ਸ਼ਿਮਲਾ: ਸ਼ਿਮਲਾ ਦੇ ਪ੍ਰਸਿੱਧ ਬਿਸ਼ਪ ਕਾਟਨ ਸਕੂਲ (BCS) ਦੇ ਤਿੰਨ 6ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇੱਕ ਖਤਰਨਾਕ ਅਗਵਾਕਾਰ ਨੇ ਗੱਡੀ ਵਿੱਚ ਲਿਫਟ ਦੇਣ ਦਾ ਲਾਲਚ ਦੇ ਕੇ ਅਗਵਾ ਕਰ ਲਿਆ। ਪੁਲਿਸ ਦੇ ਸੂਤਰਾਂ ਅਨੁਸਾਰ, ਅਗਵਾਕਾਰ ਸੁਮਿਤ ਸੂਦ ਨੇ ਬੱਚਿਆਂ ਨੂੰ ਬੰਦੂਕ ਅਤੇ ਚਾਕੂ ਨਾਲ ਡਰਾਇਆ ਅਤੇ ਉਨ੍ਹਾਂ ਦੀਆਂ ਅੱਖਾਂ ’ਤੇ ਪੱਟੀਆਂ ਤੇ ਮੂੰਹ ’ਤੇ ਟੇਪ ਲਗਾਈ। ਸੁਮਿਤ, ਜੋ ਸ਼ੇਅਰ ਮਾਰਕੀਟ ਵਿੱਚ ਲੱਖਾਂ ਰੁਪਏ ਹਾਰ ਚੁੱਕਾ ਸੀ, ਨੇ ਕਰਜ਼ੇ ਤੋਂ ਬਚਣ ਲਈ ਫਿਰੌਤੀ ਦੀ ਸਾਜ਼ਿਸ਼ ਰਚੀ। ਸ਼ਿਮਲਾ ਪੁਲਿਸ ਨੇ ਸੀਸੀਟੀਵੀ, ਫੋਨ ਰਿਕਾਰਡ ਅਤੇ ਵਰਚੁਅਲ ਨੰਬਰ ਦੀ ਮਦਦ ਨਾਲ 24 ਘੰਟਿਆਂ ਵਿੱਚ ਅਗਵਾਕਾਰ ਨੂੰ ਕਾਬੂ ਕਰ ਕੇ ਬੱਚਿਆਂ ਨੂੰ ਸੁਰੱਖਿਅਤ ਛੁਡਾ ਲਿਆ।
ਅਗਵਾ ਕੀਤੇ ਬੱਚਿਆਂ ‘ਚ ਅੰਗਦ ਹਰਿਆਣਾ ਦੇ ਕਰਨਾਲ, ਹਿਤੇਂਦਰ ਪੰਜਾਬ ਦੇ ਮੋਹਾਲੀ ਅਤੇ ਵਿਦਾਂਸ਼ ਹਿਮਾਚਲ ਦੇ ਕੁੱਲੂ ਦੇ ਹਨ। ਅੰਗਦ ਦੇ ਚਾਚਾ ਹਰਿਆਣਾ ਕਾਂਗਰਸ ਦੇ ਨੇਤਾ ਹਨ। 9 ਅਗਸਤ ਨੂੰ ਬੱਚੇ ਸਕੂਲ ਤੋਂ ਆਊਟਿੰਗ ਲਈ ਨਿਕਲੇ ਸਨ ਜਦੋਂ ਸੁਮਿਤ ਨੇ ਉਨ੍ਹਾਂ ਨੂੰ ਮਾਲ ਰੋਡ ਛੱਡਣ ਦਾ ਝਾਂਸਾ ਦਿੱਤਾ। ਗੱਡੀ ਵਿੱਚ ਬਿਠਾਉਣ ਤੋਂ ਬਾਅਦ, ਉਸ ਨੇ ਹਥਿਆਰ ਵਿਖਾ ਕੇ ਬੱਚਿਆਂ ਨੂੰ ਚੁੱਪ ਰਹਿਣ ਦੀ ਧਮਕੀ ਦਿੱਤੀ ਅਤੇ ਸ਼ਿਮਲਾ ਤੋਂ 60 ਕਿਲੋਮੀਟਰ ਦੂਰ ਕੋਕੂਨਾਲਾ ਵਿੱਚ ਇੱਕ ਘਰ ਦੀ ਚੌਥੀ ਮੰਜ਼ਿਲ ’ਤੇ ਲੁਕਾ ਦਿੱਤਾ।
