ਨਵੀਂ ਦਿੱਲੀ: ਪੰਜਾਬ ਦੀ ਜੇਲ੍ਹ ‘ਚ ਬੰਦ ਗੈਂਗਸਟਰ ਮੁਖਤਾਰ ਅੰਸਾਰੀ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਸੁਪੀਰਮ ਕੋਰਟ ਨੇ ਆਦੇਸ਼ ਜਾਰੀ ਕੀਤੇ ਹਨ ਕਿ ਮੁਖਤਾਰ ਅੰਸਾਰੀ ਨੂੰ ਯੂਪੀ ਸਰਕਾਰ ਦੇ ਹਵਾਲੇ ਕੀਤਾ ਜਾਵੇ। ਅਦਾਲਤ ਵਿੱਚ ਯੂਪੀ ਸਰਕਾਰ ਨੇ ਦਲੀਲ ਦਿੱਤੀ ਸੀ ਕਿ ਅੰਸਾਰੀ ਦੇ ਉੱਪਰ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ ਮਾਮਲੇ ਦਰਜ ਹਨ। ਇਸ ਲਈ ਅੰਸਾਰੀ ਦੀ ਹਵਾਲਗੀ ਉਹਨਾਂ ਨੂੰ ਦਿੱਤੀ ਜਾਵੇ। ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਖਤਾਰ ਅੰਸਾਰੀ ਨੂੰ ਯੂਪੀ ਸਰਕਾਰ ਦੇ ਹਵਾਲੇ ਕਰਨ ਦਾ ਹੁਕਮ ਜਾਰੀ ਕੀਤਾ ਹੈ।
ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਪੰਜਾਬ ਵਿੱਚ ਰੋਪੜ ਜੇਲ੍ਹ ਅੰਦਰ ਬੰਦ ਹਨ। ਮੁਖਤਾਰ ਅੰਸਾਰੀ ਖਿਲਾਫ਼ ਮੁਹਾਲੀ ਦੇ ਮਟੌਰ ਥਾਣੇ ਵਿੱਚ ਸਾਲ 2019 ਨੂੰ ਮੁਕਦਮਾ ਦਰਜ ਹੋਇਆ ਸੀ। ਮੁਖਤਾਰ ਅੰਸਾਰੀ ‘ਤੇ ਇਲਜ਼ਾਮ ਹੈ ਕਿ ਉਸ ਨੇ ਇੱਕ ਪ੍ਰੋਪਰਟੀ ਡਿਲਰ ਤੋਂ ਫਿਰੌਤੀ ਮੰਗੀ ਸੀ। ਜਿਸ ਦੀ ਕਾਲ ਰਿਕਾਰਡਿੰਗ ਬਤੌਰ ਸਬੂਤ ਪੇਸ਼ ਕੀਤੀ ਗਈ ਸੀ। ਮੁਹਾਲੀ ਪੁਲਿਸ ਵੱਲੋਂ ਕਾਲ ਰਿਕਾਰਡਿੰਗ ਦੀ ਆਡੀਓ ਟੈਸਟ ਦੇ ਲਈ ਸੈਂਪਲ ਬੈਂਗਲੌਰ ਭੇਜੇ ਹੋਏ ਹਨ। ਪਿਛਲੇ ਦੋ ਸਾਲਾਂ ਤੋਂ ਇਹ ਮਾਮਲਾ ਲਗਾਤਾਰ ਪੰਜਾਬ ਵਿੱਚ ਲਟਕਿਆ ਹੋਇਆ ਸੀ। ਉੱਤਰ ਪ੍ਰਦੇਸ਼ ਪੁਲਿਸ ਨੇ ਬਾਰ ਬਾਰ ਮੁਖਤਾਰ ਅੰਸਾਰੀ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਪੰਜਾਬ ਸਰਕਾਰ ਨੇ ਉਸ ਨੂੰ ਯੂਪੀ ਪੁਲਿਸ ਕੋਲ ਨਹੀਂ ਸੌਂਪਿਆਂ। ਜਿਸ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਅਤੇ ਅੱਜ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ।