ਜਦੋਂ ਗੁਰੂ ਕੇ ਸਿੰਘਾਂ ਨੇ ਭੁੱਖੇ ਕੈਦੀ ਭਰਾਵਾਂ ਨੂੰ ਪ੍ਰਸ਼ਾਦਾ ਛੁਕਾਉਣ ਲਈ ਕਰ ਦਿੱਤੇ ਸੀਸ ਕੁਰਬਾਨ

Global Team
12 Min Read

ਜਉ ਤਉ ਪ੍ਰੇਮ ਖੇਲਨ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥

ਐਸੀ ਅੰਤਰ ਦ੍ਰਿਸ਼ਟੀ ਦੇ ਮਾਲਕ ਸਾਡੇ ਸ਼ਹੀਦ ਸਿੰਘ ਸਿੰਘਣੀਆਂ ਜਿਨ੍ਹਾਂ ਆਪਣੇ ਖੂਨ ਦਾ ਕਤਰਾ ਕਤਰਾ ਵਹਾ ਕੇ ਸ਼ਾਨਾਮੱਤੇ ਇਤਿਹਾਸ ਨੂੰ ਸੁਰਜੀਤ ਕੀਤਾ। ਸਿੱਖ ਇਤਿਹਾਸ ਵਿੱਚ ਅਨੇਕਾਂ ਸ਼ਹੀਦੀਆਂ ਹੋਈਆਂ ਅਤੇ ਕਈ ਸਾਕੇ ਵਾਪਰੇ। ਜਿਨ੍ਹਾਂ ਨੂੰ ਪੜ੍ਹ ਸੁਣ ਕੇ ਹਰ ਸਿੱਖ ਦਾ ਸੀਨਾ ਫਖਰ ਨਾਲ ਚੌੜਾ ਹੋ ਜਾਂਦਾ ਹੈ।ਸਾਕਾ ਸ਼ਬਦ ਜਿਸਦਾ ਅਰਥ ਬਹੁਤ ਪਾਕ ਪਵਿੱਤਰ ਹੈ। ਸਾਕੇ ਦਾ ਅਰਥ ਹੁੰਦਾ ਹੈ ਜਦੋਂ ਕੋਈ ਕੌਮ ਬਿਨਾਂ ਹਥਿਆਰਾਂ ਤੋਂ ਆਪਣੇ ਉਪਰ ਹੋ ਰਹੇ ਜ਼ੁਲਮ ਦਾ ਸਾਹਮਣਾ ਕਰਦੀ ਹੈ। ਸਿੱਖ ਇਤਿਹਾਸ ਵਿੱਚ ਅਜਿਹੇ ਅਨੇਕਾਂ ਸਾਕੇ ਸ਼ੁਮਾਰ ਹਨ। ਜਿਨ੍ਹਾਂ ਵਿੱਚੋਂ ਇੱਕ ਹੈ ਸਾਕਾ ਪੰਜਾ ਸਾਹਿਬ। ਗੱਲ ਖਾਲਸਾ ਰਾਜ ਤੋਂ ਸ਼ੁਰੂ ਹੁੰਦੀ ਹੈ। ਜਦੋਂ ਸਿੱਖ ਕੌਮ ਨੇ ਆਪਣੇ ਗੁਰੂਧਾਮਾਂ ਦੇ ਪ੍ਰਬੰਧਾਂ ਵਿੱਚ ਸੁਧਾਰ ਕੀਤਾ। ਸਿੱਖ ਤਿਉਹਾਰਾਂ ਸਮੇਂ ਇਕੱਠ ਹੁੰਦੇ। ਗੁਰਮਤੇ ਵਿਚਾਰੇ ਜਾਂਦੇ। ਸਮਾਂ ਲੰਘਦਾ ਗਿਆ। ਖਾਲਸਾ ਸਰਕਾਰ ਵਿੱਚ ਸੰਨ ਲਾ ਕੇ ਅੰਗਰੇਜ਼ ਹਕੂਮਤ ਨੇ ਖਾਲਸਾ ਰਿਆਸਤ ‘ਕੇ ਕਬਜਾ ਕਰ ਲਿਆ। ਉਸ ਸਮੇਂ ਕੇਵਲ ਸਿੱਖ ਹੀ ਸਨ ਜਿਹੜੇ ਅੰਗਰੇਜ਼ ਹਕੂਮਤ ਦੀਆਂ ਅੱਖਾਂ ‘ਚ ਰੜਕਦੇ ਸਨ। ਕਾਰਨ ਸੀ ਸਿੱਖ ਕੌਮ ਦਾ ਜਜਬਾ, ਬਹਾਦਰੀ, ਸੂਰਬੀਰਤਾ, ਅਤੇ ਉਨ੍ਹਾਂ ਦਾ ਇਤਿਹਾਸ। ਗੋਰੀ ਹਕੂਮਤ ਇਸੇ ਨੂੰ ਖਤਮ ਕਰਨਾ ਚਾਹੁੰਦੀ ਸੀ। ਜਦੋਂ ਸਿੰਘ ਇਤਿਹਾਸਿਕ ਦਿਹਾੜਿਆਂ ‘ਤੇ ਇਕੱਠੇ ਹੋ ਗੁਰਮਤੇ ਕਰਦੇ ਤਾਂ ਇਹੀ ਗੱਲ ਅੰਗਰੇਜ ਹਕੂਮਤ ਨੂੰ ਰਾਸ ਨਹੀਂ ਸੀ ਆਉਂਦੀ। ਹਕੂਮਤ ਨੇ ਆਪਣੇ ਪਿੱਠੂ ਅਤੇ ਦੁਰਾਚਾਰੀ ਮਹੰਤਾਂ ਨੂੰ ਗੁਰਦੁਆਰਾ ਸਾਹਿਬਾਨ ‘ਚ ਨਿਯੁਕਤ ਕਰ ਦਿੱਤਾ। ਉਨ੍ਹਾਂ ਮਹੰਤਾਂ ਨੇ ਗੁਰ ਮਰਯਾਦਾ ਦਾ ਘਾਣ ਕੀਤਾ। ਗੁਰਦੁਆਰਾ ਸਾਹਿਬਾਨ ‘ਚ ਧੀਆਂ ਭੈਣਾਂ ਦੀਆਂ ਇੱਜਤਾਂ ਦੀ ਬੇਪਤੀ ਹੁੰਦੀ, ਸ਼ਰਾਬਾਂ ਦੇ ਦੌਰ ਚਲਦੇ।

ਸਮਾਂ ਪਾ ਕੇ ਵਿਗੜ ਰਹੇ ਹਾਲਾਤਾਂ ਨੂੰ ਭਾਂਪਦਿਆਂ ਸਿੱਖ ਕੌਮ ਨੇ ਇਕੱਤਰ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ‘ਚ ਲਿਆਂਦਾ। ਸ. ਕਰਤਾਰ ਸਿੰਘ ਝੱਬਰ, ਮਾਸਟਰ ਤਾਰਾ ਸਿੰਘ, ਭਾਈ ਲਛਮਣ ਸਿੰਘ ਧਾਰੋਵਾਲੀ ਜਿਹੇ ਸੁਹਿਰਦ ਸਿੱਖਾਂ ਦੀ ਅਗਵਾਈ ‘ਚ ਸਿੱਖ ਕੌਮ ਨੇ ਅਜਿਹਾ ਸ਼ਾਂਤਮਈ ਸੰਘਰਸ਼ ਕੀਤਾ ਕੇ ਗੋਰੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸਾਕਾ ਨਨਕਾਣਾ ਸਾਹਿਬ, ਬਾਬੇ ਕੀ ਬੇਰ, ਤਰਨਤਾਰਨ ਸਾਹਬਿ ਦਾ ਪ੍ਰਬੰਧ ਪੰਥਕ ਹੱਥਾਂ ‘ਚ ਆ ਚੁਕਿਆ ਸੀ। ਸਾਕਾ ਪੰਜਾ ਸਾਹਿਬ ਦੀ ਜ਼ਮੀਨ ਅਸਲ ਰੂਪ ‘ਚ 8 ਅਗਸਤ 1922 ਈ. ਤੋਂ ਸਿਰਜੀ ਜਾਣੀ ਸ਼ੁਰੂ ਹੁੰਦੀ ਹੈ। ਜਿਸ ਦੀ ਬੁਨਿਆਦ ਇਰਾਦਿਆਂ ਦੇ ਪੁਖਤਾ ਯਕੀਨ ਅਤੇ ਲੰਗਰ ਦੀ ਸੇਵਾ ਵਾਸਤੇ ਆਪਣੀ ਜਾਨ ਦਾ ਨਜਰਾਨਾ ਪੇਸ਼ ਕਰਨ ‘ਤੇ ਟਿਕੀ ਹੋਈ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਲੰਗਰ ਦੀ ਪ੍ਰਥਾ ਨੂੰ ਸਿੱਖ ਜਗਤ ਨੇ ਆਪਣੇ ਹਿਰਦਿਆਂ ‘ਚ ਅਹਿਮ ਸਥਾਨ ਦਿੱਤਾ। ਸਾਕਾ ਪੰਜਾ ਸਾਹਿਬ ਭੁੱਖੇ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣ ਲਈ ਹੀ ਵਾਪਰਿਆ ਸੀ। 8 ਅਗਸਤ 1922 ਤੋਂ ਗੁਰੂ ਕਾ ਬਾਗ ਦੇ ਸਥਾਨ ‘ਤੇ ਅੰਗਰੇਜ਼ ਹਕੂਮਤ ਵੱਲੋਂ ਸਿੱਖ ਜਗਤ ‘ਤੇ ਤਸ਼ੱਦਦ ਢਾਹਿਆ ਜਾ ਰਿਹਾ ਸੀ। ਬੇਸੁੱਧ ਹੋਏ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ।  ਜੇਲ੍ਹਾਂ ਭਰ ਗਈਆਂ ਤਾਂ ਪੰਜਾਬ ਤੋਂ ਬਾਹਰ ਸਿੰਘਾਂ ਨੂੰ ਭੇਜਿਆ ਜਾਣ ਲੱਗਿਆ। ਸਿੰਘਾਂ ਨੂੰ ਅਟਕ ਜੇਲ੍ਹ ਭੇਜਣ ਦਾ ਫੈਸਲਾ ਕੀਤਾ ਗਿਆ। ਗੁਰੂ ਕੇ ਬਾਗ਼ ਦੇ ਮੋਰਚੇ ਵਿਚ ਫੌਜੀ ਪੈਨਸ਼ਨੀਆਂ ਦਾ ਇੱਕ ਜਥਾ ਸੂਬੇਦਾਰ ਅਮਰ ਸਿੰਘ ਧਾਲੀਵਾਲ ਰਿਆਸਤ ਕਪੂਰਥਲਾ ਦੀ ਅਗਵਾਈ ਵਿਚ ਗ੍ਰਿਫ਼ਤਾਰ ਹੋਇਆ। ਇਸ ਜਥੇ ਦੇ ਸਿੰਘਾਂ ਨੂੰ 29 ਅਕਤੂਬਰ, 1922 ਈ. ਨੂੰ ਰਾਤ ਦੀ ਗੱਡੀ ਸ੍ਰੀ ਅੰਮ੍ਰਿਤਸਰ ਤੋਂ ਅਟਕ ਜੇਲ੍ਹ ਭੇਜਿਆ ਜਾ ਰਿਹਾ ਸੀ।  ਗੱਡੀ ਚੱਲ ਕੇ ਰਾਵਲਪਿੰਡੀ ਰੁਕੀ ਜਿੱਥੇ ਅੰਗਰੇਜ ਅਧਿਕਾਰੀਆਂ ਲਈ ਪ੍ਰਸ਼ਾਦਾ ਆਦਿ ਹੋਰ ਲੋੜੀਂਦਾ ਸਮਾਨ ਗੱਡੀ ਵਿੱਚ ਹੀ ਰੱਖ ਲਿਆ ਗਿਆ। ਇਸ ਗੱਡੀ ਨੂੰ ਕਿਤੇ ਵੀ ਨਾ ਰੋਕਣ ਦਾ ਆਦੇਸ਼ ਸੀ। ਇਕ ਸਪੈਸ਼ਲ ਟਰੇਨ ਜਰੀਏ ਉਨ੍ਹਾਂ ਨੂੰ ਅਟਕ ਲਿਆਂਦਾ ਜਾ ਰਿਹਾ ਸੀ। ਰਸਤੇ ‘ਚ ਸਿੰਘਾਂ ਨੇ ਹਸਨ ਅਬਦਾਲ ਦੇ ਸਟੇਸ਼ਨ ‘ਤੇ ਕੈਦੀ ਸਿੰਘਾਂ ਲਈ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਸੀ। ਸਿੰਘਾਂ ਨੇ ਸਟੇਸ਼ਨ ਮਾਸਟਰ ਨੂੰ ਟਰੇਨ ਰੋਕਣ ਲਈ ਕਿਹਾ ਤਾਂ ਸਟੇਸ਼ਨ ਮਾਸਟਰ ਨੇ ਟਰੇਨ ਰੋਕਣ ਤੋਂ ਮਨਾ ਕਰ ਦਿੱਤਾ। ਸਿੰਘਾਂ ਨੇ ਗੁਰੂ ਚਰਨਾਂ ‘ਚ ਅਰਦਾਸ ਕਰ ਦਿੱਤੀ ਸੀ। ਸਿੰਘ ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਜੀ ਦੇ ਸਮੇਤ ਰੇਲ ਦੀ ਪਟੜੀ ‘ਤੇ ਬੈਠ ਗਏ।

ਟਰੇਨ ਆਈ । ਡਰਾਇਵਰ ਨੂੰ ਸਖਤ ਨਿਰਦੇਸ਼ ਸਨ ਕਿ ਕਿਸੇ ਵੀ ਸੂਰਤ ‘ਚ ਗੱਡੀ ਨਹੀਂ ਰੋਕਣੀ ਤਾਂ ਰੇਲ ਦੀ ਪਟੜੀ ‘ਤੇ ਬੈਠੀ ਸੰਗਤ ਨੂੰ ਦੇਖ ਡਰਾਇਵਰ ਨੇ ਹਾਰਨ ਮਾਰਨੇ ਸ਼ੁਰੂ ਕਰ ਦਿੱਤੇ। ਪਰ ਸੰਗਤ ਨਾ ਉਂਠੀ ਤੇ ਸੰਗਤ ਨੂੰ ਕੁਚਲਦਿਆਂ ਗੱਡੀ ਰੁਕ ਗਈ। ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਹ ਦੇਖ ਚਾਰੇ ਪਾਸੇ ਤ੍ਰਾਹੀ ਤ੍ਰਾਹੀ ਹੋ ਉਠੀ। ਸਿੰਘ ਦੋਵੇ ਸਿੰਘਾਂ ਨੂੰ ਬਚਾਉਣ ਲਈ  ਭੱਜੇ। ਤਾਂ ਦੋਵੇਂ ਸਿਰਲੱਥ ਯੋਧਿਆਂ ਨੇ ਕਿਹਾ ਕਿ ਪਹਿਲਾਂ ਭੁੱਖੇ ਸਿੰਘਾਂ ਨੂੰ ਪ੍ਰਸ਼ਾਦੇ ਦੀ ਸੇਵਾ ਕੀਤੀ ਜਾਵੇ ਕਿਉਂਕਿ ਜੇ ਤੁਸੀਂ ਸਾਨੂੰ ਰੇਲ ਦੇ ਹੇਠੋਂ ਕੱਢ ਲਿਆ ਤਾਂ ਰੇਲ ਅੱਗੇ ਚਲੀ ਜਾਵੇਗੀ। ਸਿੰਘਾਂ ਨੇ ਪਹਿਲਾਂ ਕੈਦੀ ਸਿੰਘਾਂ ਨੂੰ ਪ੍ਰਸ਼ਾਦਾ ਛਕਾਇਆ। ਫਿਰ ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਜੀ ਦਾ ਸਰੀਰ ਚੁੱਕਿਆ ਗਿਆ। ਦੋਵੇਂ ਸਿੰਘਾਂ ਦੇ ਸਰੀਰ ਗੁ. ਸ੍ਰੀ ਪੰਜਾ ਸਾਹਿਬ ਵਿਖੇ ਲਿਆਂਦੇ ਗਏ। ਜਿੱਥੇ ਉਹ ਪੰਜ ਭੂਤਕ ਸਰੀਰ ਤਿਆਗ ਗਏ। ਇਸ ਮੌਕੇ ਭਾਈ ਗੰਗਾ ਸਿੰਘ ਪਿੰਡ ਮਜਾਹ, ਜ਼ਿਲ੍ਹਾ ਅਟਕ, ਭਾਈ ਚਰਨ ਸਿੰਘ ਪਿੰਡ ਮਜਾਹ, ਭਾਈ ਨਿਹਾਲ ਸਿੰਘ ਪਿੰਡ ਲਾਲਪੁਰਾ, ਭਾਈ ਭਾਗ ਸਿੰਘ ਪਿੰਡ ਘੜਿਆਲ, ਭਾਈ ਫਕੀਰ ਸਿੰਘ ਸ੍ਰੀ ਪੰਜਾ ਸਾਹਿਬ, ਭਾਈ ਕਲਿਆਣ ਸਿੰਘ ਪਿੰਡ ਮਤਿਹਾਰੀ ਜ਼ਿਲ੍ਹਾ ਮੁੱਜ਼ਫਰਾਬਾਦ ਗੰਭੀਰ ਰੂਪ ‘ਚ ਜ਼ਖਮੀ ਹੋ ਗਏ।ਇਸ ਤਰ੍ਹਾਂ ਸੂਰਮਿਆਂ ਨੇ ਸਿਰ ਤਾਂ ਦੇ ਦਿੱਤੇ ਪਰ ਸਿਰੜ ਨਹੀਂ ਛੱਡੇ।

ਜਿੱਥੇ ਵਿੱਚ ਚਸ਼ਮੇ ਦੇ ਨ੍ਹਾਤਿਆਂ ਸੀ ਚੜ੍ਹ ਜਾਂਦੀ

ਅਗੇ ਗੂੜ੍ਹੀ ਨਾਮ ਦੀ ਰੰਗਣ ਸੰਸਾਰ ਨੂੰ

ਪਾਵਨ ਪਵਿਤ੍ਰ ਸ਼ਹੀਦੀ ਖੂਨ ਨਾਲ ਦੇਖੋ

ਓਥੇ ਹੀ ਸ਼ਹੀਦੀ ਰੰਗ ਚੜ੍ਹੇ ਨਰ ਨਾਰ ਨੂੰ

ਪ੍ਰਤਾਪ ਹਰੀ ਕਰਮ ਵਿਛਾਇ ਕੇ ਤੇ ਛਾਤੀਆਂ ਨੂੰ

ਜਿੱਥੇ ਰੋਕਿਆ ਸੀ ਬੰਬੇ ਰਫਤਾਰ ਨੂੰ

ਕੱਤਕ ਮਹੀਨੇ ਸਦੀ ਚੌਧਵੀਂ ਤੇ ਸੋਲਾਂ ਤੀਕ

ਆਣ ਕੇ ਤੇ ਤੱਕੇ ਤੇ ਤਕਾਓ ਪ੍ਰਵਾਰ ਨੂੰ

ਐਸੇ ਮਹਾਨ ਸ਼ਹੀਦ ਜਿਨ੍ਹਾਂ ਆਪਾ ਕੁਰਬਾਨ ਕਰਕੇ ਕੈਦੀ ਸਿੰਘਾਂ ਨੂੰ ਪ੍ਰਸ਼ਾਦਾ ਛਕਾਇਆ। ਇਸ ਮੌਕੇ ਉਹ ਗੱਡੀ ਦਾ ਜੋ ਡਰਾਇਵਰ ਸੀ ਉਸ ਦੇ ਬਿਆਨ ਬਹੁਤ ਮਹੱਤਵਪੂਰਨ ਹਨ। ਜ਼ਿਲ੍ਹਾ ਗੁਜਰਾਤ ਦੇ ਰਹਿਣ ਵਾਲਾ ਇਹ ਅਰਾਈ ਮੁਸਲਮਾਨ ਬਰਾਦਰੀ ਨਾਲ ਸਬੰਧ ਰੱਖਦਾ ਸੀ। ਉਸ ਨੇ ਆਪਣੇ ਬਿਆਨ ਦਰਜ ਕਰਵਾਉਂਦਿਆਂ ਕਿਹਾ ਕਿ ਮੈਨੂੰ ਗੱਡੀ ਕਿਸੇ ਵੀ ਕੀਮਤ ਤੇ ਖੜ੍ਹੀ ਨਾ ਕਰਨ ਦਾ ਜ਼ੁਬਾਨੀ ਹੁਕਮ ਮਿਲਿਆ ਸੀ ਮੈਂ ਉਸ ਹੁਕਮ ਅਨੁਸਾਰ ਗੱਡੀ ਖੜ੍ਹੀ ਨਹੀਂ ਸੀ ਕੀਤੀ ਤੇ ਪੂਰੀ ਰਫ਼ਤਾਰ ਨਾਲ ