ਸਿਮਰਨਜੀਤ ਮਾਨ ਨੇ ਕੇਂਦਰ ‘ਤੇ ਨਿਸ਼ਾਨਾ ਸਾਧਿਆ, ਜੱਗੀ ਜੌਹਲ ਅਤੇ ਬੰਦੀ ਸਿੰਘਾਂ ਦੇ ਮਸਲੇ ‘ਤੇ ਚੁੱਕੇ ਸਵਾਲ

Global Team
3 Min Read

ਨਿਊਜ ਡੈਸਕ : ਸਜ਼ਾਵਾਂ ਭੂਰੀਆਂ ਕਰ ਲੈਣ ਬਾਵਜੂਦ ਜੇਲ੍ਹਾਂ ‘ਚ ਬੰਦੀ ਸਿੰਘਾਂ ਦੀ ਰਿਹਾਈ ਲਈ ਜਿੱਥੇ ਸਿੱਖ ਕੌਮ ਸੰਘਰਸ਼ ਕਰ ਰਹੀ ਹੈ ਤਾਂ ਉੱਥੇ ਹੀ ਬਲਾਤਕਾਰੀ ਅਤੇ ਕਾਤਲ ਸਾਧ ਰਾਮ ਰਹੀਮ ਨੂੰ ਵਾਰ ਵਾਰ ਦਿੱਤੀ ਜਾਂਦੀ ਪੈਰੋਲ ‘ਤੇ ਵੀ ਸਵਾਲ ਚੁੱਕੇ ਜਾ ਰਹੇ ਹਨ। ਇਸੇ ਦਰਮਿਆਨ ਹੁਣ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਵੀ ਕੇਂਦਰ ‘ਤੇ ਨਿਸ਼ਾਨਾ ਸਾਧਿਆ ਗਿਆ ਹੈ। ਇਸ ਲਈ ਉਨ੍ਹਾਂ ਜਗਤਾਰ ਸਿੰਘ ਉਰਫ ਜੱਗੀ ਜੌਹਲ ਕੇਸ ਦਾ ਹਵਾਲਾ ਦਿੱਤਾ ਹੈ।

 

ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਜਗਤਾਰ ਸਿੰਘ ਜੱਗੀ ਜੌਹਲ ਨੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਪੰਜ ਸਾਲ ਕੈਦ ਕੱਟੀ ਹੈ ਅਤੇ ਉਹ ਅਜੇ ਵੀ ਅੰਡਰ ਟਰੇਲ ਕੈਦੀ ਹੈ। ਮਾਨ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਅਤੇ ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ਵੀ ਇਸ ਗ੍ਰਿਫਤਾਰੀ ਨੂੰ ਮਨਮਾਨੀ ਦੱਸਿਆ ਹੈ। ਦੂਜੇ ਪਾਸੇ ਗੁਜਰਾਤ ਦੀ ਬੀਬੀ ਬਾਨੋ ਦੇ ਬਲਾਤਕਾਰੀ ਅਤੇ ਕਾਤਲ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ, ਨੂੰ ਸੱਤਾਧਾਰੀ ਕੇਂਦਰ ਦੀ ਮੋਦੀ ਸਰਕਾਰ ਨੇ ਸਮੇਂ ਤੋਂ ਪਹਿਲਾਂ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਹੈ।

 

ਜਿਵੇਂ ਕਿ ਅਸੀਂ ਉੱਪਰ ਜਿਕਰ ਕਰ ਚੁਕੇ ਹਾਂ ਕਿ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਸਵਾਲਉੱਠ ਰਹੇ ਹਨ ਤਾਂ ਇਸ ਮਸਲੇ ‘ਤੇ ਮਾਨ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੱਚਾ ਸੌਦਾ ਮਿਸ਼ਨ ਦਾ ਮੁਖੀ ਰਾਮ ਰਹੀਮ ਜੋ ਬਲਾਤਕਾਰ ਅਤੇ ਕਤਲ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਹੈ, ਨੂੰ ਵੀ ਤਿੰਨ ਵਾਰ ਪੈਰੋਲ ’ਤੇ ਰਿਹਾਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਸੋਚ ਰਹੀ ਹੈ ਕਿ ਕੀ ਪਿਛਲੇ 25 ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਸਿੱਖ ਸਿਆਸੀ ਕੈਦੀਆਂ ਨੂੰ ਕਦੇ ਰਿਹਾਅ ਕੀਤਾ ਜਾਵੇਗਾ? ਮਾਨ ਦਾ ਕਹਿਣਾ ਹੈ ਕਿ “ਮੈਂ ਇੱਕ ਸੰਸਦ ਮੈਂਬਰ ਹਾਂ ਅਤੇ ਇਸ ਸਮੇਂ ਦਿੱਲੀ ਦੇ ਦੌਰੇ ‘ਤੇ ਹਾਂ ਜਿੱਥੇ ਮਹੱਤਵਪੂਰਨ ਸਿੱਖ ਅਤੇ ਕਸ਼ਮੀਰੀ ਕੈਦੀ ਤਿਹਾੜ ਜੇਲ੍ਹ ਵਿੱਚ ਹਨ। ਮੈਂ ਤਿਹਾੜ ਜੇਲ੍ਹ ਦੇ ਅਥਾਰਟੀ ਤੋਂ ਜਥੇਦਾਰ ਜਗਤਾਰ ਸਿੰਘ ਹਵਾਰਾ, ਯਾਸੀਨ ਮਲਿਕ ਅਤੇ ਸ਼ਬੀਰ ਸ਼ਾਹ ਨੂੰ ਮਿਲਣ ਦੀ ਇਜਾਜ਼ਤ ਮੰਗੀ ਸੀ ਪਰ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਮੈਨੂੰ ਜੰਮੂ ਅਤੇ ਕਸ਼ਮੀਰ ਵਿੱਚ ਦਾਖਲ ਹੋਣ ਦੀ ਵੀ ਮਨਾਹੀ ਕਰ ਦਿੱਤੀ ਗਈ ਹੈ ਜਿੱਥੇ ਮਨਮਾਨੇ ਕਾਨੂੰਨਾਂ ਦੇ ਤਹਿਤ ਹਿੰਦੂ ਭਾਰਤੀ ਰਾਜ ਕਸ਼ਮੀਰੀ ਮੁਸਲਮਾਨਾਂ ਵਿਰੁੱਧ ਭਿਆਨਕ ਅਪਰਾਧ ਕਰ ਰਿਹਾ ਹੈ। ਮੈਂ ਇਹ ਜਾਣਕਾਰੀ ਉਨ੍ਹਾਂ ਸਾਰਿਆਂ ਨੂੰ ਦੇਣਾ ਚਾਹੁੰਦਾ ਹਾਂ ਜੋ ਉਪ-ਮਹਾਂਦੀਪ ਦੇ ਲੋਕਾਂ ਦੀ ਭਲਾਈ ਅਤੇ ਮਨੁੱਖੀ ਅਧਿਕਾਰਾਂ ਵਿੱਚ ਦਿਲਚਸਪੀ ਰੱਖਦੇ ਹਨ।”

Share This Article
Leave a Comment