ਫਰਿਜ਼ਨੋ (ਕੈਲੀਫੋਰਨੀਆ) : ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ :
ਅਮਰੀਕਾ ਵਿੱਚ ਲੁੱਟ ਖੋਹ ਕਰਨ ਵਾਲਿਆਂ ਦੇ ਹੌਸਲੇ ਬਹੁਤ ਵਧ ਗਏ ਹਨ। ਅਜਿਹੇ ਲੋਕਾਂ ਵਿੱਚ ਪੁਲਿਸ ਜਾਂ ਪ੍ਰਸ਼ਾਸਨ ਦਾ ਡਰ ਘਟਦਾ ਜਾ ਰਿਹਾ ਹੈ। ਜਿਸ ਕਰਕੇ ਆਏ ਦਿਨ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਅਜਿਹੀ ਇੱਕ ਤਾਜਾ ਘਟਨਾ ਵਿੱਚ ਅਮਰੀਕਾ ਦੀ ਸਾਬਕਾ ਸੈਨੇਟਰ 80 ਸਾਲਾਂ ਬਾਰਬਰਾ ਬਾਕਸਰ ‘ਤੇ ਸੋਮਵਾਰ ਦੁਪਹਿਰ ਨੂੰ ਓਕਲੈਂਡ ਵਿੱਚ ਹਮਲਾ ਕਰਕੇ ਲੁੱਟਿਆ ਗਿਆ। ਇਸ ਹਮਲੇ ਦੌਰਾਨ ਇੱਕ ਹਮਲਾਵਰ ਨੇ ਉਸ ਨੂੰ ਪਿਛਲੇ ਪਾਸੇ ਤੋਂ ਧੱਕਾ ਮਾਰਿਆ ਅਤੇ ਉਸਦਾ ਸੈੱਲ ਫੋਨ ਚੋਰੀ ਕਰਕੇ ਇੱਕ ਪਾਸੇ ਇੰਤਜ਼ਾਰ ਕਰ ਰਹੀ ਕਾਰ ਵਿੱਚ ਭੱਜ ਗਿਆ।
ਬਾਕਸਰ ਨੇ ਦੱਸਿਆ ਕਿ ਉਹ ਇਸ ਹਮਲੇ ਵਿੱਚ ਗੰਭੀਰ ਰੂਪ ‘ਚ ਜ਼ਖਮੀ ਨਹੀਂ ਹੋਈ। ਓਕਲੈਂਡ ਪੁਲਿਸ ਵਿਭਾਗ ਅਨੁਸਾਰ ਇਹ ਘਟਨਾ ਦੁਪਹਿਰ ਤਕਰੀਬਨ 1:30 ਵਜੇ ਦੇ ਕਰੀਬ ਦੀ ਹੈ ਅਤੇ ਵਿਭਾਗ ਦੁਆਰਾ ਇਸ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦੁਆਰਾ ਉਸ ਖੇਤਰ ਦੀ ਸੀ ਸੀ ਟੀ ਵੀ ਫੁਟੇਜ਼ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿੱਥੇ ਇਹ ਹਮਲਾ ਕੀਤਾ ਗਿਆ ਸੀ। ਬਾਕਸਰ ਨੇ 1993 ਤੋਂ 2017 ਤੱਕ ਕੈਲੀਫੋਰਨੀਆ ਦੀ ਸੈਨੇਟ ਪ੍ਰਤੀਨਿਧੀ ਵਜੋਂ ਸੇਵਾ ਨਿਭਾਈ ਅਤੇ ਉਸਨੇ ਇੱਕ ਦਹਾਕੇ ਲਈ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਵਿੱਚ ਵੀ ਸੇਵਾ ਕੀਤੀ ਹੈ।