ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਬਜਟ ਸੈਸ਼ਨ ਦੌਰਾਨ ਆਰਐੱਸਐੱਸ ਦੇ ਖ਼ਿਲਾਫ਼ ਪਾਸ ਕੀਤੇ ਗਏ ਮਤੇ ਨੂੰ ਲੈ ਕੇ ਮਾਮਲਾ ਭੱਖ ਚੁੱਕਿਆ ਹੈ। ਸ਼੍ਰੋਮਣੀ ਕਮੇਟੀ ਨੇ ਆਪਣੇ ਮਤੇ ਵਿੱਚ ਕਿਹਾ ਸੀ ਕਿ ਆਰਐਸਐਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੀ ਹੋਈ ਹੈ ਅਤੇ ਦੂਸਰੇ ਧਰਮਾਂ ਦੇ ਲੋਕਾਂ ਨੂੰ ਡਰਾਉਣ ਧਮਕਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਐੱਸਜੀਪੀਸੀ ਦੇ ਇਸ ਮਤੇ ਨੂੰ ਲੈ ਕੇ ਬੀਜੇਪੀ ਅਤੇ ਸ਼੍ਰੋਮਣੀ ਕਮੇਟੀ ਆਹਮੋ ਸਾਹਮਣੇ ਹੋ ਗਏ ਹਨ। ਬੀਜੇਪੀ ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਹੈ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਐੱਸਜੀਪੀਸੀ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਅਜਿਹੇ ਮਤੇ ਸਾਹਮਣੇ ਲਿਆ ਰਹੀ ਹੈ।
ਜਦਕਿ ਸ਼੍ਰੋਮਣੀ ਕਮੇਟੀ ਸਿੱਖਾਂ ਵਿੱਚ ਹੋ ਰਹੇ ਧਰਮ ਪਰਿਵਰਤਨ ਨੂੰ ਨਹੀਂ ਰੋਕ ਸਕੀ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਲਜ਼ਾਮ ਲਗਾਇਆ ਕਿ ਆਰਐਸਐਸ ਦੇਸ਼ ‘ਚ ਘੱਟ ਗਿਣਤੀ ਦੇ ਧਰਮਾਂ ਵਿੱਚ ਦਖ਼ਲ ਦੇ ਕੇ ਉਨ੍ਹਾਂ ਨੂੰ ਕਮਜ਼ੋਰ ਕਰ ਰਹੀ ਹੈ।