ਸੁਰਯਵੰਸ਼ ਦੇ ਦੂਰਅੰਦੇਸ਼ ਤੇ ਤੀਖਣ ਬੁੱਧੀ ਵਾਲੇ ਯੋਧੇ ਸ਼ੇਰ ਸ਼ਾਹ ਸੂਰ ਦਾ ਜਨਮ ਸਾਸਰਾਮ, ਰੋਹਤਾਸ ਵਿੱਚ ਸੰਨ 1472 ਨੂੰ ਹੋਇਆ। ਜਦੋਂ ਸਾਹੂ ਖੇਲ ਕਬੀਲੇ ਦੇ ਸਰਦਾਰ ਬਹਿਲੋਲ ਨੇ ਦਿੱਲੀ ‘ਤੇ ਕਬਜਾ ਕੀਤਾ ਤਾਂ ਉਸਦੇ ਸੱਦੇ ‘ਤੇ ਅਫਗਾਨਿਸਤਾਨ ਦੇ ਅਨੇਕਾਂ ਪਰਿਵਾਰ ਜਿਨ੍ਹਾਂ ਵਿੱਚ ਸ਼ੇਰ ਸ਼ਾਹ ਸੂਰੀ ਦਾ ਦਾਦਾ ਇਬਰਾਹੀਮ ਵੀ ਆਪਣੇ ਪੁੱਤਰ ਸਮੇਤ ਆ ਕੇ ਰਹਿਣ ਲੱਗਾ।
ਅਸਲ ‘ਚ ਇਸ ਦਾ ਨਾਂ ਫਰੀਦ ਖਾਨ ਸ਼ੇਰ ਸਾਹ ਸੀ, ਬਚਪਨ ਵਿੱਚ ਸ਼ਿਕਾਰ ਖੇਡਦੇ ਇਕੱਲੇ ਨੇ ਸ਼ੇਰ ਨੂੰ ਮਾਰਿਆ ਤੇ ਉਸਨੂੰ ਸ਼ੇਰ ਸ਼ਾਹ ਦਾ ਖਿਤਾਬ ਮਿਲਿਆ।ਪਾਣੀਪਤ ਦੀ ਲੜਾਈ ਵਿੱਚ ਇਬਰਾਹੀਮ ਲੋਧੀ ਦੇ ਹਾਰਨ ‘ਤੇ ਮੁਗਲ ਬਾਬਰ ਦਿੱਲੀ ਦਾ ਬਾਦਸ਼ਾਹ ਬਣਿਆ।
ਇਹ ਉਸ ਦੀ ਫੌਜ ਵਿੱਚ ਭਰਤੀ ਹੋ ਗਿਆ। ਬਾਬਰ ਨੇ ਉਸ ਦੇ ਕੰਮ ਨੂੰ ਵੇਖਦਿਆਂ ਕਿਹਾ, “ਸ਼ੇਰ ਸ਼ਾਹ ਸੂਰੀ ਦੇ ਕੰਮਾਂ ‘ਤੇ ਨਜ਼ਰ ਰੱਖੋ ਇਹ ਬਹੁਤ ਚਲਾਕ ਬੰਦਾ ਜਾਪਦਾ ਹੈ। ਉਹਦੇ ਮੱਥੇ ‘ਤੇ ਰਾਜ ਦੇ ਪ੍ਰਭੂਤਵ ਚਿੰਨ੍ਹ ਹਨ।”
ਬਾਬਰ ਵੱਲੋਂ ਉਸਨੂੰ ਗ੍ਰਿਫਤਾਰ ਕਰਨ ਦੀ ਗੱਲ ਚੱਲੀ ਤਾਂ ਉਹ ਬਿਹਾਰ ਭੱਜ ਗਿਆ, ਉੱਥੇ ਕਬਜ਼ਾ ਕਰ ਲਿਆ। 1533 ਵਿੱਚ ਬੰਗਾਲ ਦੀ ਲੜਾਈ ਵਿੱਚ ਬਹੁਤ ਲਾਭ ਹੋਇਆ।
ਬਾਬਰ ਦੀ ਮੌਤ ਤੋਂ ਬਾਅਦ ਉਸ ਦੇ ਬਾਦਸ਼ਾਹ ਬਣੇ ਪੁੱਤਰ ਹਮਾਯੂੰ ਨੂੰ ਦਿੱਲੀ ਤੋਂ ਭਜਾ ਕੇ ਰਾਜ ਭਾਗ ਸੰਭਾਲਿਆ। 1540 ਤੋਂ 1545 ਤੱਕ ਕੀਤੇ ਰਾਜ ਦੌਰਾਨ ਉਸ ਦੇ ਇਤਿਹਾਸਕ ਕੰਮਾਂ ਵਿੱਚ ਮੁੱਖ ਤੌਰ ‘ਤੇ 2500 ਕਿਲੋਮੀਟਰ ਲੰਮੀ ਸੜਕ ਪਿਸ਼ਾਵਰ ਤੋਂ ਪਾਕਿਸਤਾਨ, ਅੰਮਿ੍ਤਸਰ, ਜਲੰਧਰ, ਅੰਬਾਲਾ, ਕਾਨਪੁਰ, ਕਲਕੱਤਾ ਹੁੰਦੀ ਹੋਈ ਸੋਨਾਰ ਗਾਉਂ ਬੰਗਲਾਦੇਸ਼ ਤੱਕ ਬਣਵਾਈ ਜਿਸ ਨੂੰ ਜੀ ਟੀ ਰੋਡ ਜਾਂ ਸ਼ੇਰ ਸੂਰੀ ਸ਼ਾਹ ਮਾਰਗ ਕਿਹਾ ਜਾਂਦਾ ਹੈ।
ਇਸ ਸੜਕ ਉਪਰ 1700 ਸਰਾਵਾਂ ਬਣਵਾਈਆਂ ਜਿਨ੍ਹਾਂ ‘ਚੋਂ ਅੱਜ ਵੀ ਜੋ ਖਸਤਾ ਹਾਲ ‘ਚ ਵੇਖੀਆਂ ਜਾ ਸਕਦੀਆਂ ਹਨ। ਭਾਰਤੀ ਰੁਪਏ ਨੂੰ ਚਾਲੂ ਕੀਤਾ ਜੋ ਅਜੇ ਵੀ ਕਈ ਦੇਸ਼ਾਂ ਵਿੱਚ ਚਲਦਾ ਹੈ।
ਹਰ ਵੱਡੇ ਨਗਰ ਵਿੱਚ ਨਿਆਂ ਕੇਂਦਰ ਬਣਾਏ ਗਏ। ਘੋੜਿਆਂ ਨੂੰ ਦਾਗਣ ਦੀ ਪ੍ਰਥਾ ਸ਼ੁਰੂ ਕੀਤੀ ਤਾਂ ਜੋ ਸਰਦਾਰ ਜਾਂ ਜਗੀਰਦਾਰ ਧੋਖੇ ਨਾਲ ਖਜਾਨੇ ਦੀ ਲੁੱਟ ਰੋਕੀ ਜਾ ਸਕੇ। ਸ਼ੇਰ ਸ਼ਾਹ ਸੂਰੀ ਦੀ 22 ਮਈ, 1545 ਨੂੰ ਮੌਤ ਕਲੰਦਰ, ਬੁਦੇਲਖੰਡ ਵਿੱਚ ਹੋਈ ਤੇ ਉਥੋਂ ਦੇ ਲਾਲਗੜ੍ਹ ਕਿਲੇ ਵਿੱਚ ਦਫਨਾਇਆ ਗਿਆ।
-ਅਵਤਾਰ ਸਿੰਘ