ਨਵੀ ਦਿੱਲੀ : ਸ਼ੇਖ ਹਸੀਨਾ ਨੇ ਬੰਗਲਾਦੇਸ਼ ਵਿੱਚ ਸੁਣਾਈ ਗਈ ਮੌਤ ਦੀ ਸਜ਼ਾ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਨਾ ਸਿਰਫ਼ ਅਦਾਲਤ ਦੇ ਫੈਸਲੇ ਦੀ ਨਿੰਦਾ ਕੀਤੀ ਅਤੇ ਸਵਾਲ ਉਠਾਏ, ਸਗੋਂ ਯੂਨਸ ਸਰਕਾਰ ਦੀ ਵੀ ਆਲੋਚਨਾ ਕੀਤੀ। ਹਸੀਨਾ ਨੇ ਕਿਹਾ ਕਿ ਉਸ ਨੂੰ ਆਪਣੀ ਗੱਲ ਰੱਖਣ ਦਾ ਉਚਿਤ ਮੌਕਾ ਨਹੀਂ ਦਿੱਤਾ ਗਿਆ। ਸ਼ੇਖ ਹਸੀਨਾ ਨੇ ਕਿਹਾ ਕਿ ਉਨ੍ਹਾਂ ਵਿਰੁੱਧ ਸੁਣਾਇਆ ਫੈਸਲਾ ਗਲਤ, ਪੱਖਪਾਤੀ ਅਤੇ ਰਾਜਨੀਤਿਕ ਤੌਰ ‘ਤੇ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਲੋਕ ਜਾਣਦੇ ਹਨ ਕਿ ਇਹ ਪੂਰਾ ਮਾਮਲਾ ਅਸਲ ਘਟਨਾਵਾਂ ਦੀ ਜਾਂਚ ‘ਤੇ ਨਹੀਂ, ਸਗੋਂ ਅਵਾਮੀ ਲੀਗ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੈ।
ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਢਾਕਾ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਨੇ ਉਨ੍ਹਾਂ ਨੂੰ ਮਨੁੱਖਤਾ ਵਿਰੁੱਧ ਅਪਰਾਧਾਂ ਦਾ ਦੋਸ਼ੀ ਠਹਿਰਾਇਆ ਹੈ ਅਤੇ ਉਨ੍ਹਾਂ ਨੂੰ ਕਤਲਾਂ ਦਾ ਮਾਸਟਰਮਾਈਂਡ ਕਰਾਰ ਦਿੱਤਾ ਹੈ। ਸ਼ੇਖ ਹਸੀਨਾ ਨੂੰ ਦੋ ਦੋਸ਼ਾਂ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਜਿਸ ‘ਚ ਕਤਲ ਲਈ ਉਕਸਾਉਣਾ ਅਤੇ ਕਤਲ ਦਾ ਆਦੇਸ਼ ਦੇਣਾ ਹੈ। ਅਦਾਲਤ ਨੇ ਦੂਜੇ ਦੋਸ਼ੀ, ਸਾਬਕਾ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਨੂੰ 12 ਲੋਕਾਂ ਦੇ ਕਤਲ ਦਾ ਦੋਸ਼ੀ ਪਾਇਆ ਅਤੇ ਉਸਨੂੰ ਵੀ ਮੌਤ ਦੀ ਸਜ਼ਾ ਸੁਣਾਈ ਹੈ।
ਤਿੰਨ ਜੱਜਾਂ ਦੇ ਟ੍ਰਿਬਿਊਨਲ ਨੇ ਇਸ ਮਾਮਲੇ ਵਿੱਚ ਸ਼ੇਖ ਹਸੀਨਾ ਨੂੰ ਸਜ਼ਾ ਸੁਣਾਈ ਹੈ। ਜਸਟਿਸ ਮੁਰਤਜ਼ਾ ਦੀ ਅਗਵਾਈ ਵਾਲੇ ਟ੍ਰਿਬਿਊਨਲ ਵਿੱਚ ਜਸਟਿਸ ਮੁਹੰਮਦ ਸ਼ਫੀਉਲ ਆਲਮ ਮਹਿਮੂਦ ਅਤੇ ਜਸਟਿਸ ਮੁਹੰਮਦ ਮੋਹਿਤੁਲ ਹੱਕ ਏਨਾਮ ਚੌਧਰੀ ਸ਼ਾਮਲ ਹਨ। ਤੀਜੇ ਦੋਸ਼ੀ ਸਾਬਕਾ ਆਈਜੀਪੀ ਅਬਦੁੱਲਾ ਅਲ-ਮਾਮੂਨ, ਨੂੰ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਜ਼ਿਕਰਯੋਗ ਹੈ ਕਿ ਇਹ ਮੁਕੱਦਮਾ ਪਿਛਲੇ ਸਾਲ ਦੇ ਵਿਦਿਆਰਥੀ-ਅਗਵਾਈ ਵਾਲੇ ਅੰਦੋਲਨ ਦੌਰਾਨ ਕੀਤੇ ਗਏ ਮਨੁੱਖਤਾ ਵਿਰੁੱਧ ਕਥਿਤ ਅਪਰਾਧਾਂ ਲਈ ਹੈ ਜਿਸਨੇ ਸ਼ੇਖ ਹਸੀਨਾ ਦੀ ਸਰਕਾਰ ਨੂੰ ਡੇਗ ਦਿੱਤਾ ਸੀ। ਜਿਸ ਤੋਂ ਬਾਅਦ ਸ਼ੇਖ ਹਸੀਨਾ ਦੇਸ਼ ਛੱਡ ਕੇ ਭੱਜ ਗਈ ਸੀ। ਵਿਰੋਧ ਪ੍ਰਦਰਸ਼ਨਾਂ ਦੌਰਾਨ ਲਗਭਗ 1,400 ਲੋਕ ਮਾਰੇ ਗਏ ਸਨ ਟ੍ਰਿਬਿਊਨਲ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਮਾਰੇ ਗਏ ਹਨ। ਸ਼ੇਖ ਹਸੀਨਾ ਨੇ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ‘ਤੇ ਹੈਲੀਕਾਪਟਰਾਂ ਤੋਂ ਬੰਬਾਰੀ ਦਾ ਹੁਕਮ ਦਿੱਤਾ ਸੀ। ਸ਼ੇਖ ਹਸੀਨਾ ਦੀ ਪਾਰਟੀ ਬੰਗਲਾਦੇਸ਼ ਅਵਾਮੀ ਲੀਗ ਨੇ ਇਸ ਫੈਸਲੇ ਵਿਰੁੱਧ 18 ਨਵੰਬਰ (ਕੱਲ੍ਹ) ਨੂੰ ਦੇਸ਼ ‘ਚ ਬੰਦ ਦਾ ਐਲਾਨ ਕੀਤਾ ਹੈ।

