ਚੰਡੀਗੜ੍ਹ, (ਅਵਤਾਰ ਸਿੰਘ): ਕੌਮੀ ਸਾਖਰਤਾ ਦਿਵਸ ਦੇ ਮੌਕੇ ‘ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਇਕ ਵੈੱਬਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪੰਜਾਬ ਦੀਆਂ ਵੱਖ ਵੱਖ ਵਿਦਿਅਕ ਸੰਸਥਾਵਾਂ ਦੇ100 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਅਪਕਾਂ ਨੇ ਹਿੱਸਾ ਲਿਆ। ਕੌਮਾਂਤਰੀ ਸਾਖਰਤਾ ਦਿਵਸ ਦਾ ਇਸ ਵਾਰ ਦਾ ਥੀਮ “ਮਨੁੱਖਤਾ ਨੂੰ ਮੁੜ ਪੈਰਾ ‘ਤੇ ਲਿਆਉਣ ਅਤੇ ਡਿਜ਼ੀਟਲ ਪਾੜੇ ਨੂੰ ਘਟਾਉਣ ‘ਤੇ ਕੇਂਦਰਿਤ ਸਾਖਰਤਾ” ਹੈ।
ਇਸ ਮੌਕੇ ਹਾਜ਼ਰ ਬੱਚਿਆਂ ਅਤੇ ਅਧਿਆਪਕਾਂ ਦਾ ਸਵਾਗਤ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਸਾਖਰਤਾ ਦਿਵਸ ਹਰ ਸਾਲ 8 ਸਤੰਬਰ ਨੂੰ ਕੌਮਾਂਤਰੀ ਪੱਧਰ ‘ਤੇ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਸਾਖਰਤਾ ਦੀਆਂ ਸਮੱਸਿਆਵਾਂ ਜੋ ਸਥਾਨਕ ਅਤੇ ਵਿਸ਼ਵ ਪੱਧਰ *ਤੇ ਪਾਈਆ ਜਾ ਰਹੀਆਂ ਹਨ ਨੂੰ ਉਜਾਗਰ ਕਰਨਾ ਹੈ। ਉਨ੍ਹਾਂ ਕਿਹਾ ਸਾਖਰਤਾ ਜਿੱਥੇ ਵਿਅਕਤੀਗਤ ਪੱਧਰ ‘ਤੇ ਸਸ਼ਕਤੀਕਰਨ ਕਰਦੀ ਹੈ, ਉੱਥੇ ਨਾਲ ਹੀ ਮਨੁੱਖਤਾ ਦੀ ਸਮਰੱਥਾ ਨੂੰ ਵਾਧਾ ਕੇ ਜੀਵਨ ਵਿਚ ਸੁਧਾਰ ਕਰਦੀ ਹੈ ਤਾਂ ਜੋ ਅਜਿਹੀ ਜੀਵਨ-ਜਾਚ ਦੀ ਚੋਣ ਕੀਤੀ ਜਾਵੇ ਜਿਸ ਦੀ ਉਹ ਕਦਰ ਕਰ ਸਕਦੇ ਹਨ ਅਤੇ ਉਹ ਟਿਕਾੳ ਵਿਕਾਸ ਦੀ ਚਾਲਕ ਵੀ ਹੋਵੇ।ਉਨ੍ਹਾ ਕਿਹਾ ਕਿ ਦੇਸ਼ ਦੀ ਸਾਖਰਤਾ ਦਰ 74.8ਫ਼ੀਸਦ ਹੈ ਜੋ ਕਿ ਵਿਸ਼ਵ ਦੀ ਸਾਖਰਤਾ ਦਰ ਨਾਲੋਂ ਘੱਟ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਮਹਾਂਮਾਰੀ ਕੋਵਿਡ-19 ਨੇ ਇਕ ਵਾਰ ਫ਼ਿਰ ਤੋਂ ਸਾਡਾ ਧਿਆਨ ਸਾਖਰਤਾ ਦੇ ਅਹਿਮ ਰੋਲ ਪ੍ਰਤੀ ਕੇਂਦਿਰਤ ਕੀਤਾ ਹੈ। ਕੋਵਿਡ -19 ਮਹਾਂਮਾਰੀ ਨੇ ਬੱਚਿਆਂ ਅਤੇ ਨੌਜਵਾਨਾਂ ਦੀ ਪੜ੍ਹਾਈ ਨੂੰ ਵੱਡੀ ਪੱਧਰ ‘ਤੇ ਪ੍ਰਭਾਵਿਤ ਕੀਤਾ ਹੈ। ਇਸ ਲਈ ਸਾਖਰਤਾ ਤੇ ਪਹਿਲਾਂ ਨਾਲ ਜ਼ਿਆਦਾ ਧਿਆਨ ਕੇਂਦਰਤ ਕਰਨ ਦੀ ਲੋੜ ਹੈ।
ਇਸ ਮੌਕੇ ਕੇਰਲਾ ਸਟੇਟ ਵਿਗਿਆਨ ਤੇ ਤਕਨਾਲੌਜੀ ਮਿਊਜ਼ੀਅਮ ਅਤੇ ਪ੍ਰਿਯਦਰਸ਼ਨੀ ਪੈਨੀਟੇਰੀਅਮ ਤ੍ਰਿਵਨੰਤਪੁਰਮ ਦੇ ਸਾਬਕਾ ਡਾਇਰੈਕਟਰ ਸ੍ਰੀ ਅਰੂਲ ਜੇਰਲਿਡ ਪ੍ਰਕਾਸ਼ ਜੀ ਮੁੱਖ ਬੁਲਾਰੇ ਦੇ ਤੌਰ ‘ਤੇ ਹਾਜ਼ਰ ਹੋਏ। ਇਸ ਮੌੇਕੇ ਉਨ੍ਹਾਂ “ਵਿਗਿਆਨਕ ਸਾਖਰਤਾ ਲਈ ਵਿਗਿਆਨ ਕੇਂਦਰਾਂ ਦੀ ਭੂਮਿਕਾ” ਦੇ ਵਿਸ਼ੇ ‘ਤੇ ਆਪਣੇ ਵਿਚਾਰ ਰੱਖਦਿਆ ਕਿਹਾ ਕਿ ਲੋਕ ਕਿਸ ਤਰ੍ਹਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਹਨ ਅਤੇ ਕਿੰਨ੍ਹਾਂ ਮੁੱਦਿਆ ‘ਤੇ ਕਾਰਵਾਈ ਕਰਦੇ ਹਨ, ਦੇਸ਼ ਦੇ ਵਿਕਾਸ ਲਈ ਯੋਗਦਾਨ ਪਾਉਣ ਵੇਲੇ ਉਹ ਕਿਸ ਤਰ੍ਹਾਂ ਦੇ ਵਿਵਹਾਰ ਨੂੰ ਬਦਲਣ ਲਈ ਤਿਆਰ ਹੋ ਸਕਦੇ ਹਨ। ਵਿਗਿਆਨ ਕੇਂਦਰ ਅਜਿਹੇ ਮੁੱਲਾਂਕਣ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਅੱਗੋਂ ਕਿਹਾ ਕਿ ਵਿਗਿਆਨ ਕੇਂਦਰਾਂ ਵਿਚ ਆਉਣ ਵਾਲੇ ਸੈਲਾਨੀਆਂ ਦਾ ਅਨੁਭਵ ਬਹੁਤ ਸਾਕਾਰਤਮਕ ਹੁੰਦਾ ਹੈ, ਬਹੁਤ ਸਾਰਿਆਂ ਵਿਚ ਵਿਗਿਆਨ ਬਾਰੇ ਸੋਚਣ ਦੀ ਤਬਦੀਲੀ ਆਉਂਦੀ ਹੈ। ਇਹ ਤਬਦੀਲੀ ਸਿਰਫ਼ ਨਵੀਂ ਜਾਣਕਾਰੀ ਸਿੱਖਣ ਦੀ ਹੀ ਪ੍ਰਤੀਨਿਧਤਾ ਨਹੀਂ ਕਰਦੀ ਸਗੋਂ ਵਿਗਿਆਨ ਨਾਲ ਉਹਨਾਂ ਦੇ ਰਿਸ਼ਤੇ ਵੱਲ ਵੀ ਇਕ ਪਹਿਲਕਦਮੀ ਹੈ।
ਇਸ ਮੌਕੇ ਪੰਜਾਬ ਸਕੂਲ ਸਿੱਖਿਆ ਵਿਭਾਗ ਤੋਂ ਸੇਵਾਮੁਕਤ ਪ੍ਰਿੰਸੀਪਲ ਡਾ. ਅਵਤਾਰ ਸਿੰਘ ਢੀਂਡਸਾ ਨੇ “ਕੋਵਿਡ ਮਹਾਂਮਾਰੀ ਦੌਰਾਨ ਵਿਗਿਆਨਕ ਸਾਖਰਤਾ” ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਵਿਸ਼ਵਆਪੀ ਚੁਣੌਤੀਆਂ ਜਿਵੇਂ ਜਲਵਾਯੂ ਪਰਿਵਰਤਨ, ਸਿਹਤ ਅਤੇ ਕੋਵਿਡ-19 ਆਦਿ ਵਿਰੁੱਧ ਲੜਨ ਲਈ ਵਿਗਿਆਨ, ਤਕਨਾਲੌਜੀ, ਇੰਜੀਨੀਅਰਿੰਗ ਤੇ ਗਣਿਤ ਦੀ ਸਿੱਖਿਆ, ਗਿਆਨ ਅਤੇ ਹੁਨਰ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਮੌਕੇ ਉਨ੍ਹਾਂ ਨੌਜਾਵਨ ਵਰਗ ਨੂੰ ਅਪੀਲ ਕੀਤੀ ਕਿ ਵਿਗਿਆਨ, ਤਕਨਾਲੌਜੀ, ਇੰਜੀਨੀਅਰਿੰਗ ਤੇ ਗਣਿਤ ਦੀ ਸਿੱਖਿਆ ਵਿਚ ਵਾਧਾ ਕਰਨ ਅਤੇ ਇਸ ਵਿਚ ਸਾਰਥਿਕ ਤਰੀਕੇ ਨਾਲ ਹਿੱਸਾ ਲੈਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਖਾਸ ਕਰਕੇ ਮਹਾਂਮਾਰੀ ਦੇ ਦਿਨਾਂ ਵਿਚ ਸਫ਼ਲ ਜੀਵਨ ਬਤੀਤ ਕਰਨ ਲਈ ਵਿਗਿਆਨਕ ਸਾਖਰਤਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਡਿਜ਼ੀਟਲ ਪਾੜਾ ਦੇਸ਼ ਵਿਚ ਵਿੱਤੀ ਸਮਰੱਥਾ, ਮੌਕਿਆਂ ਅਤੇ ਸਿੱਖਿਆ ਦੀ ਘਾਟ ਨੂੰ ਉਜਾਗਰ ਕਰਦਾ ਹੈ। ਭਾਰਤ ਸਮਾਜਕ ਤੌਰ ਤੇ ਮੁੱਖ ਡਿਜ਼ੀਟਲ ਪਾੜੇ ਦੀ ਚਿੰਤਾ ‘ਚੋਂ ਹੌਲ਼ੀ ਹੌਲ਼ੀ ਨਿਕਲ ਰਿਹਾ ਹੈ। ਡਿਜੀਟਲ ਬਰਾਬਤਾ ਵੱਲ ਹਰੇਕ ਪਹਿਲਕਦਮੀ ਚੰਗੇ ਭਵਿੱਖ ਨੂੰ ਯਕੀਨੀ ਬਣਾਏਗੀ ਅਤੇ ਇਹ ਮਨੁੱਖਤਾ ਨੂੰ ਮੁੜ ਪੈਰਾ ਤੇ ਲਿਆਉਣ ਲਈ ਮਜ਼ਬੂਤ ਨੀਂਹ ਬਣਾਉਣ ਵਿਚ ਅਹਿਮ ਯੋਗਦਾਨ ਪਾਏਗਾ।