ਲੁਧਿਆਣਾ : ਲੋਕ ਇਨਸਾਫ ਪਾਰਟੀ ਦਿੱਲੀ ਸੰਸਦ ਭਵਨ ਦਾ ਘਿਰਾਓ ਕਰਨ ਜਾ ਰਹੀ ਹੈ। ਇਸ ਦੀ ਜਾਣਕਾਰੀ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਦਿੱਤੀ ਹੈ। ਸਿਮਰਜੀਤ ਬੈਂਸ ਨੇ ਕਿਹਾ ਕਿ 23 ਸਤੰਬਰ ਨੂੰ ਉਹ ਮੋਟਰਸਾਈਕਲ ਰੋਸ ਯਾਤਰਾ ਕੱਢ ਕੇ ਦਿੱਲੀ ਸੰਸਦ ਭਵਨ ਦਾ ਘਿਰਾਓ ਕਰਨਗੇ। ਇਹ ਯਾਤਰਾ ਫ਼ਤਹਿਗੜ੍ਹ ਸਾਹਿਬ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ੁਰੂ ਹੋਵੇਗੀ।
ਸਿਮਰਜੀਤ ਸਿੰਘ ਬੈਂਸ ਨੇ ਇਸ ਦੀ ਜਾਣਕਾਰੀ ਟਵੀਟ ਕਰਦੇ ਹੋਏ ਦਿੱਤੀ। ਉਨ੍ਹਾਂ ਨੇ ਆਪਣੇ ਟਵੀਟ ਵਿਚ ਲਿਖਿਆ ਕਿ – “ਪੰਜਾਬ ਬਚਾਓ ਕਿਸਾਨ ਬਚਾਓ ਰੋਸ ਯਾਤਰ ਤਹਿਤ ਸੰਸਦ ਭਵਨ ਦਿੱਲੀ ਦਾ ਘਿਰਾਓ ਤੇ ਸਤੰਬਰ ਨੂੰ ਕਰੇਗੀ ਲੋਕ ਇਨਸਾਫ ਪਾਰਟੀ।”
ਪੰਜਾਬ ਬਚਾਓ ਕਿਸਾਨ ਬਚਾਓ ਰੋਸ ਯਾਤਰਾ ਤਹਿਤ ਸੰਸਦ ਭਵਨ(ਦਿੱਲੀ) ਦਾ ਘਿਰਾਓ 23 ਸਿਤੰਬਰ ਨੂੰ ਕਰੇਗੀ ਲੋਕ ਇਨਸਾਫ ਪਾਰਟੀ
— Simarjeet Singh Bains (@simarjeet_bains) September 18, 2020
ਪੰਜਾਬ ‘ਚ ਸਕਾਲਰਸ਼ਿਪ ਘੁਟਾਲਾ ਹੋਵੇ ਜਾਂ ਕੇਂਦਰ ਦੇ ਖੇਤੀਬਾੜੀ ਬਿੱਲ ਦਾ ਮੁੱਦਾ ਹੋਵੇ, ਲੋਕ ਇਨਸਾਫ਼ ਪਾਰਟੀ ਲਗਾਤਾਰ ਆਵਾਜ਼ ਉਠਾਉਂਦੀ ਆ ਰਹੀ ਹੈ। ਇਸ ਸਮੇਂ ਸਿਮਰਜੀਤ ਸਿੰਘ ਬੈਂਸ ਕਿਸਾਨਾਂ ਦੇ ਹੱਕਾਂ ਦੀ ਲੜਾਈ ਲੜ ਰਹੇ ਹਨ ਅਤੇ ਲੋਕ ਇਨਸਾਫ ਪਾਰਟੀ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਕਰ ਰਹੀ ਹੈ। ਜਿਸ ਤਹਿਤ ਹੁਣ ਸਿਮਰਜੀਤ ਸਿੰਘ ਬੈਂਸ ਨੇ ਦਿੱਲੀ ਘੇਰਨ ਦਾ ਐਲਾਨ ਕੀਤਾ ਹੈ।