ਅੰਮ੍ਰਿਤਸਰ: ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮੌਜੂਦਾ ਸਮੇਂ ਦੌਰਾਨ ਸਿੱਖ ਕੌਮ ਅਤੇ ਪੰਜਾਬ ਦੇ ਖਿਲਾਫ ਮੀਡੀਆ ਰਾਹੀਂ ਸਿਰਜੇ ਗਏ ਝੂਠੇ ਬਿਰਤਾਂਤ ਦੇ ਚਲਦਿਆਂ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਪੰਜਾਬ ਅਤੇ ਪੰਥ ਪ੍ਰਸਤ ਪੱਤਰਕਾਰਾਂ ਦੀ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਜਿਸ ਤਰ੍ਹਾਂ ਕੇ ਮੌਜੂਦਾ ਸਮੇਂ ਦੌਰਾਨ ਵਾਪਰ ਰਹੇ ਵਰਤਾਰਿਆਂ ਨੂੰ ਅਧਾਰ ਬਣਾ ਕੇ ਸਰਕਾਰ ਵੱਲੋਂ ਭੈ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਉੱਥੇ ਨਾਲ ਹੀ ਸਰਕਾਰੀ ਜਬਰ ਦੇ ਖਿਲਾਫ ਅਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰਾਂ ਅਤੇ ਉਨ੍ਹਾਂ ਦੇ ਚੈੱਨਲਾਂ ਨੂੰ ਸਰਕਾਰ ਵੱਲੋਂ ਬੈਨ ਕੀਤਾ ਜਾ ਰਿਹਾ ਹੈ। ਇਸ ਮਸਲੇ ਉੱਪਰ ਗੰਭੀਰਤਾ ਨਾਲ ਵਿਚਾਰ ਕਰਨ ਲਈ ਸੱਦੀ ਇਸ ਵਿਸ਼ੇਸ਼ ਇਕੱਤਰਤਾ ਵਿੱਚ ਜਿੱਥੇ ਸਿੰਘ ਸਾਹਿਬ ਵੱਲੋਂ ਪੀੜਤ ਪੱਤਰਕਾਰ ਧਿਰਾਂ ਨਾਲ ਖੜਨ ਦਾ ਦ੍ਰਿੜ ਇਰਾਦਾ ਪ੍ਰਗਟ ਕੀਤਾ ਗਿਆ ਉੱਥੇ ਨਾਲ ਹੀ ਸਰਕਾਰ ਨੂੰ ਇਸ ਜਬਰ ਪ੍ਰਤੀ ਚੇਤਾਵਨੀ ਵੀ ਦਿੱਤੀ ਗਈ ਹੈ।
ਇਸ ਇਕੱਤਰਤਾ ਵਿੱਚ ਬੋਲਦਿਆਂ ਉੱਘੇ ਪੱਤਰਕਾਰ ਹਮੀਰ ਸਿੰਘ ਵੱਲੋਂ ਬੋਲਦਿਆਂ ਕਿਹਾ ਗਿਆ ਕਿ ਜਿਸ ਤਰੀਕੇ ਅੱਜ ਵਿਰਤਾਂਤ ਸੂਬੇ ਅੰਦਰ ਸਿਰਜੇ ਜਾ ਰਹੇ ਹਨ ਇਸੇ ਤਰੀਕੇ ਡਰ ਅਤੇ ਸਹਿਮ ਦਾ ਮਾਹੌਲ 1984 ਵਿੱਚ ਵੀ ਸਰਕਾਰ ਵੱਲੋਂ ਪੈਦਾ ਕੀਤਾ ਗਿਆ ਸੀ।
