“ਭਗਤ ਸਿੰਘ ਇੱਕ ਵਿਅਕਤੀ ਨਹੀਂ…” ਸੁਭਾਸ਼ ਚੰਦਰ ਬੋਸ

TeamGlobalPunjab
5 Min Read

*ਗੁਰਦੇਵ ਸਿੰਘ (ਡਾ.)

ਸਰ ਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ-ਏ-ਕਾਤਿਲ ਮੇਂ ਹੈ। (ਰਾਮ ਪ੍ਰਸਾਦ ਬਿਸਮਿਲ)

ਦੇਸ਼ ਨੂੰ ਇਨਲਕਾਬ ਜ਼ਿੰਦਾਬਾਦ ਦਾ ਨਾਅਰਾ ਦੇਣ ਵਾਲੇ, ਦੇਸ਼ ਦੀ ਅਜਾਦੀ ਦੇ ਸਿਰਲੱਥ ਸੂਰਮੇ, ਨੌਜਵਾਨਾਂ ਦੇ ਮਹਾਂ ਨਾਇਕ, ਹਿੰਦੁਸਤਾਨ ਦੀਆਂ ਦੋ ਸੋ ਸਾਲ ਪੁਰਾਣੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਵਿਚ ਵੱਡੀ ਭੂਮਿਕਾ ਨਿਭਾਉਣ ਵਾਲੇ ਸ਼ਹੀਦ ਸ. ਭਗਤ ਸਿੰਘ ਨੇ ਦੇਸ਼ ਕੌਮ ਨੂੰ ਅਜਾਦ ਕਰਵਾਉਣ ਲਈ 23 ਮਾਰਚ 1931 ਨੂੰ ਸ਼ਹਾਦਤ ਦਾ ਜਾਮ ਪੀਤਾ। 23 ਮਾਰਚ ਦਾ ਦਿਨ ਉਸ ਮਹਾਨ ਸ਼ਹੀਦ ਦੀ ਯਾਦ ਨੂੰ ਹਰ ਸਾਲ ਮੁੜ ਤਾਜਾ ਕਰ ਦਿੰਦਾ ਹੈ। 23 ਮਾਰਚ 1931 ਨੂੰ ਸਰਦਾਰ ਭਗਤ ਸਿੰਘ ਤੇ ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ ਸੀ।

ਸ. ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪਿੰਡ ਬੰਗਾ, ਚੱਕ ਨੰਬਰ 105, ਜਿਲ੍ਹਾ ਲਾਇਲਪੁਰ ਵਿਖੇ ਹੋਇਆ ਜੋ ਕਿ ਅੱਜ ਕੱਲ ਪਾਕਿਸਤਾਨ ਵਿੱਚ ਹੈ। ਭਗਤ ਸਿੰਘ ਦਾ ਜ਼ੱਦੀ ਪਿੰਡ ਖਟਕੜ ਕਲਾਂ ਜਿਲ੍ਹਾ ਨਵਾਂ ਸ਼ਹਿਰ ਹੈ ਜਿਸ ਨੂੰ ਅੱਜ ਕੱਲ ਸ਼ਹੀਦ ਭਗਤ ਸਿੰਘ ਨਗਰ ਕਰਕੇ ਜਾਣਿਆ ਜਾਂਦਾ ਹੈ ਜਿੱਥੇ ਸ. ਭਗਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਅਨੇਕ ਯਾਦਗਾਰੀ ਵਸਤੂਆਂ ਪਈਆਂ ਹਨ।

- Advertisement -

ਸ. ਭਗਤ ਸਿੰਘ ਬਚਪਨ ਚ ਹੀ ਆਪਣੀ ਕ੍ਰਾਂਤੀਕਾਰੀ ਸੋਚ ਦਾ ਸੰਕੇਤ ਦੇ ਦਿੰਦੇ ਨੇ ਜਦੋਂ ਉਹ ਆਪਣੇ ਪਿਤਾ ਨੂੰ ਸਵਾਲ ਕਰਦੇ ਹੋਏ ਪੁੱਛਦੇ ਨੇ ਕਿ “ਅਸੀਂ ਖੇਤਾਂ ਵਿੱਚ ਅਨਾਜ ਦੀ ਜਗ੍ਹਾ ਬੰਦੂਕਾਂ ਕਿਉਂ ਨਹੀਂ ਬੀਜਦੇ ਅਤੇ ਅਜਿਹੇ ਹੀ ਇੱਕ ਹੋਰ ਸਵਾਲ ਵਿੱਚ ਜਦੋਂ ਕਿਸੇ ਪੁੱਛਿਆ ਕਿ ਕਾਕਾ ਕੀ ਕਰਦਾ ਏ? ਤਾਂ ਬਾਲਕ ਭਗਤ ਸਿੰਘ ਦਾ ਜਵਾਬ ਸੀ ਕਿ ਮੈਂ ਬੰਦੂਕਾਂ ਬਣਾਂਦਾ ਹਾਂ। ਇਹ ਹੀ ਕ੍ਰਾਂਤੀਕਾਰੀ ਸੋਚ ਨੇ ਅੱਗੇ ਜਾ ਕੇ ਭਾਰਤ ਵਾਸੀਆਂ ਨੂੰ ਅਜ਼ਾਦ ਮੁਲਕ ਦੀ ਹਵਾ ਨਸੀਬ ਕਰਵਾਈ।

ਸ. ਭਗਤ ਸਿੰਘ ਕੇਵਲ ਬੰਦੂਕਾਂ ਜਾਂ ਬੰਬ ਚਲਾਉਣ ਤਕ ਸੀਮਿਤ ਨਹੀਂ ਸੀ ਸਗੋਂ ਉਹ ਇੱਕ ਚੰਗੇ ਰਾਜਨੀਤੀਕਾਰ ਤੇ ਫਿਲਾਸਰ ਵੀ ਸਨ। ਉਸ ਨੂੰ ਕਿਤਾਬਾਂ ਪੜਨ ਦਾ ਬੇਹੱਦ ਸੌਂਕ ਸੀ। ਹਿੰਦੀ, ਉਰਦੂ, ਪੰਜਾਬੀ ਅਤੇ ਅੰਗਰੇਜ਼ੀ ਤੋਂ ਇਲਾਵਾ ਬੰਗਲਾ ਭਾਸ਼ਾਵਾਂ ਵਿੱਚ ਸ. ਭਗਤ ਸਿੰਘ ਮੁਹਾਰਤ ਹਾਂਸਲ ਸੀ। ਉਹ ਹਮੇਸ਼ਾਂ ਆਪਣੇ ਨਾਲ ਇੱਕ ਕਿਤਾਬ ਅਤੇ ਪਿਸਤੌਲ ਰੱਖਦਾ ਸੀ। ਉਹ ਇਕ ਬਹੁਤ ਜ਼ਹੀਨ ਦਾਰਸ਼ਨਿਕ ਸਖ਼ਸ਼ੀਅਤ ਦਾ ਮਾਲਕ ਸੀ।

ਸ. ਭਗਤ ਸਿੰਘ ਨੇ ਆਪਣੀ ਛੋਟੀ ਉਮਰ ਵਿਚ ਹੀ ਐਨੀ ਮਕਬੂਲੀਅਤ ਹਾਸਲ ਕਰ ਲਈ ਸੀ ਕਿ ਲੋਕ ਅੱਜ ਵੀ ਉਸ ਦੀ ਬਹਾਦਰੀ ਅਤੇ ਕੁਰਬਾਨੀ ਦੀਆਂ ਵਾਰਾਂ ਗਾਉਂਦੇ ਹਨ। ਦਸੰਬਰ 1928 ਨੂੰ ਸਾਂਡਰਸ ਦੇ ਕਤਲ ਤੇ ਅਪ੍ਰੈਲ 1929 ਨੂੰ ਅਸੰਬਲੀ ਹਾਲ ਵਿਚ ਸੁਟੇ ਬੰਬ ਨੇ ਭਗਤ ਸਿੰਘ ਨੂੰ ਹਿੰਦੁਸਤਾਨ ਦਾ ਮਹਿਬੂਬ ਪਾਤਰ ਬਣਾ ਦਿੱਤਾ।

ਸ. ਭਗਤ ਸਿੰਘ ਦੀ ਫਾਂਸੀ ਤੋਂ ਬਾਅਦ ਦਿੱਲੀ ਵਿਖੇ ਸੁਭਾਸ਼ ਚੰਦਰ ਬੋਸ ਨੇ ਕਿਹਾ ਸੀ,  ਭਗਤ ਸਿੰਘ ਇੱਕ ਵਿਅਕਤੀ ਨਹੀਂ -ਉਹ ਇੱਕ ਨਿਸ਼ਾਨ ਹੈ, ਇੱਕ ਚਿੰਨ ਹੈ ਉਸ ਇਨਕਲਾਬ ਦਾ, ਜਿਹੜਾ ਉਸ ਦੀਆਂ ਕੁਰਬਾਨੀਆਂ ਸਦਕਾ ਹਰ ਦੇਸ਼ ਵਾਸੀ ਦੇ ਸੀਨੇ ਵਿੱਚ ਮਘਦੀ ਅੱਗ ਦੀ ਤਰਾਂ ਬਲ ਉਠਿਆ ਹੈ”

ਗਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਭਗਤ ਸਿੰਘ ਜੀ ਬਾਰੇ ਲਿਖਦੇ ਹਨ, ਭਗਤ ਸਿੰਘ ਛੇ ਫੁੱਟ ਲੰਮਾ, ਬਹੁਤ ਖੂਬਸੂਰਤ ਅਤੇ ਮੁੱਛ-ਫੁੱਟ ਨੌਜੁਆਨ ਸੀ। ਉਹ ਇੱਕ ਨਿਡਰ ਜਰਨੈਲ, ਫਿਲਾਸਫਰ ਅਤੇ ਉੱਚ ਦਰਜੇ ਦੀ ਰਾਜਸੀ ਸੂਝ ਰੱਖਣ ਵਾਲਾ ਸੀ। ਦੇਸ਼ ਭਗਤੀ ਦੇ ਨਾਲ-ਨਾਲ ਦੁਨੀਆਂ ਭਰ ਦੀ ਪੀੜਤ ਜਨਤਾ ਦਾ ਦਰਦ ਉਹ ਦੇ ਦਿਲ ਵਿਚ ਕੁੱਟ-ਕੁੱਟ ਕੇ ਭਰਿਆ ਹੋਇਆ ਸੀ।”

- Advertisement -

ਸ. ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਨੂੰ ਆਪਣਾ ਆਦਰਸ਼ ਮੰਨਦੇ ਸਨ ਉਹ ਸਰਾਭੇ ਦਾ ਇਹ ਗੀਤ ਬੜੇ ਪਿਆਰ ਨਾਲ ਗਾਇਆ ਕਰਦੇ ਸਨ,

“ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ

ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ”

ਸ. ਭਗਤ ਸਿੰਘ ਨੌਜਵਾਨਾਂ ਦੇ ਉਹ ਨਾਇਕ ਸੀ ਉਹ ਅਕਸਰ ਅਪਣੀਆਂ ਇਨ੍ਹਾਂ ਸਤਰਾਂ ਨੂੰ ਵੀ ਗਾਉਂਦੇ ਸਨ:

ਉਸੇ ਯਹ ਫਿਕਰ ਹੈ ਹਰਦਮ ਤਰਜੇ ਜਫਾ ਕਿਆ ਹੈ, ਹਮੇਂ ਯਹ ਸ਼ੌਕ ਹੈ ਦੇਖੇਂ ਸਿਤਮ ਕੀ ਇੰਤਹਾ ਕਿਆ ਹੈ

ਦਹਰ (ਦੁਨੀਆ) ਸੇ ਕਿਉਂ ਖਫਾ ਰਹੇਂ, ਚਰਖ (ਅਸਮਾਨ) ਸੇ ਕਿਉਂ ਗਿਲਾ ਕਰੇਂ।

ਸਾਰਾ ਜਹਾਂ ਅਦੂ (ਦੁਸ਼ਮਨ) ਸਹੀ, ਆਓ ਮੁਕਾਬਲਾ ਕਰੇਂ।

ਅੱਜ ਲੋੜ ਹੈ ਨੌਜਵਾਨ ਵੀ ਆਪਣੇ ਅਦਰਸ਼ ਅਜਿਹੇ ਹੀ ਦੇਸ਼ ਭਗਤਾਂ ਨੂੰ ਬਨਾਉਣ ਤੇ ਉਨ੍ਹਾਂ ਦੇ ਨਕਸ਼ੇ ਕਦਮਾਂ ‘ਤੇ ਚੱਲਣ ਤਾਂ ਜੋ ਦੇਸ਼ ਤਰੱਕੀ ਕਰ ਸਕੇ ਤੇ ਅਰਾਜਕਤਾ ਨੂੰ ਠੱਲ ਪੈ ਸਕੇ। ਸ਼ਹੀਦ ਸ. ਭਗਤ ਸਿੰਘ ਵਲੋਂ ਦੇਸ਼ ਲਈ ਦਿੱਤੀ ਮਹਾਨ ਸ਼ਹਾਦਤ ਨੂੰ ਵਾਰ ਵਾਰ ਪ੍ਰਣਾਮ।

*gurdevsinghdr@gmail.com

Share this Article
Leave a comment