ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ) : ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਹੋਰ ਨਿਖ਼ਾਰਨ ਲਈ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ।ਹੁਣ ਵਿਦਿਆਰਥੀਆਂ ਨੂੰ ‘ਸ਼ਬਦ ਲੰਗਰ’ ਰਾਹੀਂ ਵਿੱਦਿਆ ਦਾ ਉੱਚ ਪੱਧਰ ਦਾ ਗਿਆਨ ਦਿੱਤਾ ਜਾਵੇਗਾ ।
ਇਹ ਜਾਣਕਾਰੀ ਦਿੰਦਿਆਂ ਪੰਜਾਬੀ ਚਿੰਤਕ ਅਮਰਜੀਤ ਸਿੰਘ ਗਰੇਵਾਲ ਅਤੇ ਕਮਲਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ‘ਸ਼ਬਦ ਲੰਗਰ’ ਨਾਂ ਦਾ ਉਨ੍ਹਾਂ ਇਕ ‘ਐਪ’ ਤਿਆਰ ਕੀਤਾ ਹੈ, ਜਿਸ ਰਾਹੀਂ ਵਿਦਿਆਰਥੀਆਂ ਨੂੰ ਸਿਲੇਬਸ ਦੇ ਨਾਲ-ਨਾਲ ਉੱਚ ਮਿਆਰ ਦੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਇਸ ਐਪ ਰਾਹੀਂ ਨੌਕਰੀਆਂ ਵਿੱਚ ਮੁਹਾਰਤ ਹਾਸਲ ਕਰਨ ਵਾਸਤੇ ਵੀ ਵਿਦਿਆਰਥੀਆਂ ਨੂੰ ਟ੍ਰੇਂਡ ਕੀਤਾ ਜਾਵੇਗਾ।
ਇਹ ਸਹੂਲਤ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਲਈ ਹੋਵੇਗੀ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਪੰਜਾਬੀ ਪ੍ਰੇਮੀਆਂ ਨੇ ਕਿਹਾ ਕਿ ਸਾਡਾ ਵਿੱਦਿਅਕ ਢਾਂਚਾ ਅੱਗੇ ਨਹੀਂ ਵਧ ਰਿਹਾ ਜਿਸ ਕਾਰਨ ਵਿੱਦਿਆ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਉਹ ਇਹ ਉਪਰਾਲਾ ਕਰ ਰਹੇ ਹਨ।