ਸ਼ਬਦ ਵਿਚਾਰ -151- ਨ ਜਾਣਾ ਮੇਉ ਨ ਜਾਣਾ ਜਾਲੀ ॥ ਜਾ ਦੁਖੁ ਲਾਗੈ ਤਾ ਤੁਝੈ ਸਮਾਲੀ ॥ … ਡਾ. ਗੁਰਦੇਵ ਸਿੰਘ

TeamGlobalPunjab
7 Min Read

*ਡਾ. ਗੁਰਦੇਵ ਸਿੰਘ

ਵਾਹਿਗੁਰੂ ਅਕਾਲ ਪੁਰਖ ਕਣ ਕਣ ਵਿੱਚ ਰਮਿਆ ਹੋਇਆ ਹੈ। ਬਸ ਉਸ ਨੂੰ ਦੇਖਣ ਦੀ ਅੱਖ ਚਾਹੀਦੀ ਹੈ। ਗੁਰਬਾਣੀ ਸਾਨੂੰ ਉਹ ਗਿਆਨ ਦੀ ਅੱਖ ਪ੍ਰਦਾਨ ਕਰਦੀ ਹੈ ਜਿਸ ਨਾਲ ਅਸੀਂ ਉਸ ਪ੍ਰਮਾਤਮਾ ਨੂੰ ਦੇਖ ਸਕਦੇ ਹਾਂ, ਉਸ ਨੂੰ ਮਹਿਸੂਸ ਕਰ ਸਕਦੇ ਹਾਂ। ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਬਾਣੀ ਦਾ ਸ਼ਬਦ ਨ ਜਾਣਾ ਮੇਉ ਨ ਜਾਣਾ ਜਾਲੀ॥ ਜਾ ਦੁਖੁ ਲਾਗੈ ਤਾ ਤੁਝੈ ਸਮਾਲੀ॥ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 24’ਤੇ ਅੰਕਿਤ ਹੈ। ਸਿਰੀ ਰਾਗ ਦਾ ਇਹ319ਵਾਂ ਸ਼ਬਦ ਹੈ। ਇਸ ਸ਼ਬਦ ਵਿੱਚ ਗੁਰੂ ਸਾਹਿਬ ਸਾਨੂੰ ਵੱਖ ਵੱਖ ਉਦਾਹਰਣਾਂ ਰਾਹੀਂ  ਉਸ ਅਕਾਲ ਪੁਰਖ ਦੇ ਕਣ ਕਣ ਵਿਚ ਰਮੇ ਹੋਏ ਸਰੂਪ ਦਾ ਗਿਆਨ ਬਖਸ਼ ਰਹੇ ਹਨ : 

ਸਿਰੀਰਾਗੁ ਮਹਲਾ ੧ ਘਰੁ ੪ ॥ ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ ॥ ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ ਫੂਟਿ ਮਰਾ ॥੧॥

ਪਦ ਅਰਥ: ਦਾਨਾ = ਜਾਣਨ ਵਾਲਾ। ਬੀਨਾ = ਵੇਖਣ ਵਾਲਾ {ਬੀਨਾਈ = ਨਜ਼ਰ}। ਮਛੁਲੀ = ਛੋਟੀ ਜਿਹੀ ਮੱਛੀ। ਮੈ ਕੈਸੇ ਲਹਾ = (ਲਹਾਂ) ਮੈਂ ਕਿਵੇਂ ਲੱਭਾਂ? ਮੈਂ ਨਹੀਂ ਲੱਭ ਸਕਦੀ। ਜਹ ਜਹ = ਜਿਧਰ ਜਿਧਰ। ਦੇਖਾ = ਦੇਖਾਂ, ਮੈਂ ਵੇਖਦੀ ਹਾਂ। ਤੇ = ਤੋਂ। ਨਿਕਸੀ = ਨਿਕਲੀ ਹੋਈ, ਵਿੱਛੁੜੀ ਹੋਈ। ਫੂਟਿ ਮਰਾ = (ਮਰਾਂ) ਮੈਂ ਫੁੱਟ ਕੇ ਮਰ ਜਾਂਦੀ ਹਾਂ।1।

ਅਰਥ: ਹੇ ਪ੍ਰਭੂ! ਤੂੰ (ਇਕ) ਦਰੀਆ (ਸਮਾਨ ਹੈਂ) , ਮੈਂ (ਤੇਰੇ ਵਿਚ ਰਹਿਣ ਵਾਲੀ) ਇਕ ਨਿੱਕੀ ਜਿਹੀ ਮੱਛੀ ਹਾਂ। ਮੈਂ ਤੇਰਾ ਅਖ਼ੀਰਲਾ ਬੰਨਾ ਨਹੀਂ ਲੱਭ ਸਕਦੀ। (ਮੇਰੀ ਹਾਲਤ) ਤੂੰ ਹੀ ਜਾਣਦਾ ਹੈਂ, ਤੂੰ ਹੀ (ਨਿਤ) ਦੇਖਦਾ ਹੈਂ। ਮੈਂ (ਮੱਛੀ ਤੈਂ ਦਰੀਆ ਵਿਚ) ਜਿਧਰ ਵੇਖਦੀ ਹਾਂ ਉਧਰ ਉਧਰ ਤੂੰ (ਦਰੀਆ ਹੀ ਦਰੀਆ) ਹੈ। ਜੇ ਮੈਂ ਤੈਂ ਦਰੀਆ ਵਿਚੋਂ ਬਾਹਰ ਨਿਕਲ ਜਾਵਾਂ, ਤਾਂ ਉਸੇ ਵੇਲੇ ਤੜਫ ਮਰਦੀ ਹਾਂ (ਮੇਰਾ ਜੀਵਨ ਤੇਰੇ ਹੀ ਆਸਰੇ ਹੈ) ।1।

ਨ ਜਾਣਾ ਮੇਉ ਨ ਜਾਣਾ ਜਾਲੀ ॥ ਜਾ ਦੁਖੁ ਲਾਗੈ ਤਾ ਤੁਝੈ ਸਮਾਲੀ ॥੧॥ ਰਹਾਉ ॥

ਮੇਉ = ਮਲਾਹ, ਮਾਛੀ {ਨੋਟ: ਦਰਿਆਵਾਂ ਦੇ ਕੰਢੇ ਮਲਾਹ ਹੀ ਆਮ ਤੌਰ ਤੇ ਮੱਛੀਆਂ ਫੜਨ ਦਾ ਭੀ ਕੰਮ ਕਰਦੇ ਹਨ}। ਸਮਾਲੀ = ਸਮਾਲੀਂ, ਮੈਂ ਯਾਦ ਕਰਦੀ ਹਾਂ।1। ਰਹਾਉ।

(ਹੇ ਦਰੀਆ-ਪ੍ਰਭੂ! ਤੈਥੋਂ ਵਿਛੋੜਨ ਵਾਲੇ) ਨਾਹ ਮੈਨੂੰ ਮਾਛੀ ਦੀ ਸਮਝ ਹੈ, ਨਾਹ ਹੀ ਉਸ ਦੇ ਜਾਲ ਦੀ (ਉਹਨਾਂ ਤੋਂ ਬਚਣਾ ਮੇਰੇ ਵੱਸ ਦੀ ਗੱਲ ਨਹੀਂ) । (ਤੈਥੋਂ ਵਿਛੋੜਨ ਵਾਸਤੇ) ਜਦੋਂ ਮੈਨੂੰ ਕੋਈ (ਆਤਮਕ) ਦੁੱਖ ਵਿਆਪਦਾ ਹੈ, ਤਾਂ ਮੈਂ ਤੈਨੂੰ ਹੀ ਯਾਦ ਕਰਦੀ ਹਾਂ।1। ਰਹਾਉ।

ਤੂ ਭਰਪੂਰਿ ਜਾਨਿਆ ਮੈ ਦੂਰਿ ॥ ਜੋ ਕਛੁ ਕਰੀ ਸੁ ਤੇਰੈ ਹਦੂਰਿ ॥ ਤੂ ਦੇਖਹਿ ਹਉ ਮੁਕਰਿ ਪਾਉ ॥ ਤੇਰੈ ਕੰਮਿ ਨ ਤੇਰੈ ਨਾਇ ॥੨॥

ਭਰਪੂਰਿ = ਨਕਾ ਨਕ, ਹਰ ਥਾਂ ਮੌਜੂਦ। ਕਰੀ = ਕਰੀਂ, ਮੈਂ ਕਰਦਾ ਹਾਂ। ਤੇਰੈ ਹਦੂਰਿ = ਤੇਰੀ ਹਾਜ਼ਰੀ ਵਿਚ, ਤੂੰ ਵੇਖ ਲੈਂਦਾ ਹੈਂ। ਮੁਕਰਿ ਪਾਉ = ਮੈਂ ਮੁੱਕਰ ਜਾਂਦਾ ਹਾਂ। ਤੇਰੈ ਕੰਮਿ = ਤੇਰੇ ਕੰਮ ਵਿਚ। ਤੇਰੈ ਨਾਇ = ਤੇਰੇ ਨਾਮ ਵਿਚ।2।

ਹੇ ਪ੍ਰਭੂ! ਤੂੰ (ਇਸ ਜਗਤ ਵਿਚ) ਹਰ ਥਾਂ ਮੌਜੂਦ ਹੈਂ, ਮੈਂ ਤੈਨੂੰ ਕਿਤੇ ਦੂਰ ਵੱਸਦਾ ਸਮਝਿਆ ਹੋਇਆ ਹੈ (ਅਸਲ ਗੱਲ ਇਹ ਹੈ ਕਿ) ਜੋ ਕੁਝ ਮੈਂ ਕਰਦਾ ਹਾਂ, ਉਹ ਤੇਰੀ ਹਜ਼ੂਰੀ ਵਿਚ ਹੀ ਕਰ ਰਿਹਾ ਹਾਂ, ਤੂੰ ਸਭ ਕੁਝ ਵੇਖਦਾ ਹੈਂ (ਫਿਰ ਭੀ) ਮੈਂ ਆਪਣੇ ਕੀਤੇ ਕੰਮਾਂ ਤੋਂ ਮੁੱਕਰ ਜਾਂਦਾ ਹਾਂ। ਮੈਂ ਨਾਹ ਉਸ ਕੰਮ ਵਿਚ ਲੱਗਦਾ ਹਾਂ ਜੋ ਤੈਨੂੰ ਪਰਵਾਨ ਹੋਵੇ, ਨਾਹ ਹੀ ਮੈਂ ਤੇਰੇ ਨਾਮ ਵਿਚ ਜੁੜਦਾ ਹਾਂ।2।

ਜੇਤਾ ਦੇਹਿ ਤੇਤਾ ਹਉ ਖਾਉ ॥ ਬਿਆ ਦਰੁ ਨਾਹੀ ਕੈ ਦਰਿ ਜਾਉ ॥ ਨਾਨਕੁ ਏਕ ਕਹੈ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੈ ਪਾਸਿ ॥੩॥

ਜੇਤਾ = ਜਿਤਨਾ ਕੁਝ। ਦੇਹਿ = ਤੂੰ ਦੇਂਦਾ ਹੈਂ। ਹਉ = ਮੈਂ। ਬਿਆ = ਦੂਜਾ। ਦਰੁ = ਦਰਵਾਜਾ, ਘਰ। ਕੈ ਦਰਿ = ਕਿਸ ਦੇ ਦਰ ਤੇ? ਜਾਉ = ਜਾਉਂ, ਮੈਂ ਜਾਵਾਂ। ਤੇਰੈ ਪਾਸਿ = ਤੇਰੇ ਕੋਲ, ਤੇਰੇ ਹਵਾਲੇ ਹਨ, ਤੇਰੇ ਹੀ ਆਸਰੇ ਹਨ।3।

ਹੇ ਪ੍ਰਭੂ! ਜੋ ਕੁਝ ਤੂੰ ਮੈਨੂੰ ਦੇਂਦਾ ਹੈਂ, ਮੈਂ ਉਹੀ ਖਾਂਦਾ ਹਾਂ, ਕੋਈ ਹੋਰ ਦਰਵਾਜ਼ਾ ਨਹੀਂ ਹੈ ਜਿਥੇ ਮੈਂ ਜਾਵਾਂ (ਤੇ ਸਵਾਲੀ ਬਣਾਂ) । ਨਾਨਕ ਸਿਰਫ਼ ਇਹ ਬੇਨਤੀ ਕਰਦਾ ਹੈ ਕਿ ਇਹ ਜਿੰਦ ਤੇਰੀ ਹੀ ਦਿੱਤੀ ਹੋਈ ਹੈ ਇਹ ਸਰੀਰ ਤੇਰਾ ਹੀ ਦਿੱਤਾ ਹੋਇਆ ਹੈ, ਇਹ ਸਭ ਕੁਝ ਤੇਰੇ ਹੀ ਆਸਰੇ ਰਹਿ ਸਕਦਾ ਹੈ।3।

ਆਪੇ ਨੇੜੈ ਦੂਰਿ ਆਪੇ ਹੀ ਆਪੇ ਮੰਝਿ ਮਿਆਨੋੁ ॥ ਆਪੇ ਵੇਖੈ ਸੁਣੇ ਆਪੇ ਹੀ ਕੁਦਰਤਿ ਕਰੇ ਜਹਾਨੋੁ ॥ ਜੋ ਤਿਸੁ ਭਾਵੈ ਨਾਨਕਾ ਹੁਕਮੁ ਸੋਈ ਪਰਵਾਨੋੁ ॥੪॥੩੧॥ 

ਮੰਝਿ = ਵਿਚਕਾਰ। ਮਿਆਨੋੁ, ਜਹਾਨੋੁ, ਪਰਵਾਨੋੁ = {ਨੋਟ: ਅਸਲ ਲਫ਼ਜ਼ ਹਨ– ਮਿਆਨੁ, ਜਹਾਨੁ, ਪਰਵਾਨੁ। ਛੰਦ ਦੀ ਚਾਲ ਪੂਰੀ ਰੱਖਣ ਲਈ ਇਕ ਮਾਤ੍ਰਾ ਵਧਾਈ ਗਈ ਹੈ, ਇਹ ਪੜ੍ਹਨੇ ਹਨ– ਮਿਆਨੋ, ਜਹਾਨੋ, ਪਰਵਾਨੋ}। ਮਿਆਨੁ = ਦਰਮਿਆਨ, ਵਿਚਕਾਰਲਾ ਹਿੱਸਾ। ਤਿਸੁ ਭਾਵੈ = ਉਸ ਪ੍ਰਭੂ ਨੂੰ ਚੰਗਾ ਲੱਗੇ। ਕੁਦਰਤਿ = ਸੱਤਿਆ, ਤਾਕਤ।4।

ਪ੍ਰਭੂ ਆਪ ਹੀ ਹਰੇਕ ਜੀਵ ਦੇ ਨੇੜੇ ਹੈ, ਆਪ ਹੀ ਦੂਰ ਭੀ ਹੈ, ਆਪ ਹੀ ਸਾਰੇ ਜਗਤ ਵਿਚ ਮੌਜੂਦ ਹੈ। ਪ੍ਰਭੂ ਆਪ ਹੀ ਹਰੇਕ ਜੀਵ ਦੀ ਸੰਭਾਲ ਕਰਦਾ ਹੈ, ਆਪ ਹੀ ਹਰੇਕ ਦੀ ਅਰਜ਼ੋਈ ਸੁਣਦਾ ਹੈ, ਆਪ ਹੀ ਆਪਣੀ ਸੱਤਿਆ ਨਾਲ ਜਗਤ ਪੈਦਾ ਕਰਦਾ ਹੈ। ਹੇ ਨਾਨਕ! ਜੋ ਹੁਕਮ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹਰੇਕ ਜੀਵ ਨੂੰ ਕਬੂਲ ਕਰਨਾ ਪੈਂਦਾ ਹੈ।4। 31।

ਗੁਰੂ ਸਾਹਿਬ ਕਿਰਪਾ ਕਰ ਰਹੇ ਹਨ ਕਿ ਹੇ ਭਾਈ ਮੱਛੀ ਦੇ ਨਿਆਈ ਆਪਣੀ ਅਵਸਥਾ ਬਣਾ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਇੱਕ ਪਲ ਦਾ ਵੀ ਵਿਛੋੜਾ ਨਹੀਂ ਸਹਿ ਸਕਦੀ ਹੈ ਉਸ ਤਰਾਂ ਤੂੰ ਵੀ ਉਸ ਦੇ ਵਿਛੋੜੇ ਮਹਿਸੂਸ ਕਰ। ਅਜਿਹੀ ਤੜਪ ਉਸ ਅਕਾਲ ਪੁਰਖ ਨੂੰ ਮਿਲਣ ਦੀ ਰੱਖ ਜਿਵੇਂ ਮੱਛੀ ਦੀ ਪਾਣੀ ਲਈ ਹੁੰਦੀ ਹੈ। ਉਸ ਨੂੰ ਆਪਣੇ ਨੇੜੇ ਸਮਝ। ਉਹ ਜਗਤ ਦਾ ਰਚਣਹਾਰਾ ਹੈ। ਉਹ ਖੰਡਾਂ ਬ੍ਰਹਮੰਡਾਂ ਦਾ ਮਾਲਕ ਹੈ। ਉਸ ਦੇ ਭਾਣੇ ਵਿੱਚ ਰਹਿਣਾ ਸਿੱਖਣਾ ਚਾਹੀਦਾ ਹੈ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚਲੇ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਸੁਝਾਅ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਜੀ।

*[email protected]

Share This Article
Leave a Comment