ਸਿੱਖ ਕੌਮ ਦੇ ਮਹਾਂ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਦੀ ਲਾਸਾਨੀ ਸ਼ਹਾਦਤ – ਡਾ. ਗੁਰਦੇਵ ਸਿੰਘ

TeamGlobalPunjab
11 Min Read

ਜ਼ਾਲਮਾਂ  ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦੀ ਵਿੱਚ ਬਾਬਾ ਜੀ ਦੇ ਮਾਸੂਮ ਪੁੱਤਰ ਅਜੈ ਸਿੰਘ ਨੂੰ ਬਿਠਾਇਆ ਤੇ ਉਸ ਨੂੰ ਕਤਲ ਕਰਨ ਨੂੰ ਕਿਹਾ ਗਿਆ ਪਰ ਬਾਬਾ ਜੀ ਨੇ ਕੜਕਵੀਂ ਆਵਾਜ਼ ਵਿੱਚ ਕਿਹਾ ਕਿ ਗੁਰੂ ਦਾ ਸਿੱਖ ਕਿਸੇ ਨਿਹੱਥੇ ‘ਤੇ, ਇਸਤਰੀ ‘ਤੇ ਅਤੇ ਬੱਚੇ ‘ਤੇ ਕਦੀ ਵਾਰ ਨਹੀਂ ਕਰਦਾ ਇਹ ਮੇਰੇ ਗੁਰੂ ਦੇ ਹੁਕਮ ਦੇ ਖਿਲਾਫ ਹੈ। ਜਲਾਦਾਂ ਨੇ ਬਾਬਾ ਜੀ ਦੀਆਂ ਅੱਖਾਂ ਸਾਹਮਣੇ ਉਸ ਮਾਸੂਮ ਦਾ ਛਾਤੀ ਚੀਰ ਦਿੱਤੀ ਅਤੇ ਦਰਦ ਨਾਲ ਤੜਫਦੇ ਬੱਚੇ ਦਾ ਦਿੱਲ ਕੱਢ ਕੇ ਬੇੜੀਆਂ ਵਿੱਚ ਜਕੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨਿਆ। ਬਾਬਾ ਜੀ ਦੇ ਸਾਹਮਣੇ ਉਸ ਮਾਸੂਮ ਬੱਚੇ ਦੇ ਟੋਟੇ ਟੋਟੇ ਕੀਤੇ ਗਏ। ਅਡੋਲ ਬੈਠੇ ਸੂਰਮੇ ਦੀਆਂ ਅੱਖਾਂ ਗੁੱਸੇ ਚ ਲਾਲ ਸਨ ਤੇ ਡੌਲੇ ਜੋਸ਼ ਵਿੱਚ ਫੜਕ ਰਹੇ ਸਨ ਪਰ ਬੇੜੀਆਂ ਦੀ ਤਾਕਤ ਨੇ ਕਈ ਦਿਨਾਂ ਦੇ ਭੁਖੇ ਸ਼ੇਰ ਨੂੰ ਨਿਢਾਲ ਕਰ ਦਿੱਤਾ ਸੀ । ਅਖੀਰ ਉਹ ਸਮਾਂ ਆ ਗਿਆ ਜਦੋਂ ਜਲਾਦ ਉਸ ਸਿੱਖ ਕੌਮ ਦੇ ਮਹਾਨ ਸੂਰਮੇ ਨੂੰ ਸ਼ਹੀਦ ਕਰਨ ਲਈ ਅੱਗੇ ਵਧਿਆ। ਇਤਿਹਾਸਕਾਰ ਲਿਖਦੇ ਹਨ ਕਿ ਸਭ ਤੋਂ ਪਹਿਲਾਂ ਜਲਾਦ ਨੇ ਬਾਬਾ ਜੀ ਦੀਆਂ ਅੱਖਾਂ ਕੱਢੀਆਂ, ਫਿਰ ਹੱਥ ਤੇ ਪੈਰ ਕੱਟੇ, ਲਾਲ ਭੱਖਦੇ ਜੰਬੂਰਾਂ ਨਾਲ ਸਰੀਰ ਦਾ ਮਾਸ ਨੋਚਿਆ। ਅੰਤ ਸਿਰ ਕਲਮ ਕਰ ਕੇ ਸ਼ਹੀਦ ਕੀਤਾ ਗਿਆ।


