ਭਾਰਤੀ ਮੁੱਕੇਬਾਜ਼ ਸਵੀਟੀ ਬੂਰਾ ਨੇ ਆਪਣਾ ਅੰਤਰਰਾਸ਼ਟਰੀ ਮੈਡਲ ਕਿਸਾਨਾਂ ਦੇ ਨਾਂ ਕੀਤਾ

TeamGlobalPunjab
3 Min Read

‘ਕਿਸਾਨਾਂ ਦਾ ਅਪੀਲ ਸੁਣੋ ਤੇ ਉਸ ਬਾਰੇ ਸੋਚੋ ਪ੍ਰਧਾਨ ਮੰਤਰੀ ਜੀ’

ਮੁੱਕੇਬਾਜ਼ ਸਵੀਟੀ ਬੂਰਾ ਦੀ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ

 

 ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਵਿੱਢਿਆ ਗਿਆ ਕਿਸਾਨੀ ਅੰਦੋਲਨ ਛੇ ਮਹੀਨੇ ਪੂਰੇ ਕਰ ਚੁੱਕਾ ਹੈ, ਪਰ ਹਾਲੇ ਤੱਕ ਸਰਕਾਰ ਇਸ ਦਾ ਹੱਲ ਨਹੀਂ ਕੱਢ ਸਕੀ। ਠੰਡ, ਗਰਮੀ, ਮੀਂਹ, ਹਨੇਰੀ, ਝੱਖੜ ਅਤੇ ਸਰਕਾਰੀ ਧੱਕੇਸ਼ਾਹੀ ਨੂੰ ਝੱਲਦੇ ਹੋਏ ਦੇਸ਼ ਦੇ ਕਿਸਾਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ‘ਤੇ ਪੂਰੇ ਸੰਜਮ‌ ਅਤੇ ਜੋਸ਼ ਨਾਲ ਅੜੇ ਹੋਏ ਹਨ। ਕਿਸਾਨ ਜਥੇਬੰਦੀਆਂ ਦੀ ਹਮਾਇਤ ਵਿਚ ਅਨੇਕਾਂ ਸੰਸਥਾਵਾਂ ਅਤੇ ਵੱਡੀਆਂ ਹਸਤੀਆਂ ਅੱਗੇ ਆ ਚੁੱਕੀਆਂ ਹਨ, ਪਰ ਹਾਲੇ ਵੀ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਕੋਈ ਫ਼ਿਕਰ ਨਹੀਂ।

ਕਿਸਾਨਾਂ ਦੀ ਹਮਾਇਤ ਵਿੱਚ ਹੁਣ ਦੇਸ਼ ਦੀ ਅੰਤਰਰਾਸ਼ਟਰੀ ਬਾਕਸਰ ਸਵੀਟੀ ਬੂਰਾ ਖੁੱਲ੍ਹ ਕੇ ਅੱਗੇ ਆਈ ਹੈ। ਦੁਬਈ ਵਿਖੇ ਚੱਲ ਰਹੀ ਏਸ਼ੀਆਈ ਮੁੱਕੇਬਾਜੀ ਚੈਂਪੀਅਨਸ਼ਿਪ ਵਿੱਚ ਸਵੀਟੀ ਨੇ ਦੇਸ਼ ਲਈ ਕਾਂਸੇ ਦਾ ਮੈਡਲ ਜਿੱਤਿਆ ਅਤੇ ਇਸਨੂੰ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਕਰ ਦਿੱਤਾ।

ਆਪਣਾ ਅੰਤਰਰਾਸ਼ਟਰੀ ਮੈਡਲ ਸ਼ਹੀਦ ਕਿਸਾਨਾਂ ਦੇ ਲੇਖੇ ਲਾਉਂਦੇ ਹੋਏ ਬਾਕਸਰ ਸਵੀਟੀ ਬੂਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਕਿ ਉਹ ਕਿਸਾਨਾਂ ਦੀ ਅਪੀਲ ਨੂੰ ਸੁਣਨ । ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਸਮੇਂ ਵੀ ਲੰਮੇ ਸਮੇਂ ਤੋਂ ਕਿਸਾਨ ਮੋਰਚਿਆਂ ‘ਤੇ ਡਟੇ ਹੋਏ ਹਨ ਪ੍ਰਧਾਨ ਮੰਤਰੀ ਉਹਨਾਂ ਬਾਰੇ ਸੋਚਣ।

 

ਹਿਸਾਰ ਦੇ ਪਿੰਡ ਘਿਰਾਯ ਦੀ ਜੰਮਪਲ ਸਵੀਟੀ ਬੂਰਾ ਦੇ ਇਸ ਕਦਮ ਦੀ ਕਿਸਾਨ ਜੱਥੇਬੰਦੀਆਂ ਨੇ ਖੁੱਲ੍ਹੇ ਦਿਲ ਨਾਲ ਸ਼ਲਾਘਾ ਕੀਤੀ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਇਸ ਅਪੀਲ ਦੀ ਹਮਾਇਤ ਕੀਤੀ ਹੈ।

 

ਅਨੇਕਾਂ ਅੰਤਰਰਾਸ਼ਟਰੀ ਬਾਕਸਿੰਗ ਮੁਕਾਬਲਿਆਂ ਵਿੱਚ ਦੇਸ਼ ਦਾ ਮਾਣ ਵਧਾ ਚੁੱਕੀ ਅਤੇ ਆਪਣੇ ਵਰਗ ਵਿੱਚ ਦੁਨੀਆ ਦੀ ਨੰਬਰ ਦੋ ਬਾਕਸਰ ਸਵੀਟੀ ਬੂਰਾ ਦੀ ਅਪੀਲ ਦਿਲ ਨੂੰ ਛੂਹ ਲੈਣ ਵਾਲੀ ਹੈ । ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਲਈ ਮੈਡਲ ਜਿੱਤਣਾ ਅਤੇ ਉਸਨੂੰ ਸ਼ਹੀਦ ਕਿਸਾਨਾਂ ਦੇ ਨਾਂ ਕਰਨਾ ਆਪਣੇ ਆਪ ਵਿਚ ਵੱਡੀ ਗੱਲ ਹੈ।

ਉਮੀਦ ਹੈ ਪ੍ਰਧਾਨ ਮੰਤਰੀ ਦੇਸ਼ ਦੀ ਬਾਕਸਰ ਧੀ ਸਵੀਟੀ ਬੂਰਾ ਦੀ ਅਪੀਲ ‘ਤੇ ਗੌਰ ਕਰਨਗੇ ਅਤੇ ਕਿਸਾਨੀ ਮੰਗਾਂ ਮੰਨ ਲੈਣਗੇ। ਐਤਵਾਰ ਨੂੰ ਹੀ ‘ਮਨ ਕੀ ਬਾਤ’ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਏਅਰ ਫੋਰਸ ਦੇ ਗਰੁੱਪ ਕੈਪਟਨ ਏ.ਕੇ. ਪਟਾਨਿਕ ਦੀ 12 ਸਾਲ ਦੀ ਬੇਟੀ ਅਦਿਤੀ ਨਾਲ ਫੋਨ ‘ਤੇ ਗੱਲਬਾਤ ਤੋਂ ਬਾਅਦ ਕਿਹਾ ਸੀ, “ਸਾਡੇ ਇੱਥੇ ਜਦੋਂ ਧੀ ਬੋਲਦੀ ਹੈ ਤਾਂ ਮੰਨਿਆ ਜਾਂਦਾ ਹੈ ਕਿ ਉਸ ਦੇ ਬੋਲਾਂ ਵਿੱਚ ‘ਸਰਸਵਤੀ’ ਵਿਰਾਜਮਾਨ ਹੁੰਦੀ ਹੈ।..ਇੱਕ ਤਰ੍ਹਾਂ ਨਾਲ ਇਹ ਈਸ਼ਵਰ ਦੀ ਵਾਣੀ ਬਣ ਜਾਂਦੀ ਹੈ।”

ਯਕੀਨ ਹੈ ਪ੍ਰਧਾਨ ਮੰਤਰੀ ਹੁਣ ਕੰਧ ‘ਤੇ ਲਿਖਿਆ ਜ਼ਰੂਰ ਪੜ੍ਹਨਗੇ ।

ਰੱਬ ਭਲਾ ਕਰੇ।

(ਵਿਵੇਕ ਸ਼ਰਮਾ)

Share This Article
Leave a Comment