ਸਰਬੱਤ ਦਾ ਭਲਾ ਟਰੱਸਟ ਵੱਲੋਂ ਅੰਮ੍ਰਿਤਸਰ ‘ਚ ਸਥਾਪਤ ਨਵੇਂ ਆਕਸੀਜਨ ਪਲਾਂਟ ਦਾ ਉਦਘਾਟਨ

TeamGlobalPunjab
3 Min Read

ਅੰਮ੍ਰਿਤਸਰ: ਦੁਬਈ ਦੇ ਉੱਘੇ ਕਾਰੋਬਾਰੀ ਅਤੇ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਸਥਾਪਿਤ ਕੀਤੇ ਗਏ ਬਹੁ-ਸਮਰੱਥਾ ਵਾਲੇ ਆਕਸੀਜਨ ਪਲਾਂਟ ਦਾ ਉਦਘਾਟਨ ਅੱਜ ਮੈਂਬਰ ਲੋਕ ਸਭਾ ਗੁਰਜੀਤ ਸਿੰਘ ਔਜਲਾ ਅਤੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਸਾਂਝੇ ਰੂਪ ‘ਚ ਟਰੱਸਟ ਮੁੱਖੀ ਡਾ.ਐੱਸ.ਪੀ.ਸਿੰਘ ਓਬਰਾਏ ਦੀ ਮੌਜੂਦਗੀ ‘ਚ ਕੀਤਾ ਗਿਆ।

ਇਸ ਦੌਰਾਨ ਔਜਲਾ ਅਤੇ ਕੈਬਨਿਟ ਮੰਤਰੀ ਸੋਨੀ ਨੇ ਕੋਵਿਡ ਦੌਰਾਨ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਪੰਜਾਬ ਸਮੇਤ ਹੋਰਨਾਂ ਸੂਬਿਆਂ ‘ਚ ਨਿਭਾਈਆਂ ਮਿਸਾਲੀ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਔਖੀ ਘੜੀ ਵੇਲੇ ਸਰਕਾਰ ਨੂੰ ਵੱਡਾ ਸਹਿਯੋਗ ਕਰਨ ਲਈ ਪੰਜਾਬ ਸਰਕਾਰ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕਰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਡਾ.ਓਬਰਾਏ ਵੱਲੋਂ ਨਿਭਾਈਆਂ ਜਾਂਦੀਆਂ ਨਿਸ਼ਕਾਮ ਸੇਵਾਵਾਂ ਦੀ ਬਦੌਲਤ ਸਮੁੱਚੀ ਪੰਜਾਬੀਅਤ ਦਾ ਮਾਣ ਪੂਰੀ ਦੁਨੀਆਂ ਅੰਦਰ ਵਧਿਆ ਹੈ।

ਆਕਸੀਜਨ ਪਲਾਂਟ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਮੁੱਖੀ ਡਾ. ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ ਦੋ ਮਹੀਨੇ ਪਹਿਲਾਂ ਸੂਬੇ ‘ਚ 5 ਵੱਡੇ ਆਕਸੀਜਨ ਪਲਾਂਟ ਲਾਉਣ ਦੇ ਕੀਤੇ ਗਏ ਆਪਣੇ ਵਾਅਦੇ ਪੂਰੇ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਤੇ ਹਸਪਤਾਲ ਅੰਮ੍ਰਿਤਸਰ, ਬਾਬਾ ਫ਼ਰੀਦ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਫ਼ਰੀਦਕੋਟ, ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਅਤੇ ਡਾ: ਬੀ.ਆਰ.ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਮੋਹਾਲੀ ਵਿਖੇ 5 ਬਹੁ-ਸਮਰੱਥਾ ਵਾਲੇ ਆਕਸੀਜਨ ਪਲਾਂਟ ਸਥਾਪਤ ਕਰ ਦਿੱਤੇ ਹਨ, ਜਿਨ੍ਹਾਂ ‘ਚੋਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਲੱਗੇ ਦੋ ਆਕਸੀਜਨ ਪਲਾਂਟਾਂ ਦਾ ਉਦਘਾਟਨ ਦੋ ਦਿਨ ਪਹਿਲਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਤੇ ਉਨ੍ਹਾਂ ਵੱਲੋਂ ਫ਼ਰੀਦਕੋਟ ਵਿਖੇ ਪਹੁੰਚ ਕੇ ਰਸਮੀ ਤੌਰ ‘ਤੇ ਕਰ ਦਿੱਤਾ ਗਿਆ ਸੀ ਜਦਕਿ ਬਾਕੀ ਬਚਦੇ 2 ਪਲਾਂਟਾਂ ਦਾ ਉਦਘਾਟਨ ਵੀ ਇਕ ਹਫ਼ਤੇ ਦੇ ਅੰਦਰ ਹੀ ਹੋ ਜਾਵੇਗਾ।

ਡਾ. ਓਬਰਾਏ ਨੇ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਸਥਾਪਤ ਕੀਤਾ ਗਿਆ ਨਾਮਵਰ ਵਿਦੇਸ਼ੀ ਕੰਪਨੀ ਦਾ ਬਣਿਆ ਹਰੇਕ ਅਤਿ ਆਧੁਨਿਕ ਪਲਾਂਟ 1 ਮਿੰਟ ‘ਚ 1 ਹਜ਼ਾਰ ਲੀਟਰ ਆਕਸੀਜਨ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਬੇਸ਼ੱਕ ਇਨ੍ਹਾਂ ਪਲਾਂਟਾਂ ਦੁਆਰਾ ਹਸਪਤਾਲ ‘ਚ ਦਾਖ਼ਲ ਮਰੀਜ਼ਾਂ ਦੇ ਬੈੱਡਾਂ ‘ਤੇ ਸਿੱਧੀ ਆਕਸੀਜਨ ਦੀ ਸਪਲਾਈ ਦਿੱਤੀ ਜਾਂਦੀ ਹੈ ਪਰ ਉਨ੍ਹਾਂ ਵੱਲੋਂ ਇਨ੍ਹਾਂ ਸਾਰੇ ਪਲਾਂਟਾਂ ‘ਤੇ ਵਿਸ਼ੇਸ਼ ਬੂਸਟਰ ਵੀ ਲਗਵਾਏ ਗਏ ਹਨ ਤਾਂ ਜੋ ਲੋੜ ਪੈਣ ‘ਤੇ ਸਿਲੰਡਰ ਵੀ ਭਰੇ ਜਾ ਸਕਣ। ਉਨ੍ਹਾਂ ਦੱਸਿਆ ਕਿ ਇਨ੍ਹਾਂ 5 ਆਕਸੀਜਨ ਪਲਾਂਟਾਂ ਰਾਹੀਂ ਹਰ ਰੋਜ਼ 1500 ਸਿਲੰਡਰ ਭਰੇ ਜਾ ਸਕਦਾ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਭਵਿੱਖ ‘ਚ ਜ਼ਰੂਰਤ ਪੈਂਦੀ ਹੈ ਤਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 1000 ਆਕਸੀਜਨ ਸਿਲੰਡਰ ਵੀ ਮੁਫ਼ਤ ਦਿੱਤੇ ਜਾਣਗੇ।

Share This Article
Leave a Comment