ਪਟਿਆਲਾ: ਵਿਵਾਦਿਤ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਬੀਤੇ ਦਿਨੀਂ ਲਾਈਵ ਹੋ ਕੇ ਸੋਸ਼ਲ ਮੀਡੀਆ ‘ਤੇ ਮੀਡੀਆ ਖਿਲਾਫ ਅਪਮਾਨਜਨਕ ਭਾਸ਼ਾ ਵਰਤੀ ਗਈ ਤੇ ਧਮਕੀਆਂ ਦਿੱਤੀਆਂ। ਇਸ ਮਾਮਲੇ ਨੂੰ ਲੈ ਕੇ ਪਟਿਆਲਾ ਮੀਡੀਆ ਕਲੱਬ ਨੇ ਅੱਜ ਐੱਸ.ਐੱਸ.ਪੀ ਮਨਦੀਪ ਸਿੰਘ ਸਿੱਧੂ ਨੂੰ ਮੰਗ ਪੱਤਰ ਦੇ ਕੇ ਮੂਸੇਵਾਲਾ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਮੀਡੀਆ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ ਨੇ ਐਸਐਸਪੀ ਨੂੰ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਨੇ ਵੀਡੀਓ ਵਿਚ ਮੀਡੀਆ ਪ੍ਰਤੀ ਮੰਦੀ ਭਾਸ਼ਾ ਬੋਲੀ ਤੇ ਧਮਕੀਆਂ ਦਿੱਤੀਆਂ। ਇਸ ਵੀਡੀਓ ਦੇ ਆਧਾਰ ‘ਤੇ ਉਸਦੇ ਖਿਲਾਫ ਕੇਸ ਦਰਜ ਕੀਤਾ ਜਾਵੇ ਤੇ ਉਸਨੂੰ ਗ੍ਰਿਫਤਾਰ ਕੀਤਾ ਜਾਵੇ। ਉਹਨਾਂ ਦੱਸਿਆ ਕਿ ਐਸ ਐਸ ਪੀ ਨੇ ਮਾਮਲੇ ਦੀ ਪੂਰੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਹੈ।
ਇਸ ਮੌਕੇ ਕਲੱਬ ਦੇ ਵਫ਼ਦ ‘ਚ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ, ਅਮਨ ਸੂਦ, ਮਨੀਸ਼ ਸਰਹੱਦੀ, ਕਲੱਬ ਦੇ ਸਾਬਕਾ ਪ੍ਰਧਾਨ ਸਰਬਜੀਤ ਸਿੰਘ ਭੰਗੂ ਤੇ ਰਵੇਲ ਸਿੰਘ ਭਿੰਡਰ ਸਮੇਤ ਪਰਮੀਤ ਸਿੰਘ, ਨਵਦੀਪ ਸਿੰਘ ਢੀਂਗਰਾ, ਚੰਦਨ ਸਵਪਨਿਲ, ਭਾਰਤ ਭੂਸ਼ਨ, ਇੰਦਰਜੀਤ ਸਿੰਘ ਬਖ਼ਸ਼ੀ, ਕਮਰਇੰਦਰ ਸਿੰਘ, ਸੁੰਦਰ ਸ਼ਰਮਾ, ਅਮਰਜੀਤ ਸਿੰਘ ਸਰਤਾਜ, ਅਮਨਦੀਪ ਸਿੰਘ, ਵਰੁਨ ਸੈਣੀ ਤੇ ਮੋਹਨ ਲਾਲ ਆਦਿ ਸ਼ਾਮਲ ਸਨ।