ਜਗਤਾਰ ਸਿੰਘ ਸਿੱਧੂ;
ਪੰਜਾਬ ਦੇ ਦਸ ਹਜਾਰ ਸਰਪੰਚਾਂ ਦਾ ਸੰਹੁ ਚੁੱਕ ਸਮਾਗਮ ਆਪ ਦਾ ਸ਼ਕਤੀ ਪ੍ਰਦਰਸ਼ਨ ਹੋ ਨਿਬੜਿਆ । ਸੁਭਾਵਿਕ ਹੈ ਕਿ ਨਵੇਂ ਚੁਣੇ ਸਰਪੰਚ ਪੂਰੀ ਤਰ੍ਹਾਂ ਹੁੰਮ ਹੁਮਾ ਕੇ ਪੁੱਜੇ । ਉਨਾਂ ਦੇ ਪਰਿਵਾਰਾਂ ਦੇ ਮੈਂਬਰ ਅਤੇ ਕਈ ਨਜ਼ਦੀਕੀ ਸਾਥੀ ਵੀ ਨਾਲ ਆਏ ਸਨ।ਸਮਾਗਮ ਵਿੱਚ ਸ਼ਾਮਲ ਹੋਣ ਲਈ ਉਤਸ਼ਾਹ ਦਾ ਪਤਾ ਇਸ ਗੱਲ ਤੋਂ ਲਗਦਾ ਹੈ ਕਿ ਦਸ ਕਿਲੋਮੀਟਰ ਤੱਕ ਲੰਮੀਆਂ ਲਾਈਨਾਂ ਆਉਣ ਲਈ ਲੱਗੀਆਂ ਹੋਈਆਂ ਸਨ । ਸਮਾਗਮ ਦੀਆਂ ਤਿਆਰੀਆਂ ਕਈ ਦਿਨਾਂ ਤੋਂ ਚੱਲ ਰਹੀਆਂ ਸਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੁੱਖ ਮਹਿਮਾਨ ਸਨ।
ਸਮਾਗਮ ਵਿਚ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਸਨਮਾਨ ਕੀਤਾ ਗਿਆ। ਪੰਚਾਇਤੀ ਵਿਭਾਗ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਜੀ ਆਇਆਂ ਕਿਹਾ ।ਰਾਜ ਸਭਾ ਮੈਂਬਰ ਰਾਘਵ ਚੱਡਾ,,ਪਾਰਟੀ ਦੇ ਪਾਰਲੀਮੈਂਟ ਮੈਂਬਰ ਅਤੇ ਮੰਤਰੀ,ਵਿਧਾਇਕ ਵੀ ਹਾਜ਼ਰ ਸਨ। 10,000 ਸਰਪੰਚਾਂ ਨੂੰ ਸੰਹੁ ਚੁੱਕ ਸਮਾਗਮ ਲਈ ਸੱਦਾ ਸੀ ਅਤੇ ਸਮਾਗਮ ਲਈ ਵੱਡਾ ਉਤਸ਼ਾਹ ਸੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਦਾ ਵਿਕਾਸ ਪਾਰਟੀ ਅਤੇ ਧੜਿਆਂ ਤੋਂ ਉਪਰ ਉਠ ਕੇ ਹੋਣਾ ਚਾਹੀਦਾ ਹੈ।ਸਰਕਾਰ ਸੜਕਾਂ, ਸਕੂਲ ਅਤੇ ਹੋਰ ਵਿਕਾਸ ਦੇ ਕੰਮ ਰਾਜਨੀਤੀ ਤੇ ਉਪਰ ਉਠਕੇ ਕਰੇਗੀ ।ਮਾਨ ਨੇ ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਉੱਪਰ ਤਿੱਖੇ ਹਮਲੇ ਕੀਤੇ ।ਪਿਛਲੀਆਂ ਸਰਕਾਰਾਂ ਨੇ ਲੋਕਾਂ ਨੂੰ ਭੁਲੇਖੇ ਵਿੱਚ ਹੀ ਰੱਖਿਆ ।ਨਸ਼ੇ ਬੰਦ ਕਰਨ ਲਈ ਸਮਾਜਿਕ ਲਹਿਰ ਖੜ੍ਹੀ ਕਰਨ ਦਾ ਸੱਦਾ ਦਿਤਾ । ਪਿੰਡਾਂ ਵਿੱਚ ਦਰਖੱਤ ਲਾਉਣ ਲਈ ਕਿਹਾ।
ਮੁੱਖ ਮੰਤਰੀ ਨੇ ਕਿਹਾ ਕਿ ਸਰਪੰਚੀ ਦੀ ਚੋਣ ਵਿਧਾਇਕੀ ਅਤੇ ਪਾਰਲੀਮੈਂਟ ਚੋਣ ਨਾਲੋਂ ਵੀ ਔਖੀ ਹੈ ਕਿਉਂ ਜੋ ਸਭ ਨੂੰ ਨਾਲ ਲੈਕੇ ਚੱਲਣਾ ਹੈ। ਮੁੱਖ ਮੰਤਰੀ ਨੇ ਬੱਚਿਆਂ ਦੀ ਪੜ੍ਹਾਈ ਅਤੇ ਰੁਜ਼ਗਾਰ ਦੀ ਗੱਲ ਕੀਤੀ ।ਪਿੰਡਾਂ ਦੀਆਂ ਗਰਾਂਟਾਂ ਇਮਾਨਦਾਰੀ ਨਾਲ ਕੰਮ ਕਰਨ ਦਾ ਸੁਨੇਹਾ ਦਿੱਤਾ ।
ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਮੁਬਾਰਕਬਾਦ ਦਿੱਤੀ ।ਪੰਚਾਇਤਾਂ ਨੂੰ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਇਮਾਨਦਾਰੀ ਨਾਲ ਕੰਮ ਕਰਨ ਦੀ ਪ੍ਰੇਰਣਾ ਦਿੱਤੀ ਅਤੇ ਕਿਹਾ ਕਿ ਨਹੀਂ ਤਾਂ ਜੇਲ ਜਾਵੋਗੇ । ਸਾਰੇ ਕੰਮ ਪਿੰਡਾਂ ਦੇ ਸਹਿਯੋਗ ਨਾਲ ਕਰਨ ਲਈ ਗ੍ਰਾਮ ਸਭਾ ਕਰਨੀ ਲਾਜ਼ਮੀ ਹੈ। ਸਰਪੰਚ ਪਿੰਡ ਦੀ ਨੁਹਾਰ ਬਦਲ ਸਕਦਾ ਹੈ ।ਕੇਜਰੀਵਾਲ ਨੇ ਪਾਰਟੀ ਤੋਂ ਉਪਰ ਉਠਕੇ ਨਸ਼ਾ ਰੋਕਣ ਲਈ ਸਰਕਾਰ ਦੀ ਮਦਦ ਕਰਨ ਦਾ ਸੱਦਾ ਦਿੱਤਾ।
ਬਾਅਦ ਵਿੱਚ ਸਾਰੇ ਆਏ ਸਰਪੰਚਾਂ ਨੇ ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਸੰਹੁ ਚੁੱਕੀ।ਆਪ ਦੀ ਸਰਕਾਰ ਬਨਣ ਬਾਅਦ ਇਹ ਪਹਿਲਾ ਸਰਪੰਚੀ ਦਾ ਸਹੁੰ ਚੁੱਕ ਸਮਾਗਮ ਸੀ। ਇਸ ਵਾਰ ਸਰਪੰਚਾਂ ਅਤੇ ਪੰਚਾਂ ਦੀ ਚੋਣ ਕਈ ਕਾਰਨਾਂ ਕਰਕੇ ਪਛੜਕੇ ਹੋਈ ਅਤੇ ਪ੍ਰਸ਼ਾਸ਼ਕ ਲਾਕੇ ਕੰਮ ਚਲਾਇਆ ਜਾ ਰਿਹਾ ਸੀ। ਇਸ ਕਾਰਨ ਪਿੰਡਾਂ ਦੇ ਵਿਕਾਸ ਦੇ ਕੰਮ ਰੁਕੇ ਹੋਏ ਸਨ। ਇਸ ਦੇ ਇਲਾਵਾ ਦੇਸ਼ ਦੀ ਜਮੂਹਰੀਅਤ ਸਭ ਤੋਂ ਹੇਠਲੀ ਪੱਧਰ ਦੀ ਇਕਾਈ ਦੀ ਚੋਣ ਪੇਂਡੂ ਵਿਕਾਸ ਅਤੇ ਭਾਈਚਾਰਕ ਸਾਂਝ ਲਈ ਬਹੁਤ ਮਹੱਤਵਪੂਰਨ ਹੈ।
ਜੇਕਰ ਰਾਜਸੀ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਸਰਪੰਚਾਂ ਦਾ ਸਹੁੰ ਚੁੱਕ ਸਮਾਗਮ ਉਸ ਵੇਲੇ ਕੀਤਾ ਗਿਆ ਹੈ ਜਦੋਂ ਪੰਜਾਬ ਵਿੱਚ ਚਾਰ ਜਿਮਨੀ ਚੋਣਾਂ ਹੋ ਰਹੀਆਂ ਹਨ। ਬੇਸ਼ਕ ਸਿੱਧੇ ਤੌਰ ਤੇ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਦਾ ਸਿੱਧੇ ਤੌਰ ਤੇ ਕੋਈ ਸਬੰਧ ਨਹੀਂ ਹੈ ਪਰ ਇਸ ਦੇ ਪ੍ਰਭਾਵ ਦੇ ਅਸਰ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ।ਖ਼ਾਸ ਤੌਰ ਤੇ ਭਾਜਪਾ ਨੇ ਸਰਪੰਚਾਂ ਦੇ ਸਮਾਗਮ ਦਾ ਨੋਟਿਸ ਲੈਂਦੇ ਹੋਏ ਕਿਹਾ ਹੈ ਕਿ ਮਾਨ ਸਰਕਾਰ ਨੂੰ ਸਮਾਗਮਾਂ ਦੀ ਥਾਂ ਲੋਕਾਂ ਦੇ ਅਸਲ ਮੁੱਦਿਆਂ ਅਤੇ ਮੁਸ਼ਕਲਾਂ ਹੱਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।
ਸੰਪਰਕਃ 9814002186