ਚੰਡੀਗੜ੍ਹ, (ਅਵਤਾਰ ਸਿੰਘ): ਸੀਨੀਅਰ ਪੱਤਰਕਾਰ, ਨੈਸ਼ਨਲ ਯੂਨੀਅਨ ਆਫ ਜਰਨਲਿਸਟ (ਇੰਡੀਆ) ਦੇ ਸਾਬਕਾ ਪ੍ਰਧਾਨ ਅਤੇ ਸਮਾਜਿਕ ਕਾਰਕੁਨ ਸ਼ਿਆਮ ਖੋਸਲਾ ਦਾ ਸੋਮਵਾਰ ਦੇਰ ਰਾਤ ਦਿੱਲੀ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਸ਼੍ਰੀ ਖੋਸਲਾ ਨੇ ਆਪਣਾ ਪੱਤਰਕਾਰਤਾ ਦਾ ਕਰੀਅਰ ਹਿੰਦੁਸਤਾਨ ਸਮਾਚਾਰ ਨਿਊਜ ਏਜੇਂਸੀ ਦੇ ਕਾਠਮੰਡੂ ਵਿਚ ਨਾਮਾਨਿਗਾਰ ਵਜੋਂ ਸ਼ੁਰੂ ਕੀਤਾ। ਇਸ ਤੋਂ ਬਾਅਦ ”ਦਿ ਟ੍ਰਿਬਿਊਨ” ਵਿਚ ਲੰਬਾ ਸਮਾਂ ਸੇਵਾਵਾਂ ਨਿਭਾਈਆਂ ਅਤੇ ਦਿੱਲੀ ਵਿਚ ਚੀਫ ਬਿਉਰੋ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਇਸ ਤੋਂ ਬਾਅਦ ਦਿੱਲੀ ਵਿਚ ਇੰਡੀਅਨ ਐਕਸਪ੍ਰੈੱਸ ਵਿਚ ਰਾਜਨੀਤਿਕ ਸੰਵਾਦਾਤਾ ਵਜੋਂ ਵੀ ਸੇਵਾ ਨਿਭਾਈ। ਉਹ ਬਹੁਤ ਸਾਰੀਆਂ ਸਮਾਜਿਕ ਅਤੇ ਪੱਤਰਕਾਰਾਂ ਦੀਆਂ ਕੌਮੀ ਅਤੇ ਕੌਮਾਂਤਰੀ ਸੰਸਥਾਵਾਂ ਨਾਲ ਜੁੜੇ ਹੋਏ ਸਨ। ਨਿਰਪੱਖ ਪੱਤਰਕਾਰਤਾ ਵਜੋਂ ਉਨ੍ਹਾਂ ਨੂੰ ਬਹੁਤ ਸਾਰੇ ਮਾਣ ਸਨਮਾਨ ਵੀ ਹਾਸਿਲ ਹੋਏ। ਉਨ੍ਹਾਂ ਨੇ ਪੱਤਰਕਾਰਾਂ ਦੇ ਵੇਤਨ ਲਈ ਬਣੇ ਵੇਜ ਬੋਰਡਾਂ ਵਿੱਚ ਵੀ ਪੱਤਰਕਾਰਾਂ ਅਤੇ ਗੈਰ-ਪੱਤਰਕਾਰਾਂ ਦੇ ਹੱਕ ਵਿੱਚ ਲੜਾਈ ਲੜੀ। ਮਨਿਸਾਨਾ ਵੇਜ ਬੋਰਡ ਦੇ ਮੈਂਬਰ ਵੀ ਰਹੇ। ਇਸੇ ਦੌਰਾਨ ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਇਕ ਮੀਟਿੰਗ ਵਿਚ ਸ਼੍ਰੀ ਸ਼ਿਆਮ ਖੋਸਲਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।