ਸ਼ਬਦ ਵਿਚਾਰ – 106
ਜਪੁਜੀ ਸਾਹਿਬ – ਪਉੜੀ 30
ਡਾ. ਗੁਰਦੇਵ ਸਿੰਘ*
ਸਦੀਆਂ ਤੋਂ ਕਈ ਤਰ੍ਹਾਂ ਦੀਆਂ ਮਾਨਤਾਵਾਂ ਇਸ ਸੰਸਾਰ ਨੂੰ ਲੈ ਕੇ ਬਣੀਆਂ ਹੋਈਆਂ ਹਨ। ਕੋਈ ਇਸ ਸੰਸਾਰ ਦੀ ਉਤਪਤੀ ਨੂੰ ਲੈ ਕੇ, ਕੋਈ ਇਸ ਦੇ ਸੰਸਾਰ ਦੀ ਕਾਰ ਨੂੰ ਲੈ ਕੇ ਆਦਿ ਕਈ ਤਰ੍ਹਾਂ ਦੀਆਂ ਮਾਨਤਾਵਾਂ ਹਨ। ਅਜਿਹੀ ਇੱਕ ਮਾਨਤਾ ਇਹ ਵੀ ਹੈ ਕਿ ਇਸ ਸੰਸਾਰ ਨੂੰ ਬ੍ਰਹਮਾ, ਵਿਸ਼ਣੂ ਤੇ ਮਹੇਸ਼ ਚਲਾ ਰਹੇ ਹਨ। ਗੁਰਬਾਣੀ ਇਸ ਸੰਬੰਧੀ ਵਿੱਚ ਆਪਣਾ ਫੈਸਲਾ ਦੇ ਕੇ ਸਾਡਾ ਮਾਰਗ ਰੋਸ਼ਨ ਕਰਦੀ ਹੈ। ਸ਼ਬਦ ਵਿਚਾਰ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਅਧੀਨ ਅੱਜ ਅਸੀਂ ਜਪੁ ਜੀ ਸਾਹਿਬ ਦੀ 30 ਵੀਂ ਪਉੜੀ ਦੀ ਵਿਚਾਰ ਕਰਾਂਗੇ।
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥
- Advertisement -
ਪਦ ਅਰਥ: ਏਕਾ = ਇਕੱਲੀ। ਮਾਈ = ਮਾਇਆ। ਜੁਗਤਿ = ਜੁਗਤੀ ਨਾਲ, ਤਰੀਕੇ ਨਾਲ। ਵਿਆਈ = ਪ੍ਰਸੂਤ ਹੋਈ। ਤਿਨਿ = ਇਸ ਲਫ਼ਜ਼ ਦੇ ਤਿੰਨ ਸਰੂਪ ਹਨ: ‘ਤਿਨ’, ਤਿਨਿ ਅਤੇ ‘ਤੀਨਿ’। ‘ਤੀਨਿ’ ਦਾ ਅਰਥ ਹੈ ਤ੍ਰੈ। ‘ਤਿਨਿ’ ਦਾ ਅਰਥ ਭੀ ‘ਤ੍ਰੈ’ ਹੈ, ਪਰ ਇਸ ਦਾ ਅਰਥ ਹੋਰ ਭੀ ਹੈ।
‘ਤਿਨ’ ਪੜਨਾਂਵ ਬਹੁ-ਵਚਨ ਹੈ ਅਤੇ ‘ਤਿਨਿ’ ਪੜਨਾਂਵ ਇਕ-ਵਚਨ ਹੈ।
ਇਹਨਾਂ ਦੇ ਟਾਕਰੇ ‘ਤੇ ‘ਜਿਨ’ ਬਹੁ-ਵਚਨ ਤੇ ‘ਜਿਨਿ’ ਇਕ-ਵਚਨ।
(1) ਤਿਨਿ = ਉਸ ਮਨੁੱਖ ਨੇ (ਇਕ-ਵਚਨ)
‘ਜਿਨਿ ਸੇਵਿਆ ਤਿਨਿ ਪਾਇਆ ਮਾਨੁ’। (ਪਉੜੀ 5
(2) ਤਿਨ = ਉਹਨਾਂ ਮਨੁੱਖਾਂ ਨੇ (ਬਹੁ-ਵਚਨ) ।
ਜਿਨ ਹਰਿ ਜਪਿਆ ਤਿਨ ਫਲੁ ਪਾਇਆ,
ਸਭਿ ਤੂਟੇ ਮਾਇਆ ਫੰਦੇ।3।
- Advertisement -
ਪਰਵਾਣੁ-ਸ਼ਬਦ ‘ਪਰਵਾਣੁ’ ਵਲ ਭੀ ਰਤਾ ਗਹੁ ਕਰਨ ਦੀ ਲੋੜ ਹੈ। ਜਪੁਜੀ ਸਾਹਿਬ ਵਿਚ ਇਹ ਸ਼ਬਦ ਹੇਠ-ਲਿਖੀਆਂ ਤੁਕਾਂ ਵਿਚ ਆਇਆ ਹੈ:
(1) ਪੰਚ ਪਰਵਾਣ, ਪੰਚ ਪਰਧਾਨੁ। (ਪਉੜੀ 16)
(2) ਅਮੁਲੁ ਤੁਲੁ, ਅਮੁਲੁ ਪਰਵਾਣੁ। (ਪਉੜੀ 26)
(3) ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ।
(4) ਤਿਥੈ ਸੋਹਨਿ ਪੰਚ ਪਰਵਾਣੁ। (ਪਉੜੀ 34)
ਸੰਸਕ੍ਰਿਤ ਵਿਚ ਇਹ ਸ਼ਬਦ ‘ਪ੍ਰਮਾਣ’ ਹੈ, ਜਿਸ ਦੇ ਕਈ ਅਰਥ ਹਨ, ਜਿਵੇਂ: (ੳ) ਵੱਟਾ, (ਅ) ਵਿੱਤ, (ੲ) ਸਬੂਤ, ਗਵਾਹੀ।, (ਸ) ਇਖ਼ਤਿਆਰ ਵਾਲਾ ਮੰਨਿਆ-ਪ੍ਰਮੰਨਿਆ। ਇਸ ਅਰਥ ਵਿਚ ਇਹ ਸ਼ਬਦ ਦੋ ਤਰ੍ਹਾਂ ਵਰਤਿਆ ਜਾਂਦਾ ਹੈ। ਜਿਵੇਂ, ‘ਵਿਆਕਰਣੇ ਪਾਣਿਨਿ ਪ੍ਰਮਾਣੰ’ ਅਤੇ ‘ਵੇਦਾਹ ਪ੍ਰਮਾਣਾਹ’, ਭਾਵ, ਇਕ-ਵਚਨ ਵਿਚ ਭੀ ਤੇ ਬਹੁ-ਵਚਨ ਵਿਚ ਭੀ। ਸੋ, ਤੁਕ ਨੰ: 1 ਵਿਚ ‘ਪਰਵਾਣ’ (ਬਹੁ-ਵਚਨ) ਦਾ ਅਰਥ ਹੈ ‘ਮੰਨੇ-ਪ੍ਰਮੰਨੇ ਹੋਏ’। ਤੁਕ ਨੰ: 2 ਵਿਚ ‘ਪਰਵਾਣੁ’ (ਇਕ-ਵਚਨ) ਦਾ ਅਰਥ ਹੈ ‘ਵੱਟਾ’। ਤੁਕ ਨੰ: 3, 4 ਵਿਚ ‘ਪਰਵਾਣੁ’ (ਇਕ-ਵਚਨ) ਦਾ ਅਰਥ ਹੈ ‘ਮੰਨੇ-ਪ੍ਰਮੰਨੇ ਤੌਰ ‘ਤੇ, ਪਰਤੱਖ ਤੌਰ ‘ਤੇ’। ਪਰਵਾਣੁ = ਪਰਤੱਖ। ਸੰਸਾਰੀ = ਘਰਬਾਰੀ। ਭੰਡਾਰੀ = ਭੰਡਾਰੇ ਦਾ ਮਾਲਕ, ਰਿਜ਼ਕ ਦੇਣ ਵਾਲਾ। ਲਾਏ = ਲਾਉਂਦਾ ਹੈ। ਦੀਬਾਣੁ = ਦਰਬਾਰ, ਕਚਹਿਰੀ।
ਵਿਆਖਿਆ : (ਲੋਕਾਂ ਵਿਚ ਇਹ ਖ਼ਿਆਲ ਆਮ ਪ੍ਰਚੱਲਤ ਹੈ ਕਿ) ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪਰਤੱਖ ਤੌਰ ‘ਤੇ ਉਸ ਦੇ ਤਿੰਨ ਪੁੱਤਰ ਜੰਮ ਪਏ। ਉਹਨਾਂ ਵਿਚੋਂ ਇਕ (ਬ੍ਰਹਮਾ) ਘਰਬਾਰੀ ਬਣ ਗਿਆ (ਭਾਵ, ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ) , ਇਕ (ਵਿਸ਼ਨੂੰ) ਭੰਡਾਰੇ ਦਾ ਮਾਲਕ ਬਣ ਗਿਆ (ਭਾਵ, ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ) , ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ, ਜੀਵਾਂ ਨੂੰ ਸੰਘਾਰਦਾ ਹੈ) ।
ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥ ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥
ਪਦ ਅਰਥ: ਜਿਵ = ਜਿਵੇਂ, ਜਿਸ ਤਰ੍ਹਾਂ। ਤਿਸੁ = ਉਸ ਅਕਾਲ ਪੁਰਖ ਨੂੰ। ਚਲਾਵੈ-(ਸੰਸਾਰ ਦੀ ਕਾਰ) ਤੋਰਦਾ ਹੈ। ਫੁਰਮਾਣੁ = ਹੁਕਮ। ਓਹੁ = ਅਕਾਲ ਪੁਰਖ। ਓਨਾ = ਜੀਵਾਂ ਨੂੰ। ਨਦਰਿ ਨ ਆਵੈ = ਦਿਸਦਾ ਨਹੀਂ। ਵਿਡਾਣੁ = ਅਸਚਰਜ ਕੌਤਕ।
ਅਰਥ: (ਪਰ ਅਸਲ ਗੱਲ ਇਹ ਹੈ ਕਿ) ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, (ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਕੁਝ ਹੱਥ ਨਹੀਂ) । ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ (ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ।
ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੦॥
ਵਿਆਖਿਆ : (ਸੋ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਦੇ ਥਾਂ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ ਜੋ (ਸਭ ਦਾ) ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ) , ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ। (ਇਹੀ ਹੈ ਵਸੀਲਾ ਉਸ ਪ੍ਰਭੂ ਨਾਲੋਂ ਵਿੱਥ ਦੂਰ ਕਰਨ ਦਾ) । 30।
ਜਪੁ ਜੀ ਸਾਹਿਬ ਦੀ ਇਸ ਪਉੜੀ ਵਿੱਚ ਗੁਰੂ ਸਾਹਿਬ ਮਨੁੱਖ ਸਮਝਾਂ ਰਹੇ ਹਨ ਕਿ ਜਿਉਂ ਜਿਉਂ ਮਨੁੱਖ ਪ੍ਰਭੂ ਦੀ ਯਾਦ ਵਿੱਚ ਜੁੜਦਾ ਹੈ, ਤਿਉਂ ਤਿਉਂ ਉਸ ਨੂੰ ਇਹ ਖ਼ਿਆਲ ਕੱਚੇ ਜਾਪਦੇ ਹਨ ਕਿ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਕੋਈ ਵੱਖਰੀਆਂ ਹਸਤੀਆਂ ਜਗਤ ਦਾ ਪਰਬੰਧ ਚਲਾ ਰਹੀਆਂ ਹਨ। ਸਿਮਰਨ ਵਾਲੇ ਨੂੰ ਯਕੀਨ ਹੈ ਕਿ ਪ੍ਰਭੂ ਆਪ ਆਪਣੀ ਰਜ਼ਾ ਵਿਚ ਆਪਣੇ ਹੁਕਮ ਅਨੁਸਾਰ ਜਗਤ ਦੀ ਕਾਰ ਚਲਾ ਰਿਹਾ ਹੈ, ਭਾਵੇਂ ਜੀਵਾਂ ਨੂੰ ਇਹਨਾਂ ਅੱਖਾਂ ਨਾਲ ਉਹ ਦਿੱਸਦਾ ਨਹੀਂ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਜਪੁਜੀ ਸਾਹਿਬ ਦੀ 31ਵੀਂ ਪਉੜੀ ਦੀ ਵਿਚਾਰ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ।
*gurdevsinghdr@gmail.com