ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 57ਵੇਂ ਸ਼ਬਦ ਦੀ ਵਿਚਾਰ – Shabad Vichaar -57
ਰਾਮੁ ਭਜੁ ਰਾਮੁ ਭਜੁ ਜਨਮੁ ਸਿਰਾਤੁ ਹੈ॥ ਸ਼ਬਦ ਵਿਚਾਰ
ਡਾ. ਗੁਰਦੇਵ ਸਿੰਘ*
ਮਨੁੱਖ ਸਾਰੀ ਜ਼ਿੰਦਗੀ ਭਟਕਦਾ ਹੀ ਰਹਿੰਦਾ ਹੈ। ਸਾਰੀ ਦੀ ਉਮਰ ਮਾਇਆ ‘ਚ ਗ੍ਰਸਤ ਹੋਇਆ ਜੀਵਨ ਬਤੀਤ ਕਰ ਦਿੰਦਾ ਹੈ। ਵਾਹਿਗੁਰੂ ਦਾ ਭਜਨ ਨਹੀਂ ਕਰਦਾ ਜਿਹੜਾ ਮਨੁੱਖ ਦਾ ਅਸਲ ਕਾਰਜ ਹੈ ਮੂਰਖ ਇਸ ਗੱਲ ਨੂੰ ਸਮਝਣਾ ਹੀ ਨਹੀਂ ਚਾਹੁੰਦਾ ਜਦੋਂ ਕਿ ਗੁਰਬਾਣੀ ਸਾਨੂੰ ਵਾਰ ਵਾਰ ਉਪਦੇਸ਼ ਕਰਦੀ ਹੈ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 57ਵੇਂ ਸ਼ਬਦ ‘ਰਾਮੁ ਭਜੁ ਰਾਮੁ ਭਜੁ ਜਨਮੁ ਸਿਰਾਤੁ ਹੈ ॥ ਕਹਉ ਕਹਾ ਬਾਰ ਬਾਰ ਸਮਝਤ ਨਹ ਕਿਉ ਗਵਾਰ ॥ ਬਿਨਸਤ ਨਹ ਲਗੈ ਬਾਰ ਓਰੇ ਸਮ ਗਾਤੁ ਹੈ ॥’ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1352 ‘ਤੇ ਰਾਗ ਜੈਜਾਵੰਤੀ ਅਧੀਨ ਅੰਕਿਤ ਹੈ।ਇਸ ਸ਼ਬਦ ਵਿੱਚ ਗੁਰੂ ਸਾਹਿਬ ਮਨੁੱਖ ਨੂੰ ਮਨੁੱਖਾ ਜਨਮ ਦੀ ਘੱਟਦੀ ਉਮਰ ਦਾ ਹਵਾਲਾ ਦੇ ਕੇ ਵਾਹਿਗੁਰੂ ਦਾ ਨਾਮ ਭੱਜਣ ਦਾ ਉਪਦੇਸ਼ ਦ੍ਰਿੜ ਕਰਵਾ ਰਹੇ ਹਨ:
ਜੈਜਾਵੰਤੀ ਮਹਲਾ ੯ ॥ ਰਾਮੁ ਭਜੁ ਰਾਮੁ ਭਜੁ ਜਨਮੁ ਸਿਰਾਤੁ ਹੈ ॥ ਕਹਉ ਕਹਾ ਬਾਰ ਬਾਰ ਸਮਝਤ ਨਹ ਕਿਉ ਗਵਾਰ ॥ ਬਿਨਸਤ ਨਹ ਲਗੈ ਬਾਰ ਓਰੇ ਸਮ ਗਾਤੁ ਹੈ ॥੧॥ ਰਹਾਉ ॥
ਹੇ ਭਾਈ! ਪਰਮਾਤਮਾ ਦਾ ਭਜਨ ਕਰਿਆ ਕਰ, ਪਰਮਾਤਮਾ ਦਾ ਭਜਨ ਕਰਿਆ ਕਰ। ਮਨੁੱਖਾ ਜਨਮ ਲੰਘਦਾ ਜਾ ਰਿਹਾ ਹੈ। ਹੇ ਮੂਰਖ! ਮੈਂ (ਤੈਨੂੰ) ਮੁੜ ਮੁੜ ਕੀਹ ਆਖਾਂ? ਤੂੰ ਕਿਉਂ ਨਹੀਂ ਸਮਝਦਾ? (ਤੇਰਾ ਇਹ) ਸਰੀਰ (ਨਾਸ ਹੋਣ ਵਿਚ) ਗੜੇ ਵਰਗਾ ਹੀ ਹੈ (ਇਸ ਦੇ) ਨਾਸ ਹੁੰਦਿਆਂ ਚਿਰ ਨਹੀਂ ਲੱਗਦਾ।1। ਰਹਾਉ।
ਸਗਲ ਭਰਮ ਡਾਰਿ ਦੇਹਿ ਗੋਬਿੰਦ ਕੋ ਨਾਮੁ ਲੇਹਿ ॥ ਅੰਤਿ ਬਾਰ ਸੰਗਿ ਤੇਰੈ ਇਹੈ ਏਕੁ ਜਾਤੁ ਹੈ ॥੧॥
ਹੇ ਭਾਈ! ਸਾਰੀਆਂ ਭਟਕਣਾਂ ਛੱਡ ਦੇਹ, ਪਰਮਾਤਮਾ ਦਾ ਨਾਮ ਜਪਿਆ ਕਰ। ਅੰਤਲੇ ਸਮੇ ਤੇਰੇ ਨਾਲ ਸਿਰਫ਼ ਇਹ ਨਾਮ ਹੀ ਜਾਣ ਵਾਲਾ ਹੈ।1।
ਬਿਖਿਆ ਬਿਖੁ ਜਿਉ ਬਿਸਾਰਿ ਪ੍ਰਭ ਕੌ ਜਸੁ ਹੀਏ ਧਾਰਿ ॥ ਨਾਨਕ ਜਨ ਕਹਿ ਪੁਕਾਰਿ ਅਉਸਰੁ ਬਿਹਾਤੁ ਹੈ ॥੨॥੨॥
ਹੇ ਭਾਈ! ਮਾਇਆ (ਦਾ ਮੋਹ ਆਪਣੇ ਅੰਦਰੋਂ) ਜ਼ਹਿਰ ਵਾਂਗ ਭੁਲਾ ਦੇਹ। ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੇ) ਹਿਰਦੇ ਵਿਚ ਵਸਾਈ ਰੱਖ। ਦਾਸ ਨਾਨਕ (ਤੈਨੂੰ) ਕੂਕ ਕੂਕ ਕੇ ਆਖ ਰਿਹਾ ਹੈ, (ਮਨੁੱਖਾ ਜ਼ਿੰਦਗੀ ਦਾ ਸਮਾ) ਬੀਤਦਾ ਜਾ ਰਿਹਾ ਹੈ।2। 2।
ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਉਕਤ ਸ਼ਬਦ ਵਿੱਚ ਸਾਨੂੰ ਉਪਦੇਸ਼ ਕਰ ਰਹੇ ਹਨ ਹੇ ਭਾਈ ਤੇਰਾ ਜਨਮ ਵਿਅਰਥ ਹੀ ਮੁੱਕਦਾ ਜਾ ਰਿਹਾ ਹੈ ਇਸ ਲਈ ਮੈਂ ਤੈਨੂੰ ਵਾਰ ਵਾਰ ਆਖ ਰਿਹਾ ਹਾਂ ਕਿ ਵਾਹਿਗੁਰੂ ਦੇ ਨਾਮ ਨੂੰ ਜਪ ਲੈ। ਮਾਇਆ ਦੇ ਜ਼ਹਿਰ ਨੂੰ ਖਤਮ ਕਰ ਦੇ। ਪ੍ਰਮਾਤਮਾ ਦੀ ਸਿਫਤ ਸਾਲਾਹ ਆਪਣੇ ਹਿਰਦੇ ਵਿੱਚ ਵਸਾ ਲੈ।
ਸੋਮਵਾਰ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 58ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