SGPC ਵੱਲੋਂ ਮਾਨ ਸਰਕਾਰ ਦੇ ‘ਪਵਿੱਤਰ ਗੁਰਬਾਣੀ’ ਨੂੰ ਇੱਕ ਚੈਨਲ ਦੀ ਅਜ਼ਾਰੇਦਾਰੀ ਤੋਂ ਆਜ਼ਾਦ ਕਰਵਾਉਣ ਦਾ ਫ਼ੈਸਲਾ ਰੱਦ ਕਰਨਾ ਮੰਦਭਾਗਾ: ਕੰਗ

Global Team
4 Min Read

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਬਸਾਂਝੀ ਗੁਰਬਾਣੀ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿੱਚ ਬਿਲਕੁਲ ਮੁਫ਼ਤ ਪਹੁੰਚਾਉਣ ਲਈ ਧਾਰਾ 125 ਵਿੱਚ ਸੋਧ ਕਰਦਿਆਂ ਜੋ ਫ਼ੈਸਲਾ ਕੀਤਾ ਗਿਆ ਸੀ, ਉਸਨੂੰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਇਜਲਾਸ ਵਿੱਚ ਰੱਦ ਕਰਦਿਆਂ ਇੱਕ ਵਾਰ ਫ਼ਿਰ ਇੱਕ ਪਰਿਵਾਰ ਦੀ ਸਿਆਸਤ ਨੂੰ ਬਚਾਉਣ ਦਾ ਸ਼ਰਮਨਾਕ ਯਤਨ ਕੀਤਾ ਗਿਆ ਹੈ। ਜਦਕਿ ਅੱਜ ਕਮੇਟੀ ਕੋਲ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਿਆਂ ਬਾਦਲ ਪਰਿਵਾਰ ਦੀ ਗ਼ੁਲਾਮੀ ਤੋਂ ਇਸ ਮਹਾਨ ਸੰਸਥਾ ਨੂੰ ਮੁਕਤ ਕਰਾਉਣ ਦਾ ਮੌਕਾ ਸੀ।

ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਹੈੱਡਕੁਆਟਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਮਾਨ ਸਰਕਾਰ ਦੇ ਮੁਫ਼ਤ ਗੁਰਬਾਣੀ ਪ੍ਰਸਾਰਣ ਦੇ ਫ਼ੈਸਲੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੱਦ ਕਰਨ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਨਾਲ ਹੀ ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਵਾਲ ਕਰਦਿਆਂ ਪੁੱਛਿਆ ਕਿ ‘ਕੀ ਸਰਬਸਾਂਝੀ ਗੁਰਬਾਣੀ ਦੀ ਓਟ ਵਿੱਚ ਆਪਣੇ ਸਿਆਸੀ ਹਿੱਤ ਸੋਧਣੇ, ਗੁਰਬਾਣੀ ਦੇ ਪ੍ਰਸਾਰਣ ਦੇ ਅਧਿਕਾਰਾਂ ਨੂੰ ਆਪਣੇ ਇੱਕ ਨਿੱਜੀ ਚੈਨਲ ਤੱਕ ਮਹਿਦੂਦ ਕਰਕੇ ਇਸ਼ਤਿਹਾਰਬਾਜ਼ੀ, ਟੀਆਰਪੀ ਆਦਿ ਰਾਹੀਂ ਕਰੋੜਾਂ ਦਾ ਵਪਾਰ ਖੜ੍ਹਾ ਕਰਨਾ ਸਿੱਖ ਰਵਾਇਤਾਂ ਅਨੁਸਾਰ ਜਾਇਜ਼ ਹੈ?’

ਕੰਗ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਮਾਨ ਸਰਕਾਰ ਦੇ ਇਸ ਫ਼ੈਸਲੇ ਨੂੰ ਕਿਸ ਆਧਾਰ ‘ਤੇ ਸਿੱਖ ਵਿਰੋਧੀ ਗਰਦਾਨ ਰਹੇ ਨੇ! ਕੀ ਉਹ ਨਹੀਂ ਜਾਣਦੇ ਕਿ ਭਗਵੰਤ ਮਾਨ ਨੂੰ ਪੰਜਾਬ ਦੇ ਸਿੱਖਾਂ ਨੇ ਵੀ ਵੋਟ ਪਾਕੇ ਚੁਣਿਆ ਹੈ। ਜੇਕਰ ਧਾਮੀ ਸਾਬ੍ਹ ਦੀ ਗੱਲ ਮੰਨੀਏ ਕਿ ਜੇਕਰ ਅਕਾਲੀ ਦਲ ਦੇ ਚੁਣੇ ਤਿੰਨ ਵਿਧਾਇਕ ਹੀ ਸਿੱਖਾਂ ਦੀ ਨੁਮਾਇੰਦਗੀ ਕਰਦੇ ਹਨ ਵਿਧਾਨ ਸਭਾ ਦੇ ਬਾਕੀ ਵਿਧਾਇਕ ਕਿੰਨ੍ਹਾਂ ਦੇ ਹਨ?

ਕੰਗ ਨੇ ਸਵਾਲ ਕਰਦਿਆਂ ਕਿਹਾ ਕਿ ਐੱਸਜੀਪੀਸੀ ਪ੍ਰਧਾਨ ਇਹ ਦੱਸਣ ਕਿ ਅੱਜ ਉਹ ਗੁਰਬਾਣੀ ਪ੍ਰਸਾਰਣ ਦੇ ਮਾਮਲੇ ਨੂੰ ਪੰਥ ‘ਤੇ ਹਮਲਾ ਕਰਾਰ ਦੇ ਰਹੇ ਹਨ, ਵਿਸ਼ੇਸ਼ ਇਜਲਾਸ ਸੱਦ ਰਹੇ ਹਨ ਪਰ ਇਹ ਸਭ ਸ਼੍ਰੋਮਣੀ ਕਮੇਟੀ ਨੇ ਉਦੋਂ ਕਿਉਂ ਨਾ ਕੀਤਾ ਜਦੋਂ ਇੱਕ ਪੰਥ ਦੋਖੀ ਨੂੰ ਸ਼ਰੇਆਮ ਝੂਠੀ ਮਾਫ਼ੀ ਦਿੱਤੀ ਗਈ ਅਤੇ ਫ਼ਿਰ ਇਸਨੂੰ ਸਹੀ ਸਾਬਿਤ ਕਰਨ ਲਈ ਲੱਖਾਂ ਦੇ ਇਸ਼ਤਿਹਾਰ ਦਿੱਤੇ ਗਏ। ਕੀ ਉਹ ਪੰਥ ‘ਤੇ ਹਮਲਾ ਨਹੀਂ ਸੀ! ਜਦ ਬਰਗਾੜੀ ਬੇਅਦਬੀ ਕਾਂਡ ਹੋਇਆ, ਇਨਸਾਫ਼ ਮੰਗ ਰਹੀਆਂ ਸੰਗਤਾਂ ‘ਤੇ ਅਕਾਲੀ-ਭਾਜਪਾ ਸਰਕਾਰ ਦੇ ਇਸ਼ਾਰੇ ‘ਤੇ ਗੋਲੀਆਂ ਚਲਾਈਆਂ ਗਈਆਂ, ਕੀ ਉਹ ਪੰਥ ਉੱਤੇ ਹਮਲਾ ਨਹੀਂ ਸੀ? ਉਦੋਂ ਇਹ ਇਜਲਾਸ ਸ਼੍ਰੋਮਣੀ ਕਮੇਟੀ ਨੇ ਕਿਉਂ ਨਹੀਂ ਸੱਦੇ?

ਦਿੱਲੀ ਵਿੱਚ ਭਾਜਪਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਬਜ਼ਾ ਕਰ ਲੈਂਦੀ ਹੈ, ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ ਹੈ ਪਰ ਸ਼੍ਰੋਮਣੀ ਕਮੇਟੀ ਨੂੰ ਉਸਦਾ ਕੋਈ ਉਜਰ ਨਹੀਂ। ਪਰ ਜਦ ਗੱਲ ਬਾਦਲਾਂ ਦੇ ਚੈਨਲ ਨੂੰ ਧੱਕੇ ਨਾਲ ਦਿੱਤੇ ਗੁਰਬਾਣੀ ਪ੍ਰਸਾਰਣ ਦੇ ਅਧਿਕਾਰਾਂ ਦੀ ਆਉਂਦੀ ਹੈ ਤਾਂ ਧਾਮੀ ਸਾਬ੍ਹ ਇਸਨੂੰ ਕੌਮੀ ਮੁੱਦਾ ਬਣਾਕੇ ਪੇਸ਼ ਕਰ ਰਹੇ ਹਨ।

ਕੰਗ ਨੇ ਕਿਹਾ ਕਿ ਇਹ ਸਮਾਂ ਹੈ ਕਿ ਸ. ਭਗਵੰਤ ਮਾਨ ਨੇ ਜੋ ਵੀ ਕੀਤਾ ਉਹ ਦੇਸ਼-ਦੁਨੀਆਂ ਦੇ ਕੋਨੇ-ਕੋਨੇ ਵਿੱਚ ਵਸਦੀਆਂ ਨਾਨਕ ਨਾਮ-ਲੇਵਾ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਕੀਤਾ। ਪਰ ਖ਼ੁਦ ਨੂੰ ਸਿੱਖਾਂ ਦੀ ਨੁਮਾਇੰਦਾ ਜਮਾਤ ਦੱਸਣ ਵਾਲਿਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਪਛਾਨਣੀ ਚਾਹੀਦੀ ਹੈ ਅਤੇ ਕੁਰਬਾਨੀਆਂ ਦੇ ਸ਼ਾਨਾਮੱਤੇ ਇਤਿਹਾਸ ਨਾਲ ਭਰੀ ਸ਼੍ਰੋਮਣੀ ਕਮੇਟੀ ਨੂੰ ਮਹਿਜ਼ ਇੱਕ ਪਰਿਵਾਰ ਦੀ ਰਾਜਨੀਤੀ ਬਚਾਉਣ ਤੱਕ ਮਹਿਦੂਦ ਨਹੀਂ ਕਰਨਾ ਚਾਹੀਦਾ।

Share This Article
Leave a Comment