ਨਵੀਂ ਦਿੱਲੀ : ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਆਈਆਈ) ਨੇ ਕੋਵੀਸ਼ੀਲਡ ਨੂੰ ਬੂਸਟਰ ਡੋਜ਼ ਦੇ ਤੌਰ ’ਤੇ ਲਗਾਉਣ ਲਈ ਦੇਸ਼ ਦੀ ਦਵਾ ਰੈਗੂਲੇਟਰੀ ਤੋਂ ਮਨਜ਼ੂਰੀ ਮੰਗੀ ਹੈ। ਕੰਪਨੀ ਨੇ ਕਿਹਾ ਕਿ ਦੇਸ਼ ’ਚ ਲੋੜੀਂਦੀ ਗਿਣਤੀ ’ਚ ਵੈਕਸੀਨ ਉਪਲਬਧ ਹੈ ਤੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦੇ ਸਾਹਮਣੇ ਆਉਣ ਤੋਂ ਬਾਅਦ ਬੂਸਟਰ ਡੋਜ਼ ਦੀ ਲੋੜ ਹੈ।
ਐੱਸਆਈਆਈ ’ਚ ਸਰਕਾਰ ਤੇ ਰੈਗੂਲੇਟਰੀ ਮਾਮਲਿਆਂ ਦੇ ਨਿਰਦੇਸ਼ਕ ਪ੍ਰਕਾਸ਼ ਕੁਮਾਰ ਸਿੰਘ ਨੇ ਭਾਰਤ ਦੇ ਦਵਾ ਮਹਾਕੰਟਰੋਲਰ (ਡੀਸੀਜੀਆਈ) ਨੂੰ ਇਸ ਸਬੰਧੀ ਇਕ ਅਰਜ਼ੀ ਦਿੱਤੀ ਹੈ।
ਸਿੰਘ ਨੇ ਕਿਹਾ ਕਿ ਬ੍ਰਿਟੇਨ ਦੀਆਂ ਦਵਾਈਆਂ ਤੇ ਸਿਹਤ ਦੇਖਭਾਲ ਉਤਪਾਦ ਰੈਗੂਲੇਟਰੀ ਏਜੰਸੀ ਨੇ ਆਪਣੇ ਇੱਥੇ ਪਹਿਲਾਂ ਹੀ ਐਸਟ੍ਰਾਜੈਨਿਕਾ ਦੀ ਵੈਕਸੀਨ ਨੂੰ ਬੂਸਟਰ ਡੋਜ਼ ਦੇ ਰੂਪ ’ਚ ਮਨਜ਼ੂਰੀ ਦੇ ਦਿੱਤੀ ਹੈ।
ਦੱਸਣਯੋਗ ਹੈ ਕਿ ਸੀਰਮ ਵੀ ਐਸਟ੍ਰਾਜੈਨਿਕਾ ਦੀ ਵੈਕਸੀਨ ਨੂੰ ਭਾਰਤ ’ਚ ਕੋਵੀਸ਼ੀਲਡ ਦੇ ਨਾਂ ਨਾਲ ਬਣਾਉਂਦੀ ਤੇ ਵੇਚਦੀ ਹੈ। ਐੱਸਆਈਆਈ ਨੇ ਕਈ ਹੋਰਨਾਂ ਦੇਸ਼ਾਂ ’ਚ ਵੀ ਬੂਸਟਰ ਡੋਜ਼ ਦਿੱਤੇ ਜਾਣ ਦਾ ਹਵਾਲਾ ਦਿੱਤਾ ਹੈ।
ਸੀਰਮ ਨੇ ਇਸ ਸਾਲ ਕੋਵੈਕਸ ਨੂੰ ਐਸਟ੍ਰਾਜੈਨਿਕਾ ਦੀਆਂ ਚਾਰ ਕਰੋੜ ਡੋਜ਼ ਸਪਲਾਈ ਕਰਨ ਦਾ ਵੀ ਵਾਅਦਾ ਕੀਤਾ ਹੈ।