ਇਸ ਇਕੱਤਰਤਾ ਦੌਰਾਨ ਹਰਿਆਣਾ ਤੋਂ ਉੱਘੇ ਪੱਤਰਕਾਰ ਮਨਦੀਪ ਪੂਨੀਆਂ ਜੀ ਪਹੁੰਚੇ। ਉਨ੍ਹਾਂ ਬੋਲਦਿਆਂ ਨੈਸ਼ਨਲ ਮੀਡੀਆ ਦਾ ਹਵਾਲਾ ਦਿੰਦਿਆਂ ਕਿਹਾ ਕਿ ਜ਼ਮੀਨੀ ਹਕੀਕਤ ਤੋਂ ਜਾਣੂ ਹੋਏ ਬਿਨਾਂ ਅੱਜ ਸਮਾਜ ਅੰਦਰ ਕਈ ਅਜਿਹੇ ਨੈਰੇਟਿਵ ਸਿਰਜੇ ਜਾਂਦੇ ਹਨ ਜਿਹੜੇ ਕਿ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹੁੰਦੇ ਹਨ। ਇਸੇ ਤਰੀਕੇ ਜਸਪਾਲ ਸਿੰਘ ਵੱਲੋਂ ਵੀ ਪੱਤਰਕਾਰਾਂ ਦੇ ਬਿਆਨਾਂ ਨਾਲ ਸਹਿਮਤੀ ਪ੍ਰਗਟਾਈ ਗਈ। ਉਨ੍ਹਾਂ ਬੋਲਦਿਆਂ ਕਿਹਾ ਕਿ ਇਸੇ ਤਰੀਕੇ 1984 ‘ਚ ਮੀਡੀਆ ਦੀ ਅਵਾਜ਼ ਨੂੰ ਦਬਾਇਆ ਗਿਆ ਸੀ । ਇਸ ਮੌਕੇ ਪ੍ਰਸਿੱਧ ਪੱਤਰਕਾਰ ਪਰਮਿੰਦਰਪਾਲ ਸਿੰਘ ਦਿੱਲੀ ਵੱਲੋਂ ਬੋਲਦਿਆਂ ਕਿਹਾ ਗਿਆ ਕਿ ਨੈਸ਼ਨਲ ਮੀਡੀਆ ਵੱਲੋਂ ਜਿਸ ਤਰੀਕੇ ਦਾ ਬਿਰਤਾਂਤ ਪੰਜਾਬ ਦੇ ਖਿਲਾਫ ਸਿਰਜਿਆ ਜਾ ਰਿਹਾ ਹੈ ਇਹ ਮੰਦਭਾਗਾ ਹੈ।
ਦੂਰਦਰਸ਼ਨ ਅੰਦਰ ਲੰਮਾਂ ਸਮਾਂ ਬਤੌਰ ਐਂਕਰ ਸੇਵਾਵਾਂ ਨਿਭਾਉਣ ਵਾਲੇ ਬੀਬੀ ਰਮਨਜੀਤ ਕੌਰ ਵੱਲੋਂ ਬੋਲਦਿਆਂ ਆਪਣੇ ਜਜਬਾਤਾਂ ਦੀ ਸਾਂਝ ਪਾਉਂਦਿਆਂ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਪਰਦਾਫਾਸ਼ ਕੀਤਾ ਗਿਆ। ਇਸ ਉਪਰੰਤ ਸਰਕਾਰੀ ਧੱਕੇਸ਼ਾਹੀ ਦਾ ਸ਼ਿਕਾਰ ਹੋ ਚੁਕੇ ਜਗਦੀਪ ਸਿੰਘ ਥਲੀ ਵੱਲੋਂ ਵਿਚਾਰਾਂ ਦੀ ਸਾਂਝ ਪਾਉਂਦਿਆਂ ਦੱਸਿਆ ਗਿਆ ਕਿ ਪੰਜਾਬ ਪੱਖੀ ਪੱਤਰਕਾਰਾਂ ਨੂੰ ਆਰਥਿਕ ਅਤੇ ਮਾਨਸਿਕ ਤਸ਼ੱਦਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਜਸਪਾਲ ਸਿੰਘ ਹੇਰਾਂ ਨੇ ਬੋਲਦਿਆਂ ਕਿਹਾ ਕਿ ਅੱਜ ਦੇ ਸਮੇਂ ਅੰਦਰ ਨਵੇਂ ਪੱਤਰਕਾਰਾਂ ਨੂੰ ਆਪਣੇ ਖੇਤਰ ਵਿੱਚ ਨਿਪੁੰਨ ਕਰਨ ਲਈ ਅਜਿਹੇ ਸੈਮੀਨਰ ਆਯੋਜਿਤ ਕੀਤੇ ਜਾਣ। ਸਤਨਾਮ ਸਿੰਘ ਮਾਨਕ ਨੇ ਕਿਹਾ ਕਿ ਅਜੋਕੇ ਸਮੇਂ ਅੰਦਰ ਸਰਕਾਰਾਂ ਮੀਡੀਏ ਉੱਪਰ ਦਬਾਅ ਬਣਾਉਣ ਲਈ ਹਰ ਤਰ੍ਹਾਂ ਦੇ ਘਟੀਆ ਹਥਕੰਡੇ ਅਪਣਾ ਰਹੀਆਂ ਹਨ। ਜਿਸ ਦਾ ਸ਼ਿਕਾਰ ਅਜੀਤ ਵਰਗੇ ਅਖਬਾਰ ਸਮੂਹ ਨੂੰ ਵੀ ਹੋਣਾ ਪੈ ਰਿਹਾ ਹੈ।ਉਹਨਾਂ ਬੋਲਦਿਆਂ ਕਿਹਾ ਕਿ ਸੰਘੀ ਢਾਂਚੇ ਬਿਨਾ ਭਾਰਤ ਦਾ ਵਜੂਦ ਨਹੀਂ ਬਚੇਗਾ।
ਇਸ ਮੌਕੇ ਉੱਘੇ ਪੱਤਰਕਾਰ ਹਰਪ੍ਰੀਤ ਸਿੰਘ ਸਾਹਨੀ ਨੇ ਬੋਲਦਿਆਂ ਕਿਹਾ ਕਿ ਪਿਛਲੇ ਦਿਨੀ ਪੰਜਾਬ ਅੰਦਰ ਜਿਸ ਤਰੀਕੇ ਦੇ ਬਿਰਤਾਂਤ ਸਿਰਜੇ ਗਏ ਉਸ ਪਿੱਛੇ ਇੱਕ ਘਟੀਆ ਮਾਨਸਿਕਤਾ ਕੰਮ ਕਰ ਰਹੀ ਹੈ। ਉਨ੍ਹਾਂ ਨੈਸ਼ਨਲ ਮੀਡੀਆ ਦਾ ਪਰਦਾਫਾਸ਼ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਖੰਨਾਂ ਦੇ ਐੱਸ.ਐੱਸ.ਪੀ. ਵੱਲੋਂ ਸਿੱਖ ਰਾਜ ਦੇ ਝੰਡਿਆਂ ਬਾਬਤ ਦਿੱਤੀ ਗਈ ਗਲਤ ਜਾਣਕਾਰੀ ਨੂੰ ਅਧਾਰ ਬਣਾ ਕੇ ਅੱਜ ਨੈਸ਼ਨਲ ਮੀਡੀਆ ਦੇਸ਼ ਦੁਨੀਆਂ ਅੰਦਰ ਕਿਸ ਤਰੀਕੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸ ਤੋਂ ਸਿੱਖ ਕੌਮ ਨੂੰ ਸੁਚੇਤ ਹੋਣਾ ਚਾਹੀਦਾ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ‘ਚ ਇੱਕਜੁੱਟ ਹੋਣਾ ਚਾਹੀਦਾ ਹੈ।ਇਸ ਮੌਕੇ ਜਸਪਾਲ ਸਿੰਘ ਸਿੱਧੂ ਜੀ ਨੇ ਬੋਲਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਇਹ ਇਕੱਤਰਤਾ ਸੱਦੀ ਗਈ ਹੈ ਇਹ ਵਾਕਿਆ ਹੀ ਕੌਮ ਲਈ ਬਹੁਤ ਵਧੀਆ ਉਪਰਾਲਾ ਹੈ ਇਸ ਤਰੀਕੇ ਦੀਆਂ ਇਕੱਤਰਤਾਵਾਂ ਲਗਾਤਾਰ ਹੋਣੀਆਂ ਚਾਹੀਦੀਆਂ ਹਨ।
ਪੰਜਾਬ ਪੰਜਾਬੀਅਤ ਪ੍ਰਤੀ ਦਰਦ ਰੱਖਣ ਵਾਲੇ ਨਾਮੀ ਪੱਤਰਕਾਰ ਦੀਪਕ ਚਨਾਰਥਲ ਨੇ ਬੋਲਦਿਆਂ ਕਿਹਾ ਕਿ ਅੱਜ ਸਿਰਫ ਪੱਤਰਕਾਰਾਂ ਦੀ ਅਵਾਜ਼ ਹੀ ਦਬਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਬਲਕਿ ਪੰਜਾਬ ਦੀ ਅਵਾਜ਼ ਦਬਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਇਕੱਤਰਤਾ ‘ਚ ਇੰਨੀ ਵੱਡੀ ਗਿਣਤੀ ‘ਚ ਪੱਤਰਕਾਰਾਂ ਦਾ ਸ਼ਮੂਲੀਅਤ ਕਰਨਾ ਸਰਕਾਰ ਨੂੰ ਚੇਤਾਵਨੀ ਹੈ ਕਿ ਅਸੀਂ ਅਨਿਆਂ ਦੇ ਖਿਲਾਫ ਅਵਾਜ਼ ਬੁਲੰਦ ਕਰਦੇ ਰਹਾਂਗੇ ਫਿਰ ਭਾਵੇਂ ਉਸ ਲਈ ਸਾਨੂੰ ਆਪਣੀ ਜਾਨ ਵੀ ਕੁਰਬਾਨ ਕਿਉਂ ਨਾ ਕਰਨੀ ਪਵੇ।
ਜਗਤਾਰ ਸਿੰਘ ਭੁੱਲਰ ਨੇ ਇਸ ਮੌਕੇ ਬੋਲਦਿਆਂ ਕਿਹਾ ਤਤਕਾਲੀ ਸਰਕਾਰਾਂ ਹਮੇਸ਼ਾ ਪੱਤਰਕਾਰਾਂ ਦੀਆਂ ਅਵਾਜ਼ਾਂ ਦਬਾਉਂਦੀਆਂ ਰਹੀਆਂ ਹਨ। ਪਰ ਲੋੜ ਹੈ ਕਿ ਇਸ ਸਰਕਾਰੀ ਤਸ਼ੱਦਦ ਦਾ ਅਸੀਂ ਡਟ ਕੇ ਸਾਹਮਣਾ ਕਰੀਏ। ਇਸੇ ਤਰ੍ਹਾਂ ਸੰਦੀਪ ਸਿੰਘ ਨੇ ਬੋਲਦਿਆਂ ਕਿਹਾ ਕਿ ਅੱਜ ਮੀਡੀਆ ਅਦਾਰਿਆਂ ਵੱਲੋਂ ਬਿਨਾਂ ਕਿਸੇ ਅਧਾਰ ‘ਤੇ ਖਬਰ ਨੂੰ ਪ੍ਰਕਾਸ਼ਿਤ ਕਰ ਦਿੱਤਾ ਜਾਂਦਾ ਹੈ ਪਰ ਸਰਕਾਰੀ ਤੰਤਰ ਸਭ ਕੁਝ ਜਾਣਦੇ ਹੋਏ ਵੀ ਚੁੱਪ ਰਹਿੰਦਾ ਹੈ । ਸੰਦੀਪ ਸਿੰਘ ਹੁਰਾਂ ਦੇ ਬਿਆਨ ‘ਤੇ ਸਹਿਮਤੀ ਪ੍ਰਗਟਾਉਂਦਿਆਂ ਗੰਗਵੀਰ ਸਿੰਘ ਰਾਠੌੜ ਨੇ ਤੱਥਾਂ ਸਮੇਤ ਦੱਸਿਆ ਕਿ ਕਿਸ ਤਰੀਕੇ ਨੈਸ਼ਨਲ ਮੀਡੀਆ ਝੂਠੇ ਬਿਰਤਾਂਤ ਖੜ੍ਹੇ ਕਰਦਾ ਹੈ। ਇਸ ਮੌਕੇ ਨੈਸ਼ਨਲ ਮੀਡੀਆ ਵੱਲੋਂ ਵਾਰ ਵਾਰ ਸਿੱਖ ਕੌਮ ਖਿਲਾਫ ਵੱਖਵਾਦੀ ਕਹਿ ਕੇ ਸਿਰਜੇ ਜਾ ਰਹੇ ਬਿਰਤਾਂਤ ਦਾ ਪਰਦਾਫਾਸ਼ ਕਰਦਿਆਂ ਕਿਹਾ ਕਿ ਵੱਖਵਾਦੀ ਵਾਲਾ ਰਵੱਈਆ ਸਿੱਖ ਕੌਮ ਨਹੀਂ ਬਲਕਿ ਸਰਕਾਰ ਅਪਣਾ ਰਹੀ ਹੈ। ਜਿਸ ਵੱਲੋਂ ਹਰ ਵਾਰ ਪੰਜਾਬ ਪੰਜਾਬੀਅਤ ਦੇ ਅਧਿਕਾਰਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ।
ਵਿਦੇਸ਼ ਅੰਦਰ ਨਾਮੀ ਅਦਾਰੇ ਸੰਗਤ ਟੀ.ਵੀ. ਵੱਲੋਂ ਪਹੁੰਚੇ ਗੁਰਪ੍ਰੀਤ ਸਿੰਘ ਜੀ ਵੱਲੋਂ ਕਿਹਾ ਗਿਆ ਕਿ ਅੱਜ ਸਿੱਖ ਕੌਮ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਵਿਦੇਸ਼ ਅੰਦਰ ਦਸਤਾਰ ਦੇ ਸਤਿਕਾਰ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਅੱਜ ਆਪਣਿਆਂ ਵੱਲੋਂ ਹੀ ਸਾਨੂੰ ਦੂਜੇ ਦਰਜੇ ਦੇ ਸ਼ਹਿਰੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਮੇਜਰ ਸਿੰਘ ਨੇ ਇਸ ਮੌਕੇ ਸਰਕਾਰੀ ਤਸ਼ੱਦਦ ਨੂੰ ਬਿਆਨ ਕਰਦਿਆਂ ਦੱਸਿਆ ਕਿ ਅੱਜ ਜਿਸ ਤਰੀਕੇ ਸਹਿਮ ਦਾ ਮਾਹੌਲ ਪੱਤਰਕਾਰਾਂ ਦੇ ਘਰਾਂ ਅੰਦਰ ਬਣਾਇਆ ਜਾ ਰਿਹਾ ਹੈ ਇਹ ਨਵੇਂ ਪੱਤਰਕਾਰਾਂ ਨੂੰ ਇਸ ਪੇਸ਼ੇ ਤੋਂ ਦੂਰ ਕਰਨ ਦੀ ਵੀ ਸਾਜ਼ਿਸ਼ ਹੈ। ਮੇਜਰ ਸਿੰਘ ਹੁਰਾਂ ਦੇ ਬਿਆਨ ਨਾਲ ਸਹਿਮਤੀ ਪ੍ਰਗਟਾਉਂਦਿਆਂ ਪ੍ਰੀਤ ਸੈਣੀ ਨੇ ਬੀਤੇ ਦਿਨੀਂ ਆਪਣੇ ‘ਤੇ ਹੋਏ ਤਸ਼ੱਦਦ ਨੂੰ ਬਿਆਨ ਕੀਤਾ।
ਉਪਰੋਕਤ ਬੁਲਾਰਿਆਂ ਤੋਂ ਬਾਅਦ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਤਤਕਾਲੀ ਹਾਲਾਂਤਾਂ ਦੀ ਸਾਂਝ ਪਾਉਂਦਿਆਂ ਐਲਾਨ ਕੀਤਾ ਗਿਆ ਕਿ ਅੱਜ ਜਿਸ ਸਮੇਂ ਸੱਚ ਦੀ ਅਵਾਜ਼ ਨੂੰ ਦਬਾਇਆ ਜਾ ਰਿਹਾ ਹੈ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਪੀੜਤਾਂ ਦੇ ਮੋਡੇ ਨਾਲ ਮੋਡਾ ਜ਼ੋੜ ਕੇ ਖੜ੍ਹਿਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਲੋਕ ਟੈਂਕ ਚੜ੍ਹਾਉਣ ਤੋਪਾਂ ਚੜ੍ਹਾਉਂਣ ਸ੍ਰੀ ਅਕਾਲ ਤਖਤ ਸਾਹਿਬ ਅਨਿਆਂ ਦੇ ਖਿਲਾਫ ਅਵਾਜ਼ ਬੁਲੰਦ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਅੱਜ ਜਾਣ ਬੁੱਝ ਕੇ ਪੰਜਾਬ ਅੰਦਰ ਸਹਿਮ ਦਾ ਮਾਹੌਲ ਬਣਾਇਆ ਜਾ ਰਿਹਾ ਹੈ।
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸੰਗਤ ਨੂੰ ਆਦੇਸ਼ ਕਰਦਿਆਂ ਕਿਹਾ ਕਿ ਖਾਲਸਾ ਪ੍ਰਗਟ ਦਿਵਸ ਵਿਸਾਖੀ ਮੌਕੇ ਵੱਡੀ ਗਿਣਤੀ ‘ਚ ਸੰਗਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਤਾਂ ਜੋ ਸਰਕਾਰਾਂ ਨੂੰ ਕੌਮ ਦੀ ਸੰਗਠਿਤ ਸ਼ਕਤੀ ਦਾ ਅਹਿਸਾਸ ਹੋਵੇ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਕੋਈ ਵੀ ਮਸਲਾ ਵਿਵਾਦ ਨਾਲ ਨਹੀਂ ਬਲਕਿ ਸੰਵਾਦ ਨਾਲ ਹੱਲ ਹੁੰਦਾ ਹੈ ਅਤੇ ਸਰਕਾਰਾਂ ਨੂੰ ਪਹਿਲ ਕਰਨੀ ਚਾਹੀਦੀ ਹੈ ਕਿ ਉਹ ਸਿੱਖ ਕੌਮ ਨਾਲ ਸੰਵਾਦ ਕਰਨ ਅਤੇ ਜਿਹੜੀਆਂ ਧੱਕਸ਼ਾਹੀਆਂ ਸਿੱਖ ਕੌਮ ਨਾਲ ਹੋਈਆਂ ਹਨ ਉਨ੍ਹਾਂ ਨੂੰ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 75 ਸਾਲਾਂ ‘ਚ ਸਰਕਾਰਾਂ ਨੇ ਸਿੱਖ ਕੌਮ ਨਾਲ 75 ਤੋਂ ਵੱਧ ਅਹਿਮ ਵਾਅਦੇ ਕੀਤੇ ਪਰ ਅਫਸੋਸ ਪੂਰਾ ਇੱਕ ਵੀ ਨਹੀਂ ਕੀਤਾ।
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਐਲਾਨ ਕਰਦਿਆਂ ਕਿਹਾ ਕਿ ਅੱਜ ਜਿਸ ਸਮੇਂ ਸਿੱਖ ਕੌਮ ਖਿਲਾਫ ਝੂਠੇ ਬਿਰਤਾਂਤ ਸਿਰਜੇ ਜਾ ਰਹੇ ਹਨ ਇਹ ਐਂਟੀ ਸਿੱਖ ਫੋਬੀਆ (ਸਿੱਖ ਵਿਰੋਧੀ ਨਜ਼ਰੀਆ) ਹੈ ਅਤੇ ਇਸ ਨੂੰ ਰੋਕਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਸਿੰਘ ਸਾਹਿਬ ਜੀ ਨੇ ਬੋਲਦਿਆਂ ਕਿਹਾ ਕਿ ਅਜਿਹੇ ਸੈਮੀਨਰ ਹੁਣ ਲਗਾਤਾਰ ਹੁੰਦੇ ਰਣਿਗੇ। ਇਸ ਮੌਕੇ ਜਥੇਦਾਰ ਜੀ ਨੇ ਬੀਤੇ ਦਿਨੀਂ ਸ਼੍ਰੋਮਣੀ ਗੁ. ਪ੍ਰ. ਕਮੇਟੀ ਨੂੰ ਕੀਤੇ ਗਏ ਆਦੇਸ਼ ਅਤੇ ਉਸ ਆਦੇਸ਼ ਨੂੰ ਪੂਰਤੀ ਨਾ ਹੋਣ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਮੰਦਭਾਗਾ ਹੈ। ਸਿੰਘ ਸਾਹਿਬ ਜੀ ਨੇ ਕਿਹਾ ਕਿ ਤੁਰੰਤ ਪ੍ਰਭਾਵ ਅਧੀਨ ਸ਼੍ਰੋਮਣੀ ਕਮੇਟੀ ਨੂੰ ਉਨ੍ਹਾਂ ਵਿਅਕਤੀਆਂ ਖਿਲਾਫ ਪਰਚੇ ਦਰਜ਼ ਕਰਵਾਉਣੇ ਚਾਹੀਦੇ ਹਨ ਜਿਨ੍ਹਾਂ ਵੱਲੋਂ ਸਿੱਖ ਕੌਮ ਖਿਲਾਫ ਝੂਠਾ ਪ੍ਰਚਾਰ ਕੀਤਾ ਗਿਆ ਅਤੇ ਝੂਠੇ ਵਿਰਤਾਂਤ ਸਿਰਜੇ ਗਏ।ਸਟੇਜ ਦੀ ਸੇਵਾ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ ਦੇ ਮੁਖੀ ਭਾਈ ਪਰਮਪਾਲ ਸਿੰਘ ਸਭਰਾ ਨੇ ਨਿਭਾਈ।