ਸ਼ਬਦ ਵਿਚਾਰ -120 ਛਿਅ ਘਰ ਛਿਅ ਗੁਰ ਛਿਅ ਉਪਦੇਸ …- ਡਾ. ਗੁਰਦੇਵ ਸਿੰਘ

TeamGlobalPunjab
3 Min Read

ਸ਼ਬਦ ਵਿਚਾਰ -120 

ਛਿਅ ਘਰ ਛਿਅ ਗੁਰ ਛਿਅ ਉਪਦੇਸ

*ਡਾ. ਗੁਰਦੇਵ ਸਿੰਘ

ਸੰਸਾਰ ਵਿੱਚ ਧਰਮ ਦੇ ਅਨੇਕ ਸਿਧਾਂਤ ਹਨ ਪਰ ਉਨ੍ਹਾਂ ਸਿਧਾਂਤਾਂ ਦਾ ਮੂਲ ਕੇਵਲ ਇੱਕ ਹੀ ਹੈ। ਵਾਹਿਗੁਰੂ ਪ੍ਰਮਾਤਮਾ ਵੱਖ ਵੱਖ ਰੂਪਾਂ ਵਿੱਚ ਹੁੰਦਾ ਹੋਇਆ ਵੀ ਇੱਕ ਹੈ। ਸ਼ਬਦ ਵਿਚਾਰ ਦੀ ਚੱਲ ਰਹੀ ਲੜੀਵਾਰ ਵਿਚਾਰ ਅਧੀਨ ਅੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਛਿਅ ਘਰ ਛਿਅ ਗੁਰ ਛਿਅ ਉਪਦੇਸ ਦੀ ਵਿਚਾਰ ਕਰਾਂਗੇ ਜਿਸ ਗੁਰੂ ਸਾਹਿਬ ਸਾਡੇ ਮੂਲ ਦੀ ਗੱਲ ਭਾਵ ਅਕਾਲ ਪੁਰਖ ਦੀ ਮਹਾਨ ਸ਼ਖ਼ਸੀਅਤ ਦਾ ਉਪਦੇਸ਼ ਦੇ ਰਹੇ ਹਨ।

ਰਾਗੁ ਆਸਾ ਮਹਲਾ ੧ ॥

ਛਿਅ ਘਰ ਛਿਅ ਗੁਰ ਛਿਅ ਉਪਦੇਸ ॥

ਗੁਰੁ ਗੁਰੁ ਏਕੋ ਵੇਸ ਅਨੇਕ ॥੧॥

ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ॥

ਸੋ ਘਰੁ ਰਾਖੁ ਵਡਾਈ ਤੋਇ ॥੧॥ ਰਹਾਉ ॥

ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥

ਸੂਰਜੁ ਏਕੋ ਰੁਤਿ ਅਨੇਕ ॥ ਨਾਨਕ ਕਰਤੇ ਕੇ ਕੇਤੇ ਵੇਸ ॥੨॥੨॥ 

ਪਦ ਅਰਥ

ਛਿਅ = ਛੇ। ਘਰ = ਸ਼ਾਸਤਰ {ਸਾਂਖ, ਨਿਆਇ, ਵੈਸ਼ੇਸ਼ਿਕ, ਯੋਗ, ਮੀਮਾਂਸਾ, ਵੇਦਾਂਤ}। ਗੁਰ = (ਇਹਨਾਂ ਸ਼ਾਸਤਰਾਂ ਦੇ) ਕਰਤਾ, {ਕਪਲ, ਗੋਤਮ, ਕਣਾਦ, ਪਤੰਜਲੀ, ਜੈਮਨੀ, ਵਿਆਸ}। ਉਪਦੇਸ = ਸਿੱਖਿਆ, ਸਿੱਧਾਂਤ। ਗੁਰੁ ਗੁਰੁ = ਇਸਟ ਪ੍ਰਭੂ। ਏਕੋ = ਇੱਕ ਹੀ। ਵੇਸ = ਰੂਪ।1। ਬਾਬਾ = ਹੇ ਭਾਈ! ਜੈ ਘਰਿ = ਜਿਸ (ਸਤਸੰਗ-) ਘਰ ਵਿਚ। ਕਰਤੇ ਕੀਰਤਿ = ਕਰਤਾਰ ਦੀ ਸਿਫ਼ਤਿ-ਸਾਲਾਹ। ਹੋਇ = ਹੁੰਦੀ ਹੈ। ਰਾਖੁ = ਸੰਭਾਲ। ਤੋਇ-ਤੇਰੀ। ਵਡਾਈ = ਭਲਾਈ।1। ਰਹਾਉ। ਅੱਖ ਦੇ 15 ਫੋਰ = 1 ਵਿਸਾ। 15 ਵਿਸੁਏ = 1 ਚਸਾ। 30 ਚਸੇ = 1 ਪਲ। 60 ਪਲ = 1 ਘੜੀ। ਸਾਢੋ 7 ਘੜੀਆਂ = 1 ਪਹਰ। 8 ਪਹਰ = 1 ਦਿਨ ਰਾਤ। 15 ਥਿਤਾਂ; 7 ਵਾਰ; 12 ਮਹੀਨੇ, ਛੇ ਰੁੱਤਾਂ।2।

ਵਿਆਖਿਆ

 (ਹੇ ਭਾਈ!) ਛੇ ਸ਼ਾਸਤਰ ਹਨ, ਛੇ ਹੀ (ਇਹਨਾਂ ਸ਼ਾਸਤਰਾਂ ਦੇ) ਚਲਾਣ ਵਾਲੇ ਹਨ, ਛੇ ਹੀ ਇਹਨਾਂ ਦੇ ਸਿੱਧਾਂਤ ਹਨ। ਪਰ ਇਹਨਾਂ ਸਾਰਿਆਂ ਦਾ ਮੂਲ-ਗੁਰੂ (ਪਰਮਾਤਮਾ) ਇੱਕ ਹੈ। (ਇਹ ਸਾਰੇ ਸਿਧਾਂਤ) ਉਸ ਇੱਕ ਪ੍ਰਭੂ ਦੇ ਹੀ ਅਨੇਕਾਂ ਵੇਸ ਹਨ (ਪ੍ਰਭੂ ਦੀ ਹਸਤੀ ਦੇ ਪਰਕਾਸ਼ ਦੇ ਰੂਪ ਹਨ) ।1।

ਹੇ ਭਾਈ! ਜਿਸ (ਸਤਸੰਗ-) ਘਰ ਵਿਚ ਕਰਤਾਰ ਦੀ ਸਿਫ਼ਤਿ-ਸਾਲਾਹ ਹੁੰਦੀ ਹੈ, ਉਸ ਘਰ ਨੂੰ ਸਾਂਭ ਰੱਖ (ਉਸ ਸਤਸੰਗ ਦਾ ਆਸਰਾ ਲਈ ਰੱਖ। ਇਸੇ ਵਿਚ) ਤੇਰੀ ਭਲਾਈ ਹੈ।1। ਰਹਾਉ।

ਜਿਵੇਂ ਵਿਸੁਏ, ਚਸੇ, ਘੜੀਆਂ, ਪਹਰ, ਥਿੱਤਾਂ, ਵਾਰ, ਮਹੀਨਾ (ਆਦਿਕ) ਅਤੇ ਹੋਰ ਅਨੇਕਾਂ ਰੁੱਤਾਂ ਹਨ, ਪਰ ਸੂਰਜ ਇਕੋ ਹੀ ਹੈ (ਜਿਸ ਦੇ ਇਹ ਸਾਰੇ ਵੱਖ ਵੱਖ ਰੂਪ ਹਨ), ਤਿਵੇਂ, ਹੇ ਨਾਨਕ! ਕਰਤਾਰ ਦੇ (ਇਹ ਸਾਰੇ ਸਿਧਾਂਤ ਆਦਿਕ) ਅਨੇਕਾਂ ਸਰੂਪ ਹਨ ।2।2।

ਇਸ ਸ਼ਬਦ ਵਿੱਚ ਗੁਰੂ ਸਾਹਿਬ ਸੂਰਜ ਦੀ ਉਦਾਹਰਨ ਦੇ ਸਮਝਾਉਣਾ ਕਰ ਰਹੇ ਹਨ ਕਿ ਹੇ ਭਾਈ ਜਿਵੇਂ ਸੂਰਜ ਸਾਰੀਆਂ ਰੁਤਾਂ, ਪਹਿਰਾਂ, ਮਹੀਨਿਆਂ ਦਾ ਮੂਲ ਹੈ ਉਵੇਂ ਅਕਾਲ ਪੁਰਖ ਹਰ ਸਿਧਾਂਤ ਦਾ ਮੂਲ ਹੈ।

*[email protected]

Share This Article
Leave a Comment