 -ਡਾ. ਗੁਰਦੇਵ ਸਿੰਘ

ਬਾਬਾ ਬੰਦਾ ਸਿੰਘ ਬਹਾਦਰ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ

ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੧੧੦੫)

- Advertisement -

ਸਿੱਖ ਇਤਿਹਾਸ ਦੇ ਸਫੇ ਅਨੇਕ ਸ਼ਹਾਦਤਾਂ ਨਾਲ ਭਰੇ ਹੋਏ ਨੇ। ਇੰਨ੍ਹਾਂ ਸ਼ਹਾਦਤਾਂ ਵਿੱਚ ਸਿੱਖ ਰਾਜ ਦੀ ਸਥਾਪਨਾ ਕਰਨ ਵਾਲੇ, ਸਿੱਖ ਕੌਮ ਦਾ ਸਿਕਾ ਚਲਾਉਣ ਵਾਲੇ, ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਸੂਬਾ ਸਰਹਿੰਦ ਨੂੰ ਸੋਧਾ ਲਾਣ ਵਾਲੇ, ਸਿੱਖ ਕੌਮ ਦੇ ਮਹਾਨ ਨਾਇਕ ਸੂਰਬੀਰ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦਾ ਅੱਜ ਸ਼ਹੀਦੀ ਦਿਹਾੜਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤਾਂ 9 ਜੂਨ 1716 ਈਸਵੀ ਨੂੰ ਦਿੱਲੀ ਵਿਖੇ ਹੋਈ ਸੀ ਪਰ ਸਾਡੀ ਕੌਮ ਦੀ ਇੱਕ ਹੋਰ ਤ੍ਰਾਸਦੀ ਇਹ ਵੀ ਹੈ ਕਿ ਸਾਡੇ ਇਤਿਹਾਸਕ ਦਿਹਾੜਿਆਂ ਦੀ ਤਾਰੀਖਾਂ ਹਰ ਸਾਲ ਹੀ ਬਦਲ ਜਾਂਦੀਆਂ ਹਨ। ਨਾਨਕ ਸ਼ਾਹੀ ਕੈਲੰਡਰ ਅਨੁਸਾਰ ਬਾਬਾ ਜੀ ਦੀ ਸ਼ਹਾਦਤ ਇਸ ਵਰੇ ਜੂਨ 25 ਨੂੰ ਭਾਵ ਅੱਜ ਹੈ। ਆਉ ਬਾਬਾ ਜੀ ਮਹਾਨ ਸ਼ਹਾਦਤ ਨੂੰ ਯਾਦ ਕਰਦੇ ਹੋਏ ਸ਼ਹਾਦਤ ਦੇ ਅਸਲ ਕਾਰਨਾਂ ਅਤੇ ਸ਼ਹਾਦਤ ਕਿਵੇਂ ਹੋਈ ਬਾਰੇ ਜਾਨਣ ਦਾ ਯਤਨ ਕਰੀਏ।

ਕਸ਼ਮੀਰ ਦੇ ਪੁਣਛ ਇਲਾਕੇ ਵਿੱਚ 27 ਅਕਤੂਬਰ 1670 ਈਸਵੀ ਵਿੱਚ ਜਨਮੇ ਬਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਨਾਮ ਲਛਮਣ ਦੇਵ ਸੀ ਜਿਸ ਨੂੰ ਸ਼ਸਤਰ ਵਿੱਦਿਆ ਤੇ ਸ਼ਿਕਾਰ ਖੇਡਣ ਦਾ ਬਹੁਤ ਸ਼ੌਂਕ ਸੀ। ਇੱਕ ਵਾਰ ਜੰਗਲ ਵਿੱਚ ਆਪਣੇ ਤੀਰ ਨਾਲ ਗਰਭਵਤੀ ਹਿਰਨੀ ਦਾ ਸ਼ਿਕਾਰ ਕਰ ਬੈਠੇ। ਉਸ ਹਿਰਨੀ ਦੇ ਪੇਟ ਵਿਚੋਂ ਦੋ ਬੱਚੇ ਜਨਮੇ ਜੋ ਲਛਮਣ ਦੇਵ ਦੀਆਂ ਅੱਖਾਂ ਸਹਾਮਣੇ ਤੜਫ ਤੜਫ ਕੇ ਮਰ ਗਏ ਜਿਸ ਦਾ ਆਪ ਦੇ ਮਨ ‘ਤੇ ਗਹਿਰਾ ਅਸਰ ਹੋਇਆ। ਆਪ ਨੇ ਸ਼ਿਕਾਰ ਛੱਡ ਤੇ ਵੈਸ਼ਣਵ ਮਤ ਧਾਰਨ ਕਰ ਲਿਆ ਅਤੇ ਆਪਣਾ ਨਾਮ ਮਾਧੋ ਦਾਸ ਵੈਰਾਗੀ ਰੱਖ ਲਿਆ। ਭ੍ਰਮਣ ਕਰਦੇ ਹੋਏ ਆਪ ਨੇ ਅਪਣਾ ਟਿਕਾਣਾ ਗੋਦਾਵਰੀ ਦੇ ਕੰਢੇ ਜਾ ਕਰਿਆ। ਇਸ ਅਸਥਾਨ ‘ਤੇ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਨਾਲ ਆਪ ਸਿੰਘ ਸਜੇ। ਗੁਰੂ ਜੀ ਨੇ ਆਪ ਦਾ ਨਾਮ ਗੁਰਬਖਸ਼ ਸਿੰਘ ਰੱਖਿਆ। ਆਪ ਨੇ ਆਪਣੇ ਆਪ ਨੂੰ ਗੁਰੂ ਦਾ ਬੰਦਾ ਹੀ ਆਖਿਆ।  ਸਿੱਖ ਇਤਿਹਾਸ ਵਿੱਚ ਆਪ ਦਾ ਨਾਮ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਹੀ ਪ੍ਰਸਿੱਧ ਹੋਇਆ।

ਬਾਬਾ ਬੰਦਾ ਸਿੰਘ ਬਹਾਦਰ ਦੀ ਪੰਜਾਬ ‘ਤੇ ਚੜਾਈ ਤੇ ਸਰਹਿੰਦ ਫਤਿਹ ਕਰਨਾ

ਗੁਰੂ ਜੀ ਦੀ ਆਗਿਆ ਨਾਲ ਆਪ ਨੇ ਪੰਜਾਬ ਦੇ ਜ਼ਾਲਮਾਂ ‘ਤੇ ਚੜਾਈ ਕੀਤੀ ਤੇ ਸੋਨੀਪਤ, ਕੈਥਲ, ਸਮਾਣਾ, ਸਢੋਰਾ ਤੇ 1710 ਈਸਵੀ ਵਿੱਚ ਸਰਹੰਦ ਫਤਿਹ ਕਰਕੇ ਮੁਗਲ ਜ਼ਾਲਮਾਂ ਦੇ ਨਾਲ ਨਾਲ ਸੂਬਾ ਸਰਹੰਦ ਦਾ ਸੋਧਾ ਲਾਇਆ ਜੋ ਆਪ ਜੀ ਦੇ ਜੀਵਨ ਦਾ ਵੱਡਾ ਪ੍ਰਮੁੱਖ ਕਾਰਜ ਸੀ। ਆਪ ਨੇ ਸਰਹਿੰਦ ‘ਤੇ ਕੇਸਰੀ ਨਿਸ਼ਾਨ ਝੁਲਾਏ। ਸਰਹਿੰਦ ਦੀ ਜਿੱਤ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਮਲੇਰਕੋਟਲਾ, ਰਾਇ ਕੋਟ, ਜਲੰਧਰ ਦੁਆਬ, ਹੁਸ਼ਿਆਰਪੁਰ, ਬਟਾਲਾ, ਕਲਾਨੌਰ, ਪਠਾਨਕੋਟ, ਪੱਟੀ, ਅੰਮ੍ਰਿਤਸਰ, ਰਿਆੜਕੀ ਆਦਿ ਇਲਾਕਿਆਂ ਨੂੰ ਆਪਣੇ ਅਧੀਨ ਕਰਦੇ ਹੋਏ ਲਾਹੌਰ ਦੀਆਂ ਕੰਧਾਂ ਤੱਕ ਜਾ ਅੱਪੜੇ। ਦੂਸਰੇ ਪਾਸੇ ਦਿੱਲੀ ਤਖਤ ਵੀ ਹਰਖਤ ਵਿੱਚ ਆ ਗਿਆ ਤੇ ਬਾਦਸ਼ਾਹ ਨੇ ਪੰਜਾਬ ‘ਤੇ ਚੜਾਈ ਕਰ ਦਿੱਤੀ। ਉਧਰ ਬਾਬਾ ਬੰਦਾ ਸਿੰਘ ਬਹਾਦਰ ਨੇ 22 ਧਾਰ ਦੇ ਰਾਜਿਆਂ ਨੂੰ ਸਬਕ ਸਿਖਾਉਣ ਹਿਤ ਕੂਚ ਕਰ ਦਿੱਤਾ ਕਿਉਂਕਿ ਇਨ੍ਹਾਂ ਨੇ ਮੁਗਲਾਂ ਨਾਲ ਮਿਲ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁਧ ਅਤਿ ਨੀਚ ਘਾੜਤਾਂ ਘੜੀਆਂ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਰਾਜੇ ਭੀਮ ਚੰਦ ਨੂੰ ਹਰਾ ਕੇ ਕਹਿਲੂਰ ਦੀ ਰਾਜਧਾਨੀ ਬਿਲਾਸਪੁਰ ‘ਤੇ ਜਿੱਤ ਦੇ ਖਾਲਸਾਈ ਨਿਸ਼ਾਨ ਝੁਲਾਏ। ਬਾਅਦ ਵਿੱਚ ਮੰਡੀ, ਕੁਲੂ, ਨਾਹਨ ਅਤੇ ਹੋਰ ਵੀ ਕਈ ਪਹਾੜੀ ਰਾਜੇ ਖੁੱਦ ਹੀ ਸਿੱਖ ਫੌਜਾਂ ਦੀ ਸ਼ਰਨ ਵਿਚ ਆ ਗਏ। ਕੁਝ ਸਮਾਂ ਮੰਡੀ ਰੁਕਣ ਤੋਂ ਬਾਅਦ ਹੋਰ ਪਹਾੜੀ ਰਾਜਿਆਂ ਨੂੰ ਸੋਧਦੇ ਹੋਏ ਆਪ ਚੰਬੇ ਨੂੰ ਚਲੇ ਗਏ। ਉਥੇ ਹੀ ਆਪ ਦਾ ਚੰਬਾ ਦੇ ਰਾਜੇ ਉਦੈ ਸਿੰਘ ਦੀ ਬੇਟੀ ਰਾਜਕੁਮਾਰੀ ਸੁਸ਼ੀਲ ਨਾਲ ਵਿਆਹ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਨੇ  ਇੱਕ ਇੱਕ ਕਰਕੇ ਉਨ੍ਹਾਂ ਸਾਰੇ ਜ਼ਲਮਾਂ ਦਾ ਸੋਧਾ ਲਾਇਆ ਜਿਨ੍ਹਾਂ ਨੇ ਗੁਰੂ ਘਰ ਨਾਲ ਧ੍ਰੋਹ ਕਮਾਇਆ ਸੀ। ਸਿੱਖ ਵਿਰੋਧੀ ਤਾਕਤਾਂ ਸਿੱਖ ਤਾਕਤ ਨੂੰ ਘੱਟ ਕਰਨ ਲਈ ਅਪਣੀਆਂ ਚਾਲਾਂ ਚਲਦੀਆਂ ਹੀ ਰਹਿੰਦੀਆਂ ਹਨ। ਉਹ ਕਾਫੀ ਹੱਦ ਤਕ ਕਾਮਯਾਬ ਵੀ ਹੋਏ।

ਬਾਬਾ ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ

- Advertisement -

ਬਾਬਾ ਬੰਦਾ ਸਿੰਘ ਬਹਾਦਰ ਨੇ ਪਹਾੜੀਆਂ ਰਾਜਿਆਂ ਨੂੰ ਸੋਧ ਕੇ ਮੁੜ ਪੰਜਾਬ ਵੱਲ ਰੁਖ ਕੀਤਾ। ਆਪ ਨੇ ਆਖਰੀ ਜੰਗ ਲਾਹੌਰ ਦੇ ਸੂਬੇਦਾਰ ਅਬਦੁ ਸਮੱਦ ਖ਼ਾਂ ਨਾਲ ਗੁਰਦਾਸਪੁਰ ਤੋਂ ਚਾਰ ਮੀਲ ਪੱਛਮ ਵੱਲ ਗੁਰਦਾਸ ਨੰਗਲ ਦੀ ਗੜ੍ਹੀ ਵਿਚ ਕੀਤੀ। ਸਿੰਘਾਂ ਨੇ ਮੁਗਲ ਫੌਜ ਨੂੰ ਨੇੜੇ ਨਹੀਂ ਢੁੱਕਣ ਦਿੱਤਾ। ਮੁਗਲ ਫੌਜਦਾਰ ਸਿੰਘਾਂ ਨਾਲ ਸਿੱਧੀ ਜੰਗ ਤਾਂ ਨਹੀਂ ਕਰ ਸਕੇ ਉਨ੍ਹਾਂ ਨੇ ਗੜ੍ਹੀ ਦੀ ਘੇਰਾ ਬੰਦੀ ਕਰ ਲਈ ਜੋ ਅੱਠ ਮਹੀਨੇ ਤਕ ਰਹੀ। ਆਖਿਰ ਗੜ੍ਹੀ ਅੰਦਰ ਰਾਸ਼ਨ-ਪਾਣੀ ਦੀ ਕਿਲਤ ਹੋ ਗਈ। ਬਾਵਜੂਦ ਇਸ ਦੇ ਬਾਬਾ ਬੰਦਾ ਸਿੰਘ ਬਹਾਦਰ ਤੇ ਸਿੰਘ ਬਹਾਦਰੀ ਨਾਲ ਜੂਝਦੇ ਰਹੇ। ਅੰਤ ਅੱਠ ਮਹੀਨੇ ਦੀ ਜੰਗ ਤੋਂ ਬਾਅਦ 7 ਦਸੰਬਰ 1715 ਨੂੰ ਮੁਗਲ ਫ਼ੌਜ ਵਲੋਂ ਸਿੰਘ ਫੜ ਲਏ ਗਏ ਤੇ ਉਨ੍ਹਾਂ ਨੂੰ ਪਹਿਲਾਂ ਲਾਹੌਰ ਤੇ ਫਿਰ ਦਿੱਲੀ ਲਜਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਉਨ੍ਹਾਂ ਦੀ ਮਾਤਾ, ਸੁਪਤਨੀ ਸੁਸ਼ੀਲ ਕੌਰ ਤੇ ਤਿੰਨ-ਚਾਰ ਸਾਲ ਦਾ ਛੋਟੇ ਜਿਹੇ ਪੁੱਤਰ ਅਜੈ ਸਿੰਘ ਨੂੰ ਬੰਦੀ ਬਣਾ ਲਿਆ ਗਿਆ।  ਸਿੱਖ ਕੈਦੀਆਂ ਦੀ ਗਿਣਤੀ 700 ਤੋਂ ਜ਼ਿਆਦਾ ਸੀ ਅਤੇ ਨੇਜ਼ਿਆਂ ‘ਤੇ ਟੰਗੇ ਸਿਰਾਂ ਦੀ ਗਿਣਤੀ 2,000 ਤਕ ਇਤਿਹਾਸਕਾਰ ਲਿਖਦੇ ਹਨ । ਇਸ ਤੋਂ ਇਲਾਵਾ 700 ਗੱਡੇ ਸਿੱਖਾਂ ਦੇ ਕੱਟੇ ਸਿਰਾਂ ਦੇ ਲੱਦੇ ਹੋਏ ਸਨ। ਕਈ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਗੜੀ ਵਿੱਚੋਂ ਤਾਂ ਕੇਵਲ ਥੋੜੇ ਹੀ ਸਿੰਘ ਕੈਦ ਕੀਤੇ ਸਨ ਪਰ ਦਿੱਲੀ ਦੇ ਬਾਦਸ਼ਾਹ ਫ਼ਰੁੱਖ਼ਸ਼ੀਅਰ ਨੂੰ ਇਹ ਦਰਸਾਉਣ ਲਈ ਕਿ ਸਿੰਘਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਤਾਂ ਹੀ ਜੰਗ ਲੰਬੀ ਚੱਲੀ ਇਸ ਦੇ ਲਈ ਫੌਜਦਾਰ ਵਲੋਂ ਗੈਰ ਮੁਸਲਮਾਨਾਂ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਤੇ ਬੰਦੀ ਸਿੰਘਾਂ ਨੂੰ ਪਹਿਲਾਂ ਲਾਹੌਰ ਤੇ ਫਿਰ ਦਿੱਲੀ ਦੀਆਂ ਗਲੀਆਂ ਵਿੱਚ ਜਲੂਸ ਦੇ ਰੂਪ ਵਿਚ ਘੁਮਾਇਆ ਗਾਇਆ ਤੇ ਅਪਮਾਨਿਤ ਕੀਤਾ ਗਿਆ। ਸਰਬਰਾਹ ਖ਼ਾਂ ਕੋਤਵਾਲ ਨੇ ਦਿੱਲੀ ਦੇ ਤ੍ਰਿਪੋਲੀਆ ਦਰਵਾਜ਼ੇ ਦੇ ਚਬੂਤਰਾ ਕੋਤਵਾਲੀ ਦੇ ਸਾਹਮਣੇ ਲਗਭਗ 700 ਕੈਦੀ ਸਿੰਘਾਂ ਦਾ ਕਤਲ ਕੀਤਾ। ਪ੍ਰਤੀਦਿਨ ਸੌ ਸਿੱਖਾਂ ਨੂੰ ਕਤਲ ਕੀਤਾ ਜਾਂਦਾ ਸੀ ਇਹ ਸਿਲਸਿਲਾ ਸੱਤ ਦਿਨ ਜਾਰੀ ਰਿਹਾ। ਬਾਬਾ ਬੰਦਾ ਸਿੰਘ ਜੀ ਤੇ ਸਾਥੀਆਂ ਨੂੰ ਤਿੰਨ ਮਹੀਨੇ ਬੰਦੀਖ਼ਾਨੇ ‘ਚ ਸਖ਼ਤ ਤਸੀਹੇ ਦਿੱਤੇ ਗਏ ਤੇ 9 ਜੂਨ 1716 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕਰਨ ਦਾ ਦਿਨ ਰੱਖਿਆ ਗਿਆ।

ਬਾਬਾ ਬੰਦਾ ਸਿੰਘ ਬਹਾਦਰ ਅਤੇ ਚਾਰ ਸਾਲਾ ਅਜੈ ਸਿੰਘ ਦੀ ਸ਼ਹਾਦਤ

ਜ਼ਾਲਮਾਂ  ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦੀ ਵਿੱਚ ਬਾਬਾ ਜੀ ਦੇ ਮਾਸੂਮ ਪੁੱਤਰ ਅਜੈ ਸਿੰਘ ਨੂੰ ਬਿਠਾਇਆ ਤੇ ਉਸ ਨੂੰ ਕਤਲ ਕਰਨ ਨੂੰ ਕਿਹਾ ਗਿਆ ਪਰ ਬਾਬਾ ਜੀ ਨੇ ਕੜਕਵੀਂ ਆਵਾਜ਼ ਵਿੱਚ ਕਿਹਾ ਕਿ ਗੁਰੂ ਦਾ ਸਿੱਖ ਕਿਸੇ ਨਿਹੱਥੇ ‘ਤੇ, ਇਸਤਰੀ ‘ਤੇ ਅਤੇ ਬੱਚੇ ‘ਤੇ ਕਦੀ ਵਾਰ ਨਹੀਂ ਕਰਦਾ ਇਹ ਮੇਰੇ ਗੁਰੂ ਦੇ ਹੁਕਮ ਦੇ ਖਿਲਾਫ ਹੈ। ਜਲਾਦਾਂ ਨੇ ਬਾਬਾ ਜੀ ਦੀਆਂ ਅੱਖਾਂ ਸਾਹਮਣੇ ਉਸ ਮਾਸੂਮ ਦਾ ਛਾਤੀ ਚੀਰ ਦਿੱਤੀ ਅਤੇ ਦਰਦ ਨਾਲ ਤੜਫਦੇ ਬੱਚੇ ਦਾ ਦਿੱਲ ਕੱਢ ਕੇ ਬੇੜੀਆਂ ਵਿੱਚ ਜਕੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨਿਆ। ਬਾਬਾ ਜੀ ਦੇ ਸਾਹਮਣੇ ਉਸ ਮਾਸੂਮ ਬੱਚੇ ਦੇ ਟੋਟੇ ਟੋਟੇ ਕੀਤੇ ਗਏ। ਅਡੋਲ ਬੈਠੇ ਸੂਰਮੇ ਦੀਆਂ ਅੱਖਾਂ ਗੁੱਸੇ ਚ ਲਾਲ ਸਨ ਤੇ ਡੌਲੇ ਜੋਸ਼ ਵਿੱਚ ਫੜਕ ਰਹੇ ਸਨ ਪਰ ਬੇੜੀਆਂ ਦੀ ਤਾਕਤ ਨੇ ਕਈ ਦਿਨਾਂ ਦੇ ਭੁਖੇ ਸ਼ੇਰ ਨੂੰ ਨਿਢਾਲ ਕਰ ਦਿੱਤਾ ਸੀ । ਅਖੀਰ ਉਹ ਸਮਾਂ ਆ ਗਿਆ ਜਦੋਂ ਜਲਾਦ ਉਸ ਸਿੱਖ ਕੌਮ ਦੇ ਮਹਾਨ ਸੂਰਮੇ ਨੂੰ ਸ਼ਹੀਦ ਕਰਨ ਲਈ ਅੱਗੇ ਵਧਿਆ। ਇਤਿਹਾਸਕਾਰ ਲਿਖਦੇ ਹਨ ਕਿ ਸਭ ਤੋਂ ਪਹਿਲਾਂ ਜਲਾਦ ਨੇ ਬਾਬਾ ਜੀ ਦੀਆਂ ਅੱਖਾਂ ਕੱਢੀਆਂ, ਫਿਰ ਹੱਥ ਤੇ ਪੈਰ ਕੱਟੇ, ਲਾਲ ਭੱਖਦੇ ਜੰਬੂਰਾਂ ਨਾਲ ਸਰੀਰ ਦਾ ਮਾਸ ਨੋਚਿਆ। ਅੰਤ ਸਿਰ ਕਲਮ ਕਰ ਕੇ ਸ਼ਹੀਦ ਕੀਤਾ ਗਿਆ। ਇਸ ਤਰ੍ਹਾਂ 9 ਜੂਨ 1716 ਈਸਵੀ ਨੂੰ ਖਾਲਸਾ ਪੰਥ ਦਾ ਇੱਕ ਮਹਾਂ ਨਾਇਕ ਸੈਂਕੜੇ ਸਿੰਘਾਂ ਨਾਲ ਆਪਣੀ ਸਿੱਖੀ ਤੋੜ ਨਿਭਾਅ ਗਿਆ।

ਇਤਿਹਾਸ ਗਵਾਹ ਏ ਕਿ ਮੁਗਲਾਂ ਵਲੋਂ ਸਿੰਘਾਂ ਨੂੰ ਧੰਨ, ਦੋਲਤ, ਜਗੀਰਾਂ ਆਦਿ ਦੇ ਅਨੇਕ ਲੁਭਾਊ ਲਾਲਚ ਦਿੱਤੇ ਗਏ ਪਰ ਇੱਕ ਵੀ ਸਿੰਘ ਆਪਣੇ ਧਰਮ ਤੋਂ ਬੇਮੁਖ ਨਹੀਂ ਹੋਇਆ। ਸਿੱਖਾਂ ਨੂੰ ਜਦੋਂ ਜਾਲਮਾਂ ਨੇ ਸ਼ਹੀਦ ਕਰਨ ਦੇ ਨਿਰਦਈ ਹੁਕਮ ਜਾਰੀ ਕੀਤੇ ਤਾਂ ਵੀ ਸਿੰਘ ਡਰੇ ਨਹੀਂ ਸਗੋਂ ਸ਼ਹਾਦਤਾਂ ਦੇਣ ਲਈ ਇੱਕ ਦੂਜੇ ਦੇ ਅੱਗੇ ਹੋ ਕੇ ਆਪ ਜਲਾਦ ਦੇ ਅੱਗੇ ਸਿਰ ਕੱਟਣ ਲਈ ਕਰ ਰਹੇ ਸਨ। ਧੰਨ ਨੇ ਉਹ ਸਿੰਘ ਤੇ ਉਨ੍ਹਾਂ ਦਾ ਸਿੱਖੀ ਦੀ ਕਮਾਈ। ਬਾਬਾ ਬੰਦਾ ਸਿੰਘ ਬਹਾਦਰ ਅਤੇ ਸੈਕੜੇਂ ਸਿੰਘਾਂ ਦੀ ਇਹ ਮਹਾਨ ਸ਼ਹਾਦਤ ਸਦਾ ਸਮੁੱਚੀ ਸਿੱਖ ਕੌਮ ਲਈ ਚਾਨਣ ਮੁਨਾਰਾ ਰਹੇਗੀ। ਅਸੀਂ ਗੁਰੂ ਵਰੋਸਾਇ ਇੰਨ੍ਹਾਂ ਸਮੂਹ ਸਿਦਕੀ ਸਿੰਘਾਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹਾਂ।

 

Share this Article
Leave a comment