ਪਾਕਿਸਤਾਨ: ਇੱਥੋਂ ਦੇ ਹਸਨ ਅਬਦਾਲ ਸਥਿਤ ਇਤਿਹਾਸਕ ਗੁਰਦੁਆਰਾ ਪੰਜਾ ਸਾਹਿਬ ਦੇ ਸਰੋਵਰ ਵਿੱਚ ਗੰਦਾ ਪਾਣੀ ਰਲਣ ਦਾ ਇਮਰਾਨ ਖਾਨ ਸਰਕਾਰ ਨੇ ਗੰਭੀਰ ਨੋਟਿਸ ਲਿਆ ਹੈ। ਇਸ ਸਬੰਧੀ ਇਮਰਾਨ ਖਾਨ ਸਰਕਾਰ ਨੇ ਆਦੇਸ਼ ਦਿੱਤੇ ਕਿ ਗੰਦੇ ਪਾਣੀ ਵਾਲੇ ਨਾਲੇ ਨੂੰ ਵੱਖ ਕੀਤਾ ਜਾਵੇ। ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਸਈਦ ਜ਼ੁਲਫੀ ਬੁਖ਼ਾਰੀ ਨੇ ਗੁਰਦੁਆਰਾ ਪੰਜਾ ਸਾਹਿਬ ਦਾ ਬੀਤੇ ਦਿਨੀਂ ਦੌਰਾ ਕੀਤਾ ਸੀ।
ਇਸ ਦੌਰਾਨ ਉਨ੍ਹਾਂ ਨੇ ਪੰਜਾ ਸਾਹਿਬ ਦੇ ਸਰੋਵਰ ‘ਚ ਮਿਲੇ ਗੰਦੇ ਪਾਣੀ ਨੂੰ ਦੇਖ ਕੇ ਦੁੱਖ ਜ਼ਾਹਰ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਹਦਾਇਤ ਦਿੱਤੀ ਕਿ ਗੰਦੇ ਨਾਲੇ ਨੂੰ ਵੱਖ ਕੀਤਾ ਜਾਵੇ ਅਤੇ ਸਰੋਵਰ ਦੇ ਪਾਣੀ ਨੂੰ ਸਾਫ਼ ਕੀਤਾ ਜਾਵੇ ਤਾਂ ਜੋ ਇੱਥੇ ਆਉਣ ਵਾਲੀ ਸੰਗਤ ਇਸ ਪਾਵਨ ਸਰੋਵਰ ਵਿੱਚ ਇਸ਼ਨਾਨ ਕਰ ਸਕੇ।
ਪਾਕਿਸਤਾਨ ਦੇ ਹਸਨ ਅਬਦਾਲ ਵਿਖੇ ਗੁਰਦੁਆਰਾ ਪੰਜਾ ਸਾਹਿਬ ਸਥਿਤ ਹੈ। ਗੁਰੂ ਨਾਨਕ ਦੇਵ ਜੀ ਜਦੋਂ ਹਸਨ ਅਬਦਾਲ ਪਹੁੰਚੇ ਸਨ ਤਾਂ ਇੱਥੇ ਵਲੀ ਕੰਧਾਰੀ ਨਾਂ ਦੇ ਵਿਅਕਤੀ ਵੱਲੋਂ ਗੁਰੂ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੇ ਮਕਸਦ ਨਾਲ ਉਨ੍ਹਾਂ ‘ਤੇ ਵੱਡਾ ਪੱਥਰ ਪਹਾੜੀ ਤੋਂ ਸੁੱਟਿਆ ਸੀ। ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥਾਂ ਦੇ ਨਾਲ ਉਸ ਪੱਥਰ ਨੂੰ ਰੋਕ ਦਿੱਤਾ ਸੀ, ਅਤੇ ਪੱਥਰ ‘ਤੇ ਗੁਰੂ ਸਾਹਿਬ ਦੇ ਪੰਜੇ ਦਾ ਨਿਸ਼ਾਨ ਛਪ ਗਿਆ ਸੀ। ਜਿਸ ਕਰਕੇ ਇਸ ਪਾਵਨ ਅਸਥਾਨ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਜੋਂ ਜਾਣਿਆ ਜਾਂਦਾ ਹੈ।