ਖ਼ਾਲਸਾ ਸਾਜਣਾ ਦਿਵਸ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ

Global Team
2 Min Read

ਅੰਮ੍ਰਿਤਸਰ: ਖ਼ਾਲਸਾ ਸਾਜਣਾ ਦਿਵਸ (ਵਿਸਾਖੀ) ਮੌਕੇ ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1942 ਸਿੱਖ ਸ਼ਰਧਾਲੂਆਂ ਦਾ ਜਥਾ ਖ਼ਾਲਸਾਈ ਜੈਕਾਰਿਆਂ ਦੀ ਗੂੰਜ ’ਚ ਰਵਾਨਾ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦਫਤਰ ਤੋਂ ਰਵਾਨਗੀ ਕਰਨ ਸਮੇਂ ਜਥੇ ਦੀ ਅਗਵਾਈ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਜੰਗ ਬਹਾਦਰ ਸਿੰਘ, ਡਿਪਟੀ ਲੀਡਰ ਮੈਂਬਰ ਬੀਬੀ ਜੋਗਿੰਦਰ ਕੌਰ ਬਠਿੰਡਾ, ਅੰਤ੍ਰਿੰਗ ਮੈਂਬਰ ਰਵਿੰਦਰ ਸਿੰਘ ਖ਼ਾਲਸਾ, ਮੈਂਬਰ ਬੀਬੀ ਜਸਪਾਲ ਕੌਰ, ਰਾਮਪਾਲ ਸਿੰਘ ਬਹਿਣੀਵਾਲ, ਮੀਤ ਸਕੱਤਰ ਗੁਰਚਰਨ ਸਿੰਘ ਕੋਹਾਲਾ, ਮੈਨੇਜਰ ਸਤਨਾਮ ਸਿੰਘ ਰਿਆੜ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਓਐਸਡੀ ਸਤਬੀਰ ਸਿੰਘ ਧਾਮੀ, ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਤੇ ਹੋਰ ਅਧਿਕਾਰੀਆਂ ਨੇ ਸਿਰੋਪਾਓ ਅਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਦਿੱਤਾ।

ਇਸ ਮੌਕੇ ਗੱਲਬਾਤ ਕਰਦਿਆਂ ਜਥੇ ਦੇ ਆਗੂ ਜੰਗ ਬਹਾਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਅੰਦਰ ਸਥਿਤ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਹਰ ਸਿੱਖ ਦੇ ਮਨ ਅੰਦਰ ਤਾਂਘ ਹੁੰਦੀ ਹੈ ਅਤੇ ਦਰਸ਼ਨ ਲਈ ਸਮਾਂ ਮਿਲਣ ਤੇ ਸਿੱਖ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰਦੇ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਉਨ੍ਹਾਂ ਨੂੰ ਜਥੇ ਦੀ ਅਗਵਾਈ ਸੌਂਪਣ ਲਈ ਧੰਨਵਾਦ ਕੀਤਾ।

ਜਥਾ ਰਵਾਨਾ ਕਰਨ ਸਮੇਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਜਥਾ ਪਾਕਿਸਤਾਨ ਵਿਖੇ ਖਾਲਸਾ ਸਾਜਣਾ ਦਿਵਸ ਵਿਸਾਖੀ ਸਬੰਧੀ ਹੋਣ ਵਾਲੇ ਸਮਾਗਮਾਂ ਵਿਚ ਸ਼ਮੂਲੀਅਤ ਕਰੇਗਾ। ਇਹ ਜਥਾ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨਅਬਦਾਲ, ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਸੱਚਾ ਸੌਦਾ ਸਾਹਿਬ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ ਲਾਹੌਰ, ਗੁਰਦੁਆਰਾ ਰੋੜੀ ਸਾਹਿਬ ਏਮਨਾਬਾਦ ਦੇ ਦਰਸ਼ਨ ਕਰਕੇ 19 ਅਪ੍ਰੈਲ ਨੂੰ ਇਹ ਜਥਾ ਵਾਪਸ ਭਾਰਤ ਪਰਤੇਗਾ। ਸ਼੍ਰੋਮਣੀ ਕਮੇਟੀ ਸਕੱਤਰ ਨੇ ਖੁੱਲ੍ਹਦਿੱਲੀ ਨਾਲ ਵੀਜ਼ੇ ਦੇਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪਾਕਿਸਤਾਨ ਸਰਕਾਰ ਅਤੇ ਦੂਤਾਵਾਸ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਅੱਗੇ ਵੀ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਵੀਜ਼ੇ ਦੇਣ ਦੀ ਆਸ ਪ੍ਰਗਟਾਈ।

Share This Article
Leave a Comment