ਪੰਜਾਬ ਕਾਂਗਰਸ ਦੇ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਲਗਭਗ 5 ਸਾਲਾਂ ਬਾਅਦ ਮੁੜ ਕਾਮੇਡੀਅਨ ਕਪਿਲ ਸ਼ਰਮਾ ਨਾਲ ਸਟੇਜ ਸਾਂਝਾ ਕਰਨ ਜਾ ਰਹੇ ਹਨ। ਉਹ 21 ਜੂਨ, 2025 ਤੋਂ ਨੈੱਟਫਲਿਕਸ ’ਤੇ ਸਟ੍ਰੀਮ ਹੋਣ ਵਾਲੇ ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਦੇ ਤੀਜੇ ਸੀਜ਼ਨ ਵਿੱਚ ਨਜ਼ਰ ਆਉਣਗੇ।
ਨੈੱਟਫਲਿਕਸ ਨੇ ਆਪਣੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, “ਏਕ ਕੁਰਸੀ ਪਾਜੀ ਕੇ ਲਿਏ ਪਲੀਜ਼… ਹਰ ਫਨੀਵਾਰ ਬਢੇਗਾ ਹਮਾਰਾ ਪਰਿਵਾਰ।” ਇਸ ਦੇ ਨਾਲ ਹੀ, ਸਿੱਧੂ ਨੇ ਵੀ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਜਾਰੀ ਕੀਤਾ, ਜਿਸ ਵਿੱਚ “ਦ ਹੋਮ ਰਨ” ਲਿਖਿਆ ਸੀ ਅਤੇ ਕੈਪਸ਼ਨ ਵਿੱਚ ਸੁਨੇਹਾ ਦਿੱਤਾ, “ਸਿੱਧੂ ਜੀ ਵਾਪਸ ਆ ਗਏ ਹਨ।”
ਪਹਿਲਾਂ ਕਿਉਂ ਛੱਡਿਆ ਸੀ ਸ਼ੋਅ?
2019 ਵਿੱਚ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਸਿੱਧੂ ਦੀ ਪਾਕਿਸਤਾਨ ਫੇਰੀ ਅਤੇ ਜਨਰਲ ਬਾਜਵਾ ਨਾਲ ਫੋਟੋ ਨੂੰ ਲੈ ਕੇ ਵਿਵਾਦ ਹੋਇਆ ਸੀ। ਇਸ ਹਮਲੇ ਵਿੱਚ 40 ਭਾਰਤੀ ਸੈਨਿਕ ਸ਼ਹੀਦ ਹੋਏ ਸਨ, ਜਿਸ ਤੋਂ ਬਾਅਦ ਸਿੱਧੂ ਦੀ ਸਖ਼ਤ ਆਲੋਚਨਾ ਹੋਈ ਅਤੇ ਫਿਲਮ ਇੰਡਸਟਰੀ ਦੇ ਕੁਝ ਹਿੱਸਿਆਂ ਨੇ ਨਾਰਾਜ਼ਗੀ ਜਤਾਈ। ਨਤੀਜੇ ਵਜੋਂ, ਸਿੱਧੂ ਨੂੰ ਸ਼ੋਅ ਛੱਡਣਾ ਪਿਆ ਅਤੇ ਉਨ੍ਹਾਂ ਦੀ ਥਾਂ ਅਰਚਨਾ ਪੂਰਨ ਸਿੰਘ ਨੂੰ ਲਿਆਂਦਾ ਗਿਆ।
ਸਿੱਧੂ ਮੁੜ ਅਰਚਨਾ ਨਾਲ ਦਿਖਣਗੇ
ਹੁਣ ਸਿੱਧੂ ਅਤੇ ਅਰਚਨਾ ਦੋਵੇਂ ਇਸ ਸ਼ੋਅ ’ਤੇ ਇਕੱਠੇ ਨਜ਼ਰ ਆਉਣਗੇ। ਸਿੱਧੂ ਪਹਿਲਾਂ ਹੀ ਕਹਿ ਚੁੱਕੇ ਸਨ ਕਿ ਉਹ ਉਦੋਂ ਹੀ ਵਾਪਸ ਆਉਣਗੇ, ਜੇਕਰ ਅਰਚਨਾ ਉਨ੍ਹਾਂ ਨਾਲ ਹੋਵੇ। ਕਪਿਲ ਸ਼ਰਮਾ ਨੇ ਮਜ਼ਾਕ ਵਿੱਚ ਕਿਹਾ, “ਅਰਚਨਾ ਜੀ, ਹੁਣ ਤੁਸੀਂ ਚੁੱਪ ਰਹੋ, ਕਿਉਂਕਿ ਭਾਜੀ ਤੁਹਾਨੂੰ ਬੋਲਣ ਨਹੀਂ ਦੇਣਗੇ।”