ਸਿੱਖ ਨੌਜਵਾਨ ਰਣਜੀਤ ਸਿੰਘ ਨੂੰ ਮਿਲੀ ਜ਼ਮਾਨਤ

TeamGlobalPunjab
2 Min Read

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਕਮੇਟੀ ਦੇ ਯਤਨਾਂ ਸਦਕਾ ਅੱਜ ਨੌਜਵਾਨ ਰਣਜੀਤ ਸਿੰਘ ਦੀ ਜ਼ਮਾਨਤ ਮਨਜ਼ੂਰ ਹੋ ਗਈ ਹੈ।

ਇਥੇ ਜਾਣਕਾਰੀ ਦਿੰਦਿਆਂ ਸਿਰਸਾ ਤੇ ਕਾਲਕਾ ਨੇ ਦੱਸਿਆ ਕਿ ਰਣਜੀਤ ਸਿੰਘ ਨੁੰ 32 ਹੋਰ ਨੌਜਵਾਨਾਂ ਦੇ ਨਾਲ ਅਲੀਪੁਰ ਪੁਲਿਸ ਥਾਣੇ ਵਿਚ ਦਰਜ ਐਫ ਆਈ ਆਰ ਨੰਬਰ 49/21 ਅਧੀਨ ਧਾਰਾ 307 ਤੇ ਹੋਰ ਸੰਗੀਨ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਜਿਹਨਾਂ ਵਿਚੋਂ 32 ਨੁੰ ਜ਼ਮਾਨਤ ਮਿਲ ਗਈ ਸੀ ਪਰ ਰਣਜੀਤ ਸਿੰਘ ਦੀ ਅੱਜ ਰੋਹਿਣੀ ਦੀ ਸੈਸ਼ਨਜ਼ ਅਦਾਲਤ ਦੇ ਜੱਜ ਜਗਦੀਸ਼ ਕੁਮਾਰ ਨੇ ਜ਼ਮਾਨਤ ਮਨਜ਼ੂਰ ਕੀਤੀ ਹੈ।

ਉਹਨਾਂ ਦੱਸਿਆ ਕਿ ਰਣਜੀਤ ਸਿੰਘ ਦਾ ਕੇਸ ਲੜਨ ਵਾਸਤੇ ਸੀਨੀਅਰ ਐਡਵੋਕੇਟ ਆਰ ਐਸ ਚੀਮਾ ਨੇ ਸਹੀ ਮਾਰਗ ਦਰਸ਼ਨ ਕੀਤਾ ਜਿਸਦੀ ਬਦੌਲਤ ਇਹ ਕੇਸ ਲੜਿਆ ਜਿਸ ਵਿਚ ਜਗਦੀਪ ਸਿੰਘ ਕਾਹਲੋਂ ਚੇਅਰਮੈਨ ਲੀਗਲ ਸੈਲ ਦਿੱਲੀ ਗੁਰਦੁਆਰਾ ਕਮੇਟੀ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਚਾਹਰ, ਜਸਪ੍ਰੀਤ ਰਾਏ, ਜਸਦੀਪ ਸਿੰਘ ਢਿੱਲੋਂ, ਪ੍ਰਤੀਕ ਕੋਹਲੀ, ਸੰਕਲਪ ਕੋਹਲੀ ਅਤੇ ਵਰਿੰਦਰ ਸੰਧੂ ਨੇ ਅਹਿਮ ਰੋਲ ਅਦਾ ਕੀਤਾ। ਉਹਨਾਂ ਦੱਸਿਆ ਕਿ ਬੀਬੀ ਰਵਿੰਦਰ ਕੌਰ ਦਾ ਵੀ ਸਾਰੇ ਕੇਸਾਂ ਦੇ ਲੜਨ ਵਿਚ ਅਹਿਮ ਰੋਲ ਰਿਹਾ ਜਿਹਨਾਂ ਨੇ ਸਾਰੇ ਦਸਤਾਵੇਜ਼ ਤਿਆਰ ਕੀਤੇ।

ਸਿਰਸਾ ਤੇ ਕਾਲਕਾ ਵੱਲੋਂ ਸਾਰੇ ਵਕੀਲਾਂ, ਬੀਬੀ ਰਵਿੰਦਰ ਕੌਰ ਤੇ ਰਣਜੀਤ ਸਿੰਘ ਦੇ ਭਰਾ ਪਰਦੀਪ ਸਿੰਘ ਤੇ ਚਾਚਾ ਸਤਨਾਮ ਸਿੰਘ ਨੁੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ।

- Advertisement -

ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਰਹਿਮਤ ਸਦਕਾ ਰਣਜੀਤ ਸਿੰਘ ਦੀ ਜ਼ਮਾਨਤ ਮਨਜ਼ੂਰ ਹੋਈ ਹੈ ਤੇ ਜਿਹਨਾਂ ਪੁਲਿਸ ਵਾਲਿਆਂ ਨੇ ਰਣਜੀਤ ਸਿੰਘ ‘ਤੇ ਤਸ਼ੱਦਦ ਢਾਹਿਆ, ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ। ਉਹਨਾਂ ਇਹ ਵੀ ਅਪੀਲ ਕੀਤੀ ਕਿ ਅਸੀਂ ਇਕਜੁੱਟ ਰਹੀਏ, ਚੜਦੀਕਲਾ ਵਿਚ ਰਹੀਏ ਤੇ ਜਿਹੜੇ ਸਾਡੇ ਅੰਦਰ ਰਹਿ ਕੇ ਸਾਡਾ ਨੁਕਸਾਨ ਕਰਨਾ ਚਾਹੁੰਦੇ ਹਨ, ਉਹਨਾਂ ਤੋਂ ਸੁਚੇਤ ਰਹੀਏ।

Share this Article
Leave a comment