ਪੁਲਿਸ ਦੀ ਜਾਂਚ ਵਿੱਚ ਪਤਾ ਲੱਗਾ ਕਿ ਸੁਮਿਤ ਨੇ ਬੀਸੀਐਸ ਦੇ ਬੱਚਿਆਂ ਨੂੰ ਇਸ ਲਈ ਨਿਸ਼ਾਨਾ ਬਣਾਇਆ ਕਿਉਂਕਿ ਇਹ ਸਕੂਲ ਅਮੀਰ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਕੇਂਦਰ ਹੈ। ਉਸ ਨੇ ਆਪਣੀ ਆਈ-10 ਗੱਡੀ ’ਤੇ ਜਾਅਲੀ ਨੰਬਰ ਪਲੇਟ (DL5CS6117) ਲਗਾਈ ਅਤੇ ਉਹਨਾਂ ਨੂੰ ਰੱਖੜੀ ਵਾਲੇ ਦਿਨ ਅਗਵਾ ਕੀਤਾ। ਸਕੂਲ ਦੇ ਸੀਸੀਟੀਵੀ ’ਚ ਗੱਡੀ ਦੀ ਤਸਵੀਰ ਮਿਲਣ ’ਤੇ ਪੁਲਿਸ ਨੇ ਸਖਤ ਨਾਕਾਬੰਦੀ ਕੀਤੀ। ਜਦੋਂ ਕੋਟਖਾਈ ’ਚ ਸੀਸੀਟੀਵੀ ਨਹੀਂ ਮਿਲੇ, ਤਾਂ ਸਥਾਨਕ ਲੋਕਾਂ ਨੇ ਗੱਡੀ ਨੂੰ ਸੁਮਿਤ ਦੀ ਦੱਸਿਆ। ਪੁਲਿਸ ਨੇ ਐਤਵਾਰ ਨੂੰ ਘਰ ਦੀ ਤਲਾਸ਼ੀ ਲਈ ਅਤੇ ਚੌਥੀ ਮੰਜ਼ਿਲ ’ਤੇ ਬੱਚਿਆਂ ਨੂੰ ਡਰੇ-ਸਹਿਮੇ ਹਾਲਤ ਵਿੱਚ ਪਾਇਆ, ਉਹਨਾਂ ਦੀਆਂ ਅੱਖਾਂ ’ਤੇ ਪੱਟੀਆਂ ਅਤੇ ਮੂੰਹ ’ਤੇ ਟੇਪ ਸੀ।
ਸੁਮਿਤ, ਜੋ ਖੁਦ ਬੀਸੀਐਸ ਦਾ ਸਾਬਕਾ ਵਿਦਿਆਰਥੀ ਹੈ, ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਦੀ ਗੱਡੀ ਵਿੱਚ ਬੰਦੂਕ, ਚਾਕੂ, ਦਸਤਾਨੇ ਅਤੇ ਰੱਸੀ ਵੀ ਮਿਲੀ। ਸੁਮਿਤ ਦੇ ਮਾਪੇ ਰਿਟਾਇਰਡ ਅਧਿਆਪਕ ਹਨ, ਅਤੇ ਉਸ ਦੀ ਪਤਨੀ ਔਨਲਾਈਨ ਬੇਕਰੀ ਚਲਾਉਂਦੀ ਹੈ। ਪੁਲਿਸ ਨੂੰ ਫਿਰੌਤੀ ਦੀ ਕਾਲ ਕੈਲੀਫੋਰਨੀਆ ਦੇ ਨੰਬਰ ਤੋਂ ਮਿਲੀ, ਜਿਸ ਕਰਕੇ ਵਿਦੇਸ਼ੀ ਸਬੰਧਾਂ ਦੀ ਜਾਂਚ ਸ਼ੁਰੂ ਹੋ ਗਈ ਹੈ। ਬੱਚਿਆਂ ਦਾ ਆਈਜੀਐਮਸੀ ਸ਼ਿਮਲਾ ’ਚ ਮੈਡੀਕਲ ਹੋਇਆ, ਅਤੇ ਉਹ ਸੁਰੱਖਿਅਤ ਹਨ, ਪਰ ਅਜੇ ਵੀ ਸਦਮੇ ’ਚ ਹਨ।