ਦੋ ਭਾਰਤੀਆਂ ਦੀ ਰਿਹਾਈ ਲਈ ਗੋਰੇ ਲੋਕਾਂ ਨੇ ਪੁਲਿਸ ਨੂੰ ਪਾਇਆ ਘੇਰਾ : ਵੇਖੋ ਵੀਡੀਓ

TeamGlobalPunjab
3 Min Read

ਭਾਰਤੀਆਂ ਦੀ ਰਿਹਾਈ ਲਈ ਹਜ਼ਾਰਾਂ ਦੀ ਗਿਣਤੀ ‘ਚ ਇਕੱਠੇ ਹੋਏ ਗਲਾਸਗੋ ਵਾਸੀ

ਰਿਹਾਈ ਤੋਂ ਬਾਅਦ ਤਾੜੀਆਂ ਨਾਲ ਗੂੰਜਿਆ ਅਸਮਾਨ

 

ਗਲਾਸਗੋ : ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਦੋ ਪ੍ਰਵਾਸੀ ਭਾਰਤੀ ਨਾਗਰਿਕਾਂ ਦੀ ਰਿਹਾਈ ਲਈ ਉਥੋਂ ਦੇ ਲੋਕਾਂ ਨੇ ਗ਼ਜ਼ਬ ਦੀ ਹਿੰਮਤ ਵਿਖਾਈ। ਇੱਥੇ ਲੋਕਾਂ ਨੇ ਕਰੀਬ ਅੱਠ ਘੰਟਿਆਂ ਤੱਕ ਲਗਾਤਾਰ ਪੁਲਿਸ ਦੀ ਵੈਨ ਨੂੰ ਘੇਰਾ ਪਾਈ ਰੱਖਿਆ ਤਾਂ ਕਿ ਉਹ ਇਨ੍ਹਾਂ ਦੋ ਭਾਰਤੀਆਂ ਨੂੰ ਜੇਲ੍ਹ ਭੇਜਣ ਤੋਂ ਰੋਕ ਸਕਣ। ਇਨ੍ਹਾਂ ਦੋਹਾਂ ਨੂੰ ਇਮੀਗ੍ਰੇਸ਼ਨ ਅਪਰਾਧ ਦੇ ਸ਼ੱਕ ਦੇ ਅਧਾਰ ‘ਤੇ ਬ੍ਰਿਟਿਸ਼ ਬਾਰਡਰ ਫੋਰਸ (U.K. BORDER AGENCY) ਦੇ ਅਧਿਕਾਰੀਆਂ ਦੁਆਰਾ ਹਿਰਾਸਤ ਵਿਚ ਲਿਆ ਗਿਆ ਸੀ । ਘਟਨਾ ਗਲਾਸਗੋ ਦੇ ਦੱਖਣ ਵਾਲੇ ਪਾਸੇ ਕੇਨਮੂਰ ਸਟ੍ਰੀਟ ਦੀ  ਹੈ।

ਵੀਰਵਾਰ ਨੂੰ ਸਵੇਰੇ ਬ੍ਰਿਟਿਸ਼ ਬਾਰਡਰ ਫੋਰਸ ਨੇ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਕੇਨਮੂਰ ਸਟ੍ਰੀਟ ਦੇ ਇੱਕ ਫਲੈਟ ਤੋਂ ਇਨ੍ਹਾਂ ਦੋ ਪ੍ਰਵਾਸੀ ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ । ਇਨ੍ਹਾਂ ਭਾਰਤੀ ਵਿਅਕਤੀਆਂ ਦੇ ਨਾਂ ਲਖਵੀਰ ਸਿੰਘ ਤੇ ਸੁਮਿਤ ਦੱਸੇ ਗਏ ਹਨ। ਪੁਲਿਸ ਕਾਰਵਾਈ ਦੀ ਜਾਣਕਾਰੀ ਉਹਨਾਂ ਦੇ ਗੁਆਂਢੀ ਇੱਕ ਗੋਰੇ ਨੂੰ ਹੋਈ ਤਾਂ ਉਹ ਪੁਲਿਸ ਦੀ ਵੈਨ ਹੇਠਾਂ ਵੜ ਗਿਆ, ਤਾਂ ਜੋ ਪੁਲਿਸ ਇਨ੍ਹਾਂ ਦੋ ਭਾਰਤੀਆਂ ਨੂੰ ਉਥੋਂ ਨਾ ਲਿਜਾ ਸਕੇ। ।

ਇਸ ਤੋਂ ਬਾਅਦ ਤਾਂ ਜੋ ਕੁਝ ਹੋਇਆ ਸ਼ਾਇਦ ਹੀ ਕਦੇ ਅਜਿਹਾ ਹੋਇਆ ਜਾਂ ਸੁਣਿਆ ਹੋਵੇਗਾ। ਇਲਾਕੇ ਦੇ ਵੱਡੀ ਗਿਣਤੀ ਲੋਕਾਂ ਨੇ ਮੌਕੇ ‘ਤੇ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ। ਸੋਸ਼ਲ ਮੀਡੀਆ ਰਾਹੀਂ ਇਹ ਖ਼ਬਰ ਹਰ ਪਾਸੇ ਫੈਲ ਗਈ ਤਾਂ ਇੱਥੇ ਪਹੁੰਚਣ ਵਾਲੇ ਲੋਕਾਂ ਦੀ ਗਿਣਤੀ ਹਜ਼ਾਰਾਂ ਤੱਕ ਪਹੁੰਚ ਗਈ। ਇਨਾਂ ਨੂੰ ਕਾਬੂ ਕਰਨ ਵਿੱਚ ਪੁਲਿਸ ਵੀ ਬੇਬੱਸ ਨਜ਼ਰ ਆਈ।

ਲੋਕਾਂ ਦੇ ਇਕੱਠ ਨੇ ‘ਸਾਡੇ ਗੁਆਂਢੀਆਂ ਨੂੰ ਰਿਹਾਅ ਕਰੋ’ ਦੇ ਨਾਅਰੇ ਲਾ ਕੇ ਮਾਹੌਲ ਨੂੰ ਜੋਸ਼ੀਲਾ ਬਣਾ ਦਿੱਤਾ। ਘੰਟਿਆਂ ਬੱਧੀ ਲੋਕ ਆਪਣੇ ਕੰਮਕਾਜ ਛੱਡ ਕੇ ਸੜਕ ‘ਤੇ ਹੀ ਡਟੇ ਰਹੇ।

ਕਮਾਲ ਵਾਲੀ ਗੱਲ ਇਹ ਕਿ ਫੜ੍ਹੇ ਜਾਣ ਵਾਲੇ ਮੁੰਡਿਆਂ ਕੋਲ ਪੂਰੇ ਕਾਗਜ਼ਾਤ ਨਹੀਂ ਸਨ, ਪਰ ਇਨ੍ਹਾਂ ਨੂੰ ਛੁੜਵਾਉਣ ਵਾਲਿਆਂ ਵਿੱਚ ਵੱਡੀ ਗਿਣਤੀ ਗੋਰਿਆਂ ਦੀ ਸੀ। ਹੋਰ ਤਾਂ ਹੋਰ ਇਨ੍ਹਾਂ ਪ੍ਰਦਰਸ਼ਨਕਾਰੀਆਂ ਲਈ ਖਾਣ-ਪੀਣ ਦਾ ਵੀ ਇੰਤਜ਼ਾਮ ਲੋਕਾਂ ਵੱਲੋਂ ਕੀਤਾ ਗਿਆ, ਤਾਂ ਜੋ ਕੋਈ ਵੀ ਉਥੋਂ ਇਧਰ-ਉਧਰ ਨਾ ਹੋਵੇ।

ਬੇਸ਼ੱਕ ਗ੍ਰਹਿ ਮੰਤਰਾਲਾ ਇਸ ਕਾਰਵਾਈ ਨੂੰ ਜਾਇਜ਼ ਦੱਸ ਰਿਹਾ ਸੀ ਪਰ ਲੋਕਾਂ ਦੀ ਏਕਤਾ ਅੱਗੇ ਸੈਂਕੜੇ ਪੁਲਸ ਅਧਿਕਾਰੀਆਂ ਦੀ ਵੀ ਇੱਕ ਨਾ ਚੱਲੀ। ਲੋਕਾਂ ਦਾ ਇਕੱਠ ਘਟਣ ਦੀ ਬਜਾਏ ਲਗਾਤਾਰ ਵੱਧਦਾ ਜਾ ਰਿਹਾ ਸੀ। ਅੰਤ ਅਧਿਕਾਰੀਆਂ ਨੂੰ ਦੋਵੇਂ ਨੌਜਵਾਨਾਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਲੈਣਾ ਪਿਆ।

ਜਦੋਂ ਇਹਨਾਂ ਦੋਹਾਂ ਨੌਜਵਾਨਾਂ ਨੂੰ ਹੋਮ ਆਫਿਸ ਦੀ ਵੈਨ ਵਿੱਚੋਂ ਆਜ਼ਾਦ ਕੀਤਾ ਗਿਆ ਤਾਂ ਲੋਕਾਂ ਦਾ ਉਤਸ਼ਾਹ ਵੇਖਦਿਆਂ ਹੀ ਬਣਦਾ ਸੀ। ਲੋਕਾਂ ਨੇ ਜੇਤੂ ਨਾਅਰਿਆਂ ਅਤੇ ਤਾੜੀਆਂ ਦੀ ਗੜਗੜਾਹਟ ਨਾਲ ਅਸਮਾਨ ਗੂੰਜਣ ਲਾ ਦਿੱਤਾ।

 

 

 

ਉਧਰ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ  ਸਮੇਤ ਵੱਡੇ-ਵੱਡੇ ਸਿਆਸੀ ਆਗੂਆਂ ਨੂੰ ਵੀ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਇਸ ਕਾਰਵਾਈ ਖ਼ਿਲਾਫ਼ ਬਿਆਨ ਦੇਣ ਲਈ ਮਜਬੂਰ ਹੋਣਾ ਪਿਆ।

Share This Article
Leave a Comment