ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ): ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਲੱਗੀ ਐੱਸ ਐੱਮ ਐੱਲ ਇਸ਼ੁਜੁ ਕੰਪਨੀ ਦੇ ਸ਼ੇਅਰ ਹੋਲਡਰ ਬੇਹੱਦ ਪ੍ਰੇਸ਼ਾਨ ਹਨ ਕਿਉਂਕਿ ਕੰਪਨੀ ਵਿੱਚ ਧਾਂਦਲੀਆਂ ਹੋਣ ਕਾਰਨ ਕੰਪਨੀ ਮੁਨਾਫ਼ੇ ਦੀ ਬਜਾਏ ਘਾਟੇ ਵਿੱਚ ਚਲੀ ਗਈ ਹੈ ਜਿਸ ਕਾਰਨ ਕੰਪਨੀ ਦੇ ਸ਼ੇਅਰ ਵੀ ਡਿੱਗ ਪਏ ਹਨ।
ਕੰਪਨੀ ਦੇ ਸ਼ੇਅਰ ਹੋਲਡਰ ਹਾਕਮ ਸਿੰਘ,ਜੀਵਨ ਕੁਮਾਰ ਗੁਪਤਾ ਅਤੇ ਹਰਜਿੰਦਰ ਸਿੰਘ ਨੇ ਦੋਸ਼ ਲਗਾਏ ਕਿ ਉਨ੍ਹਾਂ ਕੰਪਨੀ ਅਧਿਕਾਰੀਆਂ ਤੋਂ ਕਈ ਵਾਰ ਇਹ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਕੰਪਨੀ ਨੂੰ ਪੈਣ ਵਾਲੇ ਘਾਟੇ ਬਾਰੇ ਜਾਣਕਾਰੀ ਦਿੱਤੀ ਜਾਵੇ ਪਰ ਕੰਪਨੀ ਅਧਿਕਾਰੀ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਕੰਪਨੀ ਦੇ ਸ਼ੇਅਰ ਪਹਿਲਾਂ 900 ਰੁਪਏ ਤੱਕ ਪਹੁੰਚ ਗਏ ਸਨ ਜੋ ਹੁਣ 400 ਰੁਪਏ ਤੋਂ ਵੀ ਨੀਚੇ ਆ ਗਏ ਹਨ।
ਜਿਹੜੀ ਕੰਪਨੀ ਪਹਿਲਾਂ ਸਾਲਾਨਾ ਪੰਜਾਹ ਤੋਂ ਸੌ ਕਰੋੜ ਤੱਕ ਮੁਨਾਫੇ ਵਿੱਚ ਚੱਲਦੀ ਸੀ ਹੁਣ ਤਕਰੀਬਨ ਪੰਜਾਹ ਕਰੋੜ ਦੇ ਘਾਟੇ ਵਿੱਚ ਚੱਲ ਰਹੀ ਹੈ। ਇਨ੍ਹਾਂ ਸ਼ੇਅਰ ਹੋਲਡਰਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਕੰਪਨੀ ਨੇ ਸੁਣਵਾਈ ਨਾ ਕੀਤੀ ਤਾਂ ਉਹ ਸੇਬੀ ਵਿੱਚ ਕੇਸ ਕਰਨਗੇ। ਇਸ ਮਾਮਲੇ ਬਾਰੇ ਕੰਪਨੀ ਦੇ ਪ੍ਰਬੰਧਕਾਂ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਕੰਪਨੀ ਦੇ ਜੋ ਵੀ ਮਸਲੇ ਸਨ ਉਹ ਹੱਲ ਕਰ ਲਏ ਗਏ ਹਨ। ਕੰਪਨੀ ਖਿਲਾਫ ਬਿਨਾਂ ਵਜ੍ਹਾ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ।