ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਸੱਦੇ ਤਹਿਤ ਅੱਜ ਪੂਰੇ ਪੰਜਾਬ ਵਿੱਚ ਕਿਸਾਨਾਂ ਨੇ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ‘ਚ ਕੀਤੇ ਭਾਰੀ ਵਾਧੇ ਦੇ ਵਿਰੋਧ ‘ਚ ਸੜਕਾਂ ਦੇ ਕਿਨਾਰਿਆਂ ‘ਤੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਕਿਸਾਨ ਅਤੇ ਉਨ੍ਹਾਂ ਦੇ ਹਮਾਇਤੀ ਆਪਣੇ ਵਹੀਕਲ ਲੈ ਕੇ ਵੱਖ-ਵੱਖ ਚੌਕਾਂ ‘ਤੇ ਪਹੁੰਚੇ ਹੋਏ ਸਨ।
ਮੁਹਾਲੀ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਸਾਹਮਣੇ ਵੀ ਕਿਸਾਨਾਂ ਨੇ ਲਗਾਤਾਰ ਦੋ ਘੰਟੇ ਮੋਦੀ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕੀਤਾ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ ਅਤੇ ਤਿੰਨੇ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਕਿਸਾਨ ਦਿੱਲੀ ਤੋਂ ਵਾਪਸ ਆਉਣਗੇ।
ਨਿਹਾਲ ਸਿੰਘ ਵਾਲਾ ‘ਚ ਵੀ ਦੇਸ਼ ਅੰਦਰ ਪੈਟਰੋਲ, ਡੀਜ਼ਲ ਤੇਲ, ਰਸੋਈ ਗੈਸ ਦੀਆਂ ਵਧ ਰਹੀਆਂ ਕੀਮਤਾਂ ਅਤੇ ਵਧ ਰਹੀ ਮਹਿੰਗਾਈ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਗਵਾਈ ਵਿਚ ਪ੍ਰਦਰਸ਼ਨ ਕੀਤਾ ਗਿਆ।
ਉਥੇ ਹੀ ਅੰਮ੍ਰਿਤਸਰ – ਤਰਨਤਾਰਨ ਰੋਡ ਹਰੀਕੇ ਮੁੱਖ ਮਾਰਗ ਚੱਬਾ ਵਿਖੇ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਅਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵਲੋਂ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ।
ਇਸ ਤੋਂ ਇਲਾਵਾ ਸੰਗਰੂਰ, ਸੁਲਤਾਨਪੁਰ ਲੋਧੀ, ਅਜਨਾਲਾ,ਨਵਾਂ ਪਿੰਡ,ਖੰਨਾ ਵਿੱਚ ਵੀ ਮਹਿੰਗਾਈ ਨੂੰ ਲੈ ਕੇ ਸੜਕਾਂ ‘ਤੇ ਆ ਕੇ ਕਿਸਾਨਾਂ ਵਲੋਂ ਪ੍ਰਦਰਸ਼ਨ ਕਰ ਕੀਤਾ ਗਿਆ।