ਸ਼ਬਦ ਵਿਚਾਰ -150
ਕਾਹੇ ਜੀਅ ਕਰਹਿ ਚਤੁਰਾਈ ॥ ਲੇਵੈ ਦੇਵੈ ਢਿਲ ਨ ਪਾਈ …
*ਡਾ. ਗੁਰਦੇਵ ਸਿੰਘ
ਜਗਤ ਵਿੱਚ ਸਿਆਣੇ ਤੋਂ ਸਿਆਣੇ ਮਨੁੱਖ ਬੈਠੇ ਹਨ। ਵੱਡੇ ਵੱਡੇ ਵਿਦਵਾਨ ਵੀ ਇਸ ਸੰਸਾਰ ਵਿੱਚ ਵਿਚਰ ਰਹੇ ਹਨ। ਬਹੁਤ ਸਾਰੇ ਇਨਸਾਨ ਆਪਣੀ ਬੁੱਧੀ ‘ਤੇ ਮਾਣ ਕਰਨਾ ਵੀ ਸ਼ੁਰੂ ਕਰ ਦਿੰਦੇ ਹਨ ਉਹ ਭੁੱਲ ਜਾਂਦੇ ਹਨ ਕਿ ਇਸ ਨੂੰ ਦੇਣ ਵਾਲਾ ਕੋਈ ਹੋਰ ਹੈ ਤੇ ਕਿੰਨਾ ਸ਼ਕਤੀਸ਼ਾਲੀ ਹੈ।
ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਬਾਣੀ ਦਾ ਸ਼ਬਦ “ਕਾਹੇ ਜੀਅ ਕਰਹਿ ਚਤੁਰਾਈ ॥ ਲੇਵੈ ਦੇਵੈ ਢਿਲ ਨ ਪਾਈ ॥” ਦੀ ਵਿਚਾਰ ਕਰਾਂਗੇ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 25’ਤੇ ਅੰਕਿਤ ਹੈ। ਸਿਰੀ ਰਾਗ ਦਾ ਇਹ 30ਵਾਂ ਸ਼ਬਦ ਹੈ। ਇਸ ਸ਼ਬਦ ਵਿੱਚ ਗੁਰੂ ਸਾਹਿਬ ਸਾਨੂੰ ਸਭ ਦਾਤਾਂ ਦੇ ਦਾਤਾਰ ਪ੍ਰਭੂ ਦੀ ਸੋਝੀ ਦੇ ਰਹੇ ਹਨ :
ਸਿਰੀਰਾਗੁ ਮਹਲਾ ੧ ਘਰੁ ੪ ॥ ਏਕਾ ਸੁਰਤਿ ਜੇਤੇ ਹੈ ਜੀਅ ॥ ਸੁਰਤਿ ਵਿਹੂਣਾ ਕੋਇ ਨ ਕੀਅ ॥ ਜੇਹੀ ਸੁਰਤਿ ਤੇਹਾ ਤਿਨ ਰਾਹੁ ॥ ਲੇਖਾ ਇਕੋ ਆਵਹੁ ਜਾਹੁ ॥੧॥
ਪਦ ਅਰਥ: ਸੁਰਤਿ = ਸੂਝ। ਏਕਾ ਸੁਰਤਿ = ਇਕ (ਪਰਮਾਤਮਾ ਦੀ ਦਿੱਤੀ ਹੋਈ) ਸੂਝ। ਜੀਅ = {‘ਜੀਉ’ ਤੋਂ ਬਹੁ-ਵਚਨ} ਜੀਵ। ਜੇਤੇ = ਜਿਤਨੇ। ਵਿਹੂਣਾ = ਸੱਖਣਾ। ਕੀਅ = ਪੈਦਾ ਕੀਤਾ। ਤਿਨ ਰਾਹੁ = ਉਹਨਾਂ ਜੀਵਾਂ ਦਾ ਜੀਵਨ-ਰਸਤਾ। ਲੇਖਾ ਇਕੋ = ਇਕ ਪਰਮਾਤਮਾ ਹੀ ਇਹ ਲੇਖਾ ਰੱਖਦਾ ਹੈ। ਆਵਹੁ ਜਾਹੁ = (ਮਿਲੀ ਸੁਰਤਿ ਅਨੁਸਾਰ) ਜੀਵ ਆਉਂਦੇ ਤੇ ਜਾਂਦੇ ਹਨ।1।
ਅਰਥ: ਜਿਤਨੇ ਭੀ ਜੀਵ ਹਨ (ਇਹਨਾਂ ਸਭਨਾਂ ਦੇ ਅੰਦਰ) ਇਕ ਪਰਮਾਤਮਾ ਦੀ ਹੀ ਬਖ਼ਸ਼ੀ ਹੋਈ ਸੂਝ ਕੰਮ ਕਰ ਰਹੀ ਹੈ, (ਪਰਮਾਤਮਾ ਨੇ) ਕੋਈ ਭੀ ਐਸਾ ਜੀਵ ਪੈਦਾ ਨਹੀਂ ਕੀਤਾ ਜਿਸ ਨੂੰ ਸੂਝ ਤੋਂ ਵਿਰਵਾ ਰੱਖਿਆ ਹੋਵੇ। ਜਿਹੋ ਜਿਹੀ ਸੂਝ (ਪ੍ਰਭੂ ਜੀਵਾਂ ਨੂੰ ਦੇਂਦਾ ਹੈ) ਉਹੋ ਜਿਹਾ ਜੀਵਨ-ਰਸਤਾ ਉਹ ਫੜ ਲੈਂਦੇ ਹਨ। (ਉਸੇ ਮਿਲੀ ਸੂਝ ਅਨੁਸਾਰ) ਜੀਵ (ਜਗਤ ਵਿਚ) ਆਉਂਦੇ ਹਨ ਤੇ (ਇੱਥੋਂ) ਚਲੇ ਜਾਂਦੇ ਹਨ। ਇਹ ਮਰਯਾਦਾ ਤੋਰਨ ਵਾਲਾ ਪ੍ਰਭੂ ਆਪ ਹੀ ਹੈ।1।
ਕਾਹੇ ਜੀਅ ਕਰਹਿ ਚਤੁਰਾਈ ॥ ਲੇਵੈ ਦੇਵੈ ਢਿਲ ਨ ਪਾਈ ॥੧॥ ਰਹਾਉ ॥
ਜੀਅ = ਹੇ ਜੀਵ! ਲੇਵੈ = (ਜੀਵ ਤੋਂ ਸੂਝ) ਖੋਹ ਲੈਂਦਾ ਹੈ।1। ਰਹਾਉ।
ਹੇ ਜੀਵ! ਤੂੰ (ਆਪਣੀ ਚੰਗੀ ਸੂਝ-ਅਕਲ ਵਿਖਾਣ ਲਈ) ਕਿਉਂ ਚਲਾਕੀ ਕਰਦਾ ਹੈਂ? ਉਹ ਪਰਮਾਤਮਾ ਹੀ (ਜੀਵਾਂ ਨੂੰ ਸੂਝ) ਦੇਂਦਾ ਭੀ ਹੈ ਤੇ ਲੈ ਭੀ ਲੈਂਦਾ ਹੈ, ਰਤਾ ਚਿਰ ਨਹੀਂ ਲਾਂਦਾ।1। ਰਹਾਉ।
ਤੇਰੇ ਜੀਅ ਜੀਆ ਕਾ ਤੋਹਿ ॥ ਕਿਤ ਕਉ ਸਾਹਿਬ ਆਵਹਿ ਰੋਹਿ ॥ ਜੇ ਤੂ ਸਾਹਿਬ ਆਵਹਿ ਰੋਹਿ ॥ ਤੂ ਓਨਾ ਕਾ ਤੇਰੇ ਓਹਿ ॥੨॥
ਤੋਹਿ = ਤੂੰ। ਕਿਤ ਕਿਉ = ਕਿਉਂ? ਸਾਹਿਬ = ਹੇ ਸਾਹਿਬ! ਰੋਹਿ = ਰੋਹ ਵਿਚ, ਗੁੱਸੇ ਵਿਚ। ਓਹਿ = ਉਹ ਸਾਰੇ ਜੀਵ।2।
ਹੇ ਮਾਲਕ-ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਸਾਰੇ ਜੀਵਾਂ ਦਾ ਤੂੰ ਹੀ ਖਸਮ ਹੈਂ (ਜੇ ਜੀਵ ਤੈਥੋਂ ਮਿਲੀ ਸੂਝ-ਅਕਲ ਦਾ ਮਾਣ ਭੀ ਕਰਨ, ਤਾਂ ਭੀ) ਤੂੰ ਗੁੱਸੇ ਵਿਚ ਨਹੀਂ ਆਉਂਦਾ (ਕਿਉਂਕਿ ਆਖ਼ਰ ਇਹ ਜੀਵ ਸਾਰੇ ਤੇਰੇ ਹੀ ਹਨ) । ਹੇ ਮਾਲਕ ਪ੍ਰਭੂ! ਜੇ ਤੂੰ ਗੁੱਸੇ ਵਿਚ ਆਵੇਂ (ਤਾਂ ਕਿਸ ਉੱਤੇ ਆਵੇਂ?) ਤੂੰ ਉਹਨਾਂ ਦਾ ਮਾਲਕ ਹੈਂ ਉਹ ਸਾਰੇ ਤੇਰੇ ਹੀ ਬਣਾਏ ਹੋਏ ਹਨ।2।
ਅਸੀ ਬੋਲਵਿਗਾੜ ਵਿਗਾੜਹ ਬੋਲ ॥ ਤੂ ਨਦਰੀ ਅੰਦਰਿ ਤੋਲਹਿ ਤੋਲ ॥ ਜਹ ਕਰਣੀ ਤਹ ਪੂਰੀ ਮਤਿ ॥ ਕਰਣੀ ਬਾਝਹੁ ਘਟੇ ਘਟਿ ॥੩॥
ਬੋਲਵਿਗਾੜ = ਬੜਬੋਲੇ, ਵਿਗੜੇ ਬੋਲ ਬੋਲਣ ਵਾਲੇ। ਵਿਗਾੜਹ = {ਵਰਤਮਾਨ, ਉੱਤਮ ਪੁਰਖ, ਬਹੁ-ਵਚਨ} ਅਸੀਂ ਵਿਗਾੜਦੇ ਹਾਂ। ਵਿਗਾੜਹ ਬੋਲ = ਅਸੀਂ ਫਿੱਕੇ ਬੋਲ ਬੋਲਦੇ ਹਾਂ। ਨਦਰੀ ਅੰਦਰਿ = ਮਿਹਰ ਦੀ ਨਿਗਾਹ ਨਾਲ। ਤੋਲਹਿ = ਤੂੰ ਤੋਲਦਾ ਹੈਂ, ਤੂੰ ਜਾਚਦਾ ਹੈਂ। ਜਹ = ਜਿਥੇ, ਜਿਸ ਮਨੁੱਖ ਦੇ ਅੰਦਰ। ਕਰਣੀ = ਗੁਰੂ ਦਾ ਦੱਸਿਆ ਹੋਇਆ ਆਚਰਨ। ਘਟੇ ਘਟਿ = ਘੱਟ ਹੀ ਘੱਟ, ਮਤਿ ਕਮਜ਼ੋਰ ਹੀ ਕਮਜ਼ੋਰ।3।
(ਹੇ ਪ੍ਰਭੂ!) ਅਸੀਂ ਜੀਵ ਬੜਬੋਲੇ ਹਾਂ, ਅਸੀਂ (ਤੈਥੋਂ ਮਿਲੀ ਸੂਝ-ਅਕਲ ਉਤੇ ਮਾਣ ਕਰਕੇ ਅਨੇਕਾਂ ਵਾਰੀ) ਫਿੱਕੇ ਬੋਲ ਬੋਲ ਦੇਂਦੇ ਹਾਂ, ਪਰ ਤੂੰ (ਸਾਡੇ ਕੁਬੋਲਾਂ ਨੂੰ) ਮਿਹਰ ਦੀ ਨਿਗਾਹ ਨਾਲ ਪਰਖਦਾ ਹੈਂ। (ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ) ਜਿਸ ਮਨੁੱਖ ਦੇ ਅੰਦਰ ਉੱਚਾ ਆਚਰਨ ਬਣ ਜਾਂਦਾ ਹੈ ਉਸ ਦੀ ਸੂਝ-ਅਕਲ ਭੀ ਗੰਭੀਰ ਹੋ ਜਾਂਦੀ ਹੈ (ਤੇ ਉਹ ਬੜਬੋਲਾ ਨਹੀਂ ਬਣਦਾ) , (ਉੱਚੇ) ਆਚਰਨ ਤੋਂ ਬਿਨਾ ਮਨੁੱਖ ਦੀ ਸੂਝ ਬੂਝ ਭੀ ਨੀਵੀਂ ਹੀ ਰਹਿੰਦੀ ਹੈ।3।
ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ ॥ ਆਪੁ ਪਛਾਣੈ ਬੂਝੈ ਸੋਇ ॥ ਗੁਰ ਪਰਸਾਦਿ ਕਰੇ ਬੀਚਾਰੁ ॥ ਸੋ ਗਿਆਨੀ ਦਰਗਹ ਪਰਵਾਣੁ ॥੪॥੩੦॥
ਪ੍ਰਣਵਤਿ = ਬੇਨਤੀ ਕਰਦਾ ਹੈ। ਆਪੁ = ਆਪਣੇ ਆਪ ਨੂੰ, ਆਪਣੇ ਅਸਲੇ ਨੂੰ। ਪਰਸਾਦਿ = ਕਿਰਪਾ ਨਾਲ।
ਨਾਨਕ ਬੇਨਤੀ ਕਰਦਾ ਹੈ– ਅਸਲ ਗਿਆਨਵਾਨ ਮਨੁੱਖ ਉਹ ਹੈ ਜੋ ਆਪਣੇ ਅਸਲੇ ਨੂੰ ਪਛਾਣਦਾ ਹੈ, ਜੋ ਉਸ ਪਰਮਾਤਮਾ ਨੂੰ ਹੀ (ਅਕਲ-ਦਾਤਾ) ਸਮਝਦਾ ਹੈ, ਜੋ ਗੁਰੂ ਦੀ ਮਿਹਰ ਨਾਲ (ਆਪਣੀ ਚਤੁਰਾਈ ਛੱਡ ਕੇ ਅਕਲ-ਦਾਤੇ ਪ੍ਰਭੂ ਦੇ ਗੁਣਾਂ ਦਾ) ਵਿਚਾਰ ਕਰਦਾ ਹੈ। ਅਜੇਹਾ ਗਿਆਨਵਾਨ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ।4। 30।
ਅਕਲ ਦਾ ਦਾਤਾ ਉਹ ਅਕਾਲ ਪੁਰਖ ਆਪ ਹੀ ਹੈ। ਮਨੁੱਖ ਨੂੰ ਆਪਣੀਆਂ ਸਾਰੀਆਂ ਸਿਣਾਪਾ ਛੱਡ ਕੇ ਉਸ ਅਕਾਲ ਪੁਰਖ ਦੇ ਲੜ ਲੱਗਣਾ ਚਾਹੀਦਾ ਹੈ। ਉਹ ਮਨੁੱਖ ਹੀ ਅਸਲ ਗਿਆਨਵਾਨ ਹੈ ਜੋ ਆਪਣੇ ਮੁੱਢ ਨੂੰ ਪਛਾਣ ਲੈਂਦੇ ਹੈ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚਲੇ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਸੁਝਾਅ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਜੀ।