ਸ਼ਬਦ ਵਿਚਾਰ – 109
ਜਪੁਜੀ ਸਾਹਿਬ – ਪਉੜੀ 33
ਡਾ. ਗੁਰਦੇਵ ਸਿੰਘ*
ਸਭ ਕੁਝ ਉਸ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਹੁੰਦਾ ਹੈ। ਉਸ ਅੱਗੇ ਮਨੁੱਖ ਦਾ ਕਿਸੇ ਵੀ ਤਰ੍ਹਾਂ ਦਾ ਜ਼ੋਰ ਨਹੀਂ ਚੱਲਦਾ। ਸਭ ਉਸ ਦੀ ਰਜਾ ਵਿੱਚ ਹੀ ਚੱਲ ਰਿਹਾ ਹੈ। ਸ਼ਬਦ ਵਿਚਾਰ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਅਧੀਨ ਅੱਜ ਅਸੀਂ ਜਪੁ ਜੀ ਸਾਹਿਬ ਦੀ 33ਵੀਂ ਪਉੜੀ ਦੀ ਵਿਚਾਰ ਕਰਾਂਗੇ। ਇਸ ਪਉੜੀ ਵਿੱਚ ਉਸ ਅਕਾਲ ਪੁਰਖ ਦੇ ਅਟਲ ਹੁਕਮ ਦੇ ਭੇਤ ਦਾ ਉਪਦੇਸ਼ ਦਿੱਤਾ ਗਿਆ ਹੈ:
ਆਖਣਿ ਜੋਰੁ ਚੁਪੈ ਨਹ ਜੋਰੁ ॥ ਜੋਰੁ ਨ ਮੰਗਣਿ ਦੇਣਿ ਨ ਜੋਰੁ ॥ ਜੋਰੁ ਨ ਜੀਵਣਿ ਮਰਣਿ ਨਹ ਜੋਰੁ ॥ ਜੋਰੁ ਨ ਰਾਜਿ ਮਾਲਿ ਮਨਿ ਸੋਰੁ ॥
ਪਦ ਅਰਥ: ਆਖਣਿ = ਆਖਣ ਵਿਚ; ਬੋਲਣ ਵਿਚ। ਚੁਪੈ = ਚੁਪ (ਰਹਿਣ) ਵਿਚ। ਜੋਰੁ = ਸਮਰਥਾ, ਇਖ਼ਤਿਆਰ, ਆਪਣੇ ਮਨ ਦੀ ਮਰਜ਼ੀ। ਮੰਗਣਿ = ਮੰਗਣ ਵਿਚ। ਦੇਣਿ = ਦੇਣ ਵਿਚ। ਜੀਵਣਿ = ਜੀਵਣ ਵਿਚ। ਮਰਣਿ = ਮਰਨ ਵਿਚ। ਰਾਜਿ ਮਾਲਿ = ਰਾਜ ਮਾਲ ਵਿਚ, ਰਾਜ ਮਾਲ ਦੇ ਪ੍ਰਾਪਤ ਕਰਨ ਵਿਚ। ਸੋਰੁ = ਰੌਲਾ, ਫੂੰ-ਫਾਂ।
ਵਿਆਖਿਆ : ਬੋਲਣ ਵਿਚ ਤੇ ਚੁੱਪ ਰਹਿਣ ਵਿਚ ਭੀ ਸਾਡਾ ਕੋਈ ਆਪਣਾ ਇਖ਼ਤਿਆਰ ਨਹੀਂ ਹੈ। ਨਾ ਹੀ ਮੰਗਣ ਵਿਚ ਸਾਡੀ ਮਨ-ਮਰਜ਼ੀ ਚੱਲਦੀ ਹੈ ਅਤੇ ਨਾ ਹੀ ਦੇਣ ਵਿਚ। ਜੀਵਨ ਵਿਚ ਤੇ ਮਰਨ ਵਿਚ ਭੀ ਸਾਡੀ ਕੋਈ ਸਮਰਥਾ (ਕੰਮ ਨਹੀਂ ਦੇਂਦੀ) । ਇਸ ਰਾਜ ਤੇ ਮਾਲ ਦੇ ਪ੍ਰਾਪਤ ਕਰਨ ਵਿਚ ਭੀ ਸਾਡਾ ਕੋਈ ਜ਼ੋਰ ਨਹੀਂ ਚੱਲਦਾ (ਜਿਸ ਰਾਜ ਤੇ ਮਾਲ ਦੇ ਕਾਰਨ ਸਾਡੇ) ਮਨ ਵਿਚ ਫੂੰ-ਫਾਂ ਹੁੰਦੀ ਹੈ।
ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥ ਜੋਰੁ ਨ ਜੁਗਤੀ ਛੁਟੈ ਸੰਸਾਰੁ ॥ ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥ ਨਾਨਕ ਉਤਮੁ ਨੀਚੁ ਨ ਕੋਇ ॥੩੩॥
ਪਦ ਅਰਥ: ਸੁਰਤੀ = ਸੁਰਤ ਵਿਚ, ਆਤਮਕ ਜਾਗ ਵਿਚ। ਗਿਆਨਿ = ਗਿਆਨ (ਪ੍ਰਾਪਤ ਕਰਨ) ਵਿਚ। ਵੀਚਾਰਿ = ਵੀਚਾਰ (ਕਰਨ) ਵਿਚ। ਜੁਗਤੀ = ਜੁਗਤ ਵਿਚ, ਰਹਿਤ ਵਿਚ। ਛੁਟੈ = ਮੁਕਤ ਹੁੰਦਾ ਹੈ, ਮੁੱਕ ਜਾਂਦਾ ਹੈ। ‘ਜਿਸੁ ਹਥਿ …..ਸੋਇ’ ਇਸ ਤੁਕ ਨੂੰ ਸਮਝਣ ਲਈ ਸ਼ਬਦ ‘ਸੋਇ’ ਅਤੇ ‘ਕਰਿ ਵੇਖੈ’ ਵਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਜਪੁਜੀ ਸਾਹਿਬ ਵਿਚ ਸ਼ਬਦ ‘ਸੋਇ’ ਹੇਠ-ਲਿਖੀਆਂ ਤੁਕਾਂ ਵਿਚ ਆਉਂਦਾ ਹੈ:
(1) ਆਪੇ ਆਪਿ ਨਿਰੰਜਨੁ ਸੋਇ। (ਪਉੜੀ 5)
(2) ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਇ। (ਪਉੜੀ 21)
(3) ਤਿਸੁ ਊਚੇ ਕਉ ਜਾਣੈ ਸੋਇ। (ਪਉੜੀ 24)
(4) ਨਾਨਕ ਜਾਣੈ ਸਾਚਾ ਸੋਇ। (ਪਉੜੀ 26)
(5) ਸੋਈ ਸੋਈ ਸਦਾ ਸਚੁ, ਸਾਹਿਬੁ ਸਾਚਾ, ਸਾਚੀ ਨਾਈ। (ਪਉੜੀ 27)
(6) ਕਰਹਿ ਅਨੰਦੁ ਸਚਾ ਮਨਿ ਸੋਇ। (ਪਉੜੀ 37)
ਇਹਨਾਂ ਉਪਰਲੀਆਂ ਤੁਕਾਂ ਵਿਚੋਂ ਕੇਵਲ ਪਉੜੀ 24 ਵਾਲੀ ਤੁਕ ਵਿਚ ‘ਸੋਇ’ ਪਹਿਲੀ ਤੁਕ ਵਾਲੇ ‘ਕੋਇ’ ਮਨੁੱਖ ਲਈ ਆਖਿਆ ਹੈ, ਬਾਕੀ ਸਭ ਥਾਈਂ ‘ਅਕਾਲ ਪੁਰਖ’ ਵਾਸਤੇ ਆਇਆ ਹੈ। ਇਸੇ ਹੀ ਅਰਥ ਨੂੰ ‘ਕਰਿ ਵੇਖੈ’ ਹੋਰ ਪੱਕਾ ਕਰਦਾ ਹੈ। ਵੇਖੈ-ਸੰਭਾਲ ਕਰਦਾ ਹੈ, ਜਿਵੇਂ:
(1) ਗਾਵੈ ਕੋ ਵੇਖੈ ਹਾਦਰਾ ਹਦੂਰਿ। (ਪਉੜੀ 3)
(2) ਕਰਿ ਕਰਿ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। (ਪਉੜੀ 27)
(3) ਕਰਿ ਕਰਿ ਵੇਖੈ ਸਿਰਜਣਹਾਰੁ (ਪਉੜੀ 31)
(4) ਓਹੁ ਵੇਖੈ ਓਨਾ ਨਦਰਿ ਨ ਆਵੈ, ਬਹੁਤਾ ਏਹੁ ਵਿਡਾਣੁ। (ਪਉੜੀ 27)
(5) ਕਰਿ ਕਰਿ ਵੇਖੈ ਨਦਰਿ ਨਿਹਾਲ। (ਪਉੜੀ 37)
(6) ਵੇਖੈ ਵਿਗਸੈ ਕਰਿ ਵੀਚਾਰੁ (ਪਉੜੀ 37)
ਜਿਸੁ ਹਥਿ = ਜਿਸ ਅਕਾਲ ਪੁਰਖ ਦੇ ਹੱਥ ਵਿਚ। ਕਰਿ ਵੇਖੈ = (ਸ੍ਰਿਸ਼ਟੀ ਨੂੰ) ਰਚ ਕੇ ਸੰਭਾਲ ਕਰ ਰਿਹਾ ਹੈ। ਸੋਇ = ਉਹੀ ਅਕਾਲ ਪੁਰਖ। ਸੰਸਾਰੁ = ਜਨਮ ਮਰਨ।
ਵਿਆਖਿਆ : ਆਤਮਕ ਜਾਗ ਵਿਚ, ਗਿਆਨ ਵਿਚ ਅਤੇ ਵਿਚਾਰ ਵਿਚ ਰਹਿਣ ਦੀ ਭੀ ਸਾਡੀ ਸਮਰਥਾ ਨਹੀਂ ਹੈ। ਉਸ ਜੁਗਤੀ ਵਿਚ ਰਹਿਣ ਲਈ ਭੀ ਸਾਡਾ ਇਖ਼ਤਿਆਰ ਨਹੀਂ ਹੈ, ਜਿਸ ਕਰ ਕੇ ਜਨਮ ਮਰਨ ਮੁੱਕ ਜਾਂਦਾ ਹੈ। ਉਹੀ ਅਕਾਲ = ਪੁਰਖ ਰਚਨਾ ਰਚ ਕੇ (ਉਸ ਦੀ ਹਰ ਪਰਕਾਰ) ਸੰਭਾਲ ਕਰਦਾ ਹੈ, ਜਿਸ ਦੇ ਹੱਥ ਵਿਚ ਸਮਰੱਥਾ ਹੈ। ਹੇ ਨਾਨਕ! ਆਪਣੇ ਆਪ ਵਿਚ ਨਾਹ ਕੋਈ ਮਨੁੱਖ ਉੱਤਮ ਹੈ ਅਤੇ ਨਾਹ ਹੀ ਨੀਚ (ਭਾਵ, ਜੀਵਾਂ ਨੂੰ ਸਦਾਚਾਰੀ ਜਾਂ ਦੁਰਾਚਾਰੀ ਬਣਾਣ ਵਾਲਾ ਉਹ ਪ੍ਰਭੂ ਆਪ ਹੀ ਹੈ) (ਜੇ ਸਿਮਰਨ ਦੀ ਬਰਕਤਿ ਨਾਲ ਇਹ ਨਿਸਚਾ ਬਣ ਜਾਏ ਤਾਂ ਹੀ ਪਰਮਾਤਮਾਂ ਨਾਲੋਂ ਜੀਵ ਦੀ ਵਿੱਥ ਦੂਰ ਹੁੰਦੀ ਹੈ) । 33।
ਜਪੁ ਜੀ ਸਾਹਿਬ ਦੀ ਇਸ ਪਉੜੀ ਵਿੱਚ ਗੁਰੂ ਸਾਹਿਬ ਮਨੁੱਖ ਸਮਝਾਂ ਰਹੇ ਹਨ ਕਿ ਭਲੇ ਪਾਸੇ ਤੁਰਨਾ ਜਾਂ ਕੁਰਾਹੇ ਪੈ ਜਾਣਾ ਜੀਵਾਂ ਦੇ ਆਪਣੇ ਵੱਸ ਦੀ ਗੱਲ ਨਹੀਂ, ਜਿਸ ਪ੍ਰਭੂ ਨੇ ਪੈਦਾ ਕੀਤੇ ਹਨ ਉਹੀ ਇਹਨਾਂ ਪੁਤਲੀਆਂ ਨੂੰ ਖਿਡਾ ਰਿਹਾ ਹੈ। ਸੋ, ਜੇ ਕੋਈ ਜੀਵ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਰਿਹਾ ਹੈ ਤਾਂ ਇਹ ਪ੍ਰਭੂ ਦੀ ਆਪਣੀ ਮਿਹਰ ਹੈ; ਜੇ ਕੋਈ ਇਸ ਪਾਸੇ ਵਲੋਂ ਖੁੰਝਾ ਪਿਆ ਹੈ ਤਾਂ ਭੀ ਇਹ ਮਾਲਕ ਦੀ ਰਜ਼ਾ ਹੈ। ਜੇ ਅਸੀਂ ਉਸ ਦੇ ਦਰ ਤੋਂ ਦਾਤਾਂ ਮੰਗਦੇ ਹਾਂ ਤਾਂ ਇਹ ਪ੍ਰੇਰਨਾ ਭੀ ਉਹ ਆਪ ਹੀ ਕਰਨ ਵਾਲਾ ਹੈ, ਤੇ ਫਿਰ, ਦਾਤਾਂ ਦੇਂਦਾ ਭੀ ਆਪ ਹੀ ਹੈ। ਜੇ ਕੋਈ ਜੀਵ ਰਾਜ ਤੇ ਧਨ ਦੇ ਮਦ ਵਿਚ ਮੱਤਾ ਪਿਆ ਹੈ, ਇਹ ਭੀ ਰਜ਼ਾ ਪ੍ਰਭੂ ਦੀ ਹੀ ਹੈ; ਜੇ ਕਿਸੇ ਦੀ ਸੁਰਤ ਪ੍ਰਭੂ-ਚਰਨਾਂ ਵਿਚ ਹੈ ਤੇ ਜੀਵਨ-ਜੁਗਤਿ ਸੁਥਰੀ ਹੈ ਤਾਂ ਇਹ ਮਿਹਰ ਭੀ ਪ੍ਰਭੂ ਦੀ ਹੀ ਹੈ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਜਪੁਜੀ ਸਾਹਿਬ ਦੀ 34ਵੀਂ ਪਉੜੀ ਦੀ ਵਿਚਾਰ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ।