ਚੰਡੀਗੜ੍ਹ : ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਬੀਜ ਘੁਟਾਲੇ ਲਈ ਗਠਿਤ ਸੂਬਾ ਪੱਧਰੀ ਵਿਸ਼ੇਸ ਜਾਂਚ ਟੀਮ (ਐਸਆਈਟੀ) ਨੇ ਬੀਜ ਘੁਟਾਲੇ `ਚ ਸ਼ਾਮਲ ਵਿਅਕਤੀਆਂ ‘ਤੇ ਵੱਡੇ ਪੱਧਰ `ਤੇ ਕਾਰਵਾਈ ਕਰਦਿਆਂ ਬੀਤੇ ਬੁੱਧਵਾਰ ਇਕ ਹੋਰ ਸ਼ੱਕੀ ਵਿਅਕਤੀ ਲਖਵਿੰਦਰ ਸਿੰਘ ਉਰਫ ਲੱਕੀ ਢਿੱਲੋਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਇਸ ਮਾਮਲੇ ‘ਚ ਹੁਣ ਤੱਕ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਪੁਲਿਸ ਨੇ ਡੇਰਾ ਬਾਬਾ ਨਾਨਕ ਬਟਾਲਾ ਦੇ ਕਰਨਾਲ ਐਗਰੀ ਸੀਡਜ਼ ਦੇ ਮਾਲਕ ਲਖਵਿੰਦਰ ਸਿੰਘ ਉਰਫ ਲੱਕੀ ਢਿੱਲੋਂ ਨੂੰ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਬੀਜ ਘੁਟਾਲੇ ਦੀ ਤਹਿ ਤੱਕ ਜਾਣ ਲਈ ਗ੍ਰਿਫ਼ਤਾਰ ਕੀਤਾ ਹੈ। ਜਿਸ ਵਿੱਚ ਝੋਨੇ ਦੀਆਂ ਨਵੀਆਂ ਕਿਸਮਾਂ ਦੇ ਗੈਰ ਪ੍ਰਮਾਣਿਤ ਬੀਜ ਜੋ ਪੀ.ਏ.ਯੂ. ਲੁਧਿਆਣਾ ਦੁਆਰਾ ਟੈਸਟ ਕੀਤੇ / ਉਗਾਏ ਜਾ ਰਹੇ ਹਨ, ਦੀ ਕਥਿਤ ਤੌਰ `ਤੇ ਵੇਚੇ ਜਾ ਰਹੇ ਸਨ।
ਡੀਜੀਪੀ ਗੁਪਤਾ ਨੇ ਖੁਲਾਸਾ ਕੀਤਾ ਕਿ ਲੱਕੀ ਢਿੱਲੋਂ ਨੇ ਕੁਝ ਕਿਸਾਨਾਂ ਤੋਂ ਅਣਅਧਿਕਾਰਤ ਤੌਰ ਤੇ ਪੀਆਰ -128 ਅਤੇ ਪੀਆਰ -129 ਬੀਜ ਕਿਸਮਾਂ ਖਰੀਦੀਆਂ ਸਨ ਜਿਨ੍ਹਾਂ ਨੂੰ ਪੀਏਯੂ ਦੁਆਰਾ ਅਜ਼ਮਾਇਸ਼ ਦੇ ਅਧਾਰ ਤੇ ਬੀਜ ਦਿੱਤੇ ਗਏ ਸਨ। ਜਾਂਚ ਵਿੱਚ ਪਤਾ ਲੱਗਿਆ ਹੈ ਕਿ ਢਿੱਲੋਂ ਨੇ ਇਹ ਬੀਜ ਲੁਧਿਆਣਾ ਦੀ ਬਰਾੜ ਸੀਡਜ਼ ਕੰਪਨੀ ਨੂੰ ਸਪਲਾਈ ਕੀਤੇ ਸਨ ਜਿਸਦੇ ਮਾਲਕ ਹਰਵਿੰਦਰ ਸਿੰਘ ਉਰਫ ਕਾਕਾ ਬਰਾੜ ਨੂੰ ਇਸ ਘੁਟਾਲੇ ਵਿੱਚ ਸਭ ਤੋਂ ਪਹਿਲਾਂ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਗ੍ਰਿਫਤਾਰ ਕੀਤੇ ਦੋ ਦੋਸ਼ੀਆਂ ਕਾਕਾ ਬਰਾੜ ਅਤੇ ਬਲਜਿੰਦਰ ਸਿੰਘ ਉਰਫ ਬਾਲੀਆਂ ਨੂੰ ਹੋਰ ਦੋ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਡੀਜੀਪੀ ਨੇ ਕਿਹਾ ਕਿ ਐਸਆਈਟੀ ਨੇ ਮਾਮਲੇ ਦੀ ਤਹਿ ਤੱਕ ਜਾਣ ਲਈ ਅਦਾਲਤ ਤੋਂ ਉਕਤ ਦੋਸ਼ੀਆਂ ਦੇ ਹੋਰ ਰਿਮਾਂਡ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਬਲਜਿੰਦਰ ਸਿੰਘ ਉਰਫ ਬਾਲੀਆਂ ਪੀਏਯੂ, ਲੁਧਿਆਣਾ ਦੁਆਰਾ ਬਣਾਈ ਗਈ ਫਾਰਮਰਜ਼ ਐਸੋਸੀਏਸ਼ਨ ਦਾ ਮੈਂਬਰ ਵੀ ਹੈ ਜੋ ਕਿਸਾਨਾਂ ਨੂੰ ਨਵੇਂ ਬੀਜਾਂ ਅਤੇ ਤਕਨੀਕਾਂ ਬਾਰੇ ਜਾਣਕਾਰੀ ਦਿੰਦੀ ਹੈ। ਪੀਏਯੂ ਨੇ ਉਸਨੂੰ ਅਜਮਾਇਸ਼ ਦੇ ਅਧਾਰ ‘ਤੇ ਨਤੀਜਿਆਂ ਦਾ ਮੁਲਾਂਕਣ ਕਰਨ ਲਈ ਪਿਛਲੇ ਸਾਲ ਝੋਨੇ ਦੇ ਬੀਜ ਦਾ ਨਵਾਂ ਵਿਕਸਤ ਪੀਆਰ 128 ਅਤੇ ਪੀਆਰ 129 ਬਿਜਾਈ ਲਈ ਦਿੱਤਾ ਸੀ। ਪਰ ਉਸਨੇ ਬੀਜੀ ਫਸਲਾਂ ਦਾ ਵਾਧੂ ਉਤਪਾਦਨ ਬੀਜ ਤਿਆਰ ਕਰਨ ਲਈ ਇਸਤੇਮਾਲ ਕੀਤਾ ਅਤੇ ਉਸ ਬੀਜ ਨੂੰ ਬਿਨਾਂ ਕਿਸੇ ਅਧਿਕਾਰ ਤੋਂ ਅੱਗੇ ਵੇਚ ਦਿੱਤਾ। ਦੱਸ ਦਈਏ ਕਿ ਅਜੇ ਤੱਕ ਕਿਸੇ ਵੀ ਡੀਲਰ ਨੂੰ ਪੀਏਯੂ ਦੇ ਸਪੱਸ਼ਟ ਅਧਿਕਾਰ ਤੋਂ ਬਿਨਾਂ ਵਪਾਰਕ ਪੱਧਰ ‘ਤੇ ਇਨਾਂ ਬੀਜਾਂ ਨੂੰ ਵੇਚਣ ਦਾ ਅਧਿਕਾਰ ਨਹੀਂ ਦਿੱਤਾ ਸੀ।