ਤਰਨ ਤਾਰਨ: ਡਿਪਟੀ ਕਮਿਸ਼ਨਰ ਤਰਨ ਤਾਰਨ, ਰਾਹੁਲ ਨੇ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੇ ਚਲਦੇ, ਜ਼ਿਲ੍ਹੇ ਦੇ ਸਾਰੇ ਸਰਕਾਰੀ, ਏਡਿਡ, ਪ੍ਰਾਈਵੇਟ ਸਕੂਲਾਂ ਅਤੇ ਹੋਰ ਵਿਦਿਅਕ ਸੰਸਥਾਵਾਂ ਵਿੱਚ 8 ਮਈ ਤੋਂ 11 ਮਈ ਤੱਕ ਛੁੱਟੀ ਐਲਾਨੀ ਗਈ ਹੈ। ਉਹਨਾਂ ਕਿਹਾ ਕਿ ਸਕੂਲਾਂ ਦੇ ਖੁਲਣ ਬਾਰੇ ਫੈਸਲਾ ਹਾਲਾਤਾਂ ਦਾ ਮੁਲਾਂਕਣ ਕਰਨ ਦੇ ਬਾਅਦ ਸੋਮਵਾਰ ਨੂੰ ਕੀਤਾ ਜਾਵੇਗਾ ਅਤੇ ਇਸ ਸੰਬੰਧੀ ਹੁਕਮ ਐਤਵਾਰ ਨੂੰ ਜਾਰੀ ਕੀਤੇ ਜਾਣਗੇ। ਹਾਲਾਂਕਿ, ਸਕੂਲਾਂ ਦਾ ਸਟਾਫ ਨਿਯਮਤ ਤੌਰ ‘ਤੇ ਹਾਜ਼ਰ ਰਹੇਗਾ।
ਡਿਪਟੀ ਕਮਿਸ਼ਨਰ ਨੇ ਇਸ ਗੱਲ ਦੀ ਭੀ ਭਰੋਸਾ ਦਿਵਾਇਆ ਕਿ ਤਰਨ ਤਾਰਨ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਅਕਸਮਾਤੀ ਹਾਲਾਤ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਤੇਲ, ਰਸੋਈ ਗੈਸ, ਦਵਾਈਆਂ ਅਤੇ ਰਾਸ਼ਨ ਵਰਗੀਆਂ ਜ਼ਰੂਰੀ ਵਸਤਾਂ ਦੀ ਕੋਈ ਘਾਟ ਨਹੀਂ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਬਿਨਾਂ ਲੋੜ ਦੇ ਜ਼ਰੂਰੀ ਸਮਾਨ ਇਕੱਠਾ ਕਰਕੇ ਕਾਲਾਬਜ਼ਾਰੀ ਨੂੰ ਵਧਾਵਾ ਨਾ ਦੇਣ।
ਰਾਹੁਲ ਨੇ ਚੇਤਾਵਨੀ ਦਿੱਤੀ ਕਿ ਜੇ ਕੋਈ ਵਿਅਕਤੀ ਜ਼ਰੂਰੀ ਸਮਾਨ ਦਾ ਸਟਾਕ ਕਰਕੇ ਕਾਲਾਬਜ਼ਾਰੀ ਵਿੱਚ ਸ਼ਾਮਲ ਪਾਇਆ ਗਿਆ, ਤਾਂ ਉਸ ਖਿਲਾਫ਼ ਕੜੀ ਕਾਰਵਾਈ ਕੀਤੀ ਜਾਵੇਗੀ।
ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਅਫਵਾਹਾਂ ਬਾਰੇ ਸੁਚੇਤ ਕਰਦਿਆਂ, ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਕੋਈ ਵੀ ਖ਼ਬਰ ਜਾਂ ਸਲਾਹ ਸਿਰਫ਼ ਤਸਦੀਕ ਕਰਨ ਤੋਂ ਬਾਅਦ ਹੀ ਅਪਣਾਈ ਜਾਵੇ ਅਤੇ ਅੱਗੇ ਵੰਡੀ ਜਾਵੇ। ਉਹਨਾਂ ਕਿਹਾ ਕਿ ਬਿਨਾਂ ਪੁਸ਼ਟੀ ਕਿਸੇ ਵੀ ਜਾਣਕਾਰੀ ਨੂੰ ਫੈਲਾਉਣ ਨਾਲ ਸਮਾਜ ਵਿੱਚ ਅਣਚਾਹੀ ਦਹਿਸ਼ਤ ਦਾ ਮਾਹੌਲ ਬਣ ਸਕਦਾ ਹੈ।