂ ਨੂੰ ਵੀ ਲੁੱਟਣ ਦੀ ਯੋਜਨਾ ਸੀ।
ਡੀ.ਜੀ.ਪੀ. ਨੇ ਦੱਸਿਆ ਕਿ ਇਸ ਦੀ ਅਗਵਾਈ ਆਈ.ਜੀ.ਪੀ. ਬਾਰਡਰ ਰੇਂਜ (ਅੰਮ੍ਰਿਤਸਰ) ਐਸ.ਪੀ.ਐਸ. ਪਰਮਾਰ ਕਰ ਰਹੇ ਹਨ ਅਤੇ ਇਸ ਵਿੱਚ ਪਠਾਨਕੋਟ ਦੇ ਐਸ.ਐਸ.ਪੀ. ਗੁਲਨੀਤ ਸਿੰਘ ਖੁਰਾਣਾ ਤੇ ਐਸ.ਪੀ. ਇਨਵੈਸਟੀਗੇਸ਼ਨ ਪ੍ਰਭਜੋਤ ਸਿੰਘ ਵਿਰਕ ਅਤੇ ਧਾਰ ਕਲਾਂ (ਪਠਾਨਕੋਟ) ਦੇ ਡੀ.ਐਸ.ਪੀ. ਰਵਿੰਦਰ ਸਿੰਘ ਬਤੌਰ ਮੈਂਬਰ ਹਨ। ਏ.ਡੀ.ਜੀ.ਪੀ. ਕਾਨੂੰਨ ਤੇ ਵਿਵਸਥਾ ਈਸ਼ਵਰ ਸਿੰਘ ਨੂੰ ਹਰ ਰੋਜ ਜਾਂਚ ਦੀ ਨਿਗਰਾਨੀ ਦਾ ਕੰਮ ਸੌਂਪਿਆ ਗਿਆ ਹੈ ਜਦੋਂ ਕਿ ਐਸ.ਪੀ.ਐਸ. ਪਰਮਾਰ ਨੂੰ ਰਾਜ ਵਿੱਚ ਤਾਇਨਾਤ ਕਿਸੇ ਵੀ ਹੋਰ ਪੁਲਿਸ ਅਧਿਕਾਰੀ ਜਾਂ ਅਧਿਕਾਰੀਆਂ ਨੂੰ ਇਸ ਕੇਸ ਦੀ ਜਲਦੀ ਤੋਂ ਜਲਦੀ ਜਾਂਚ ਲਈ ਸ਼ਾਮਲ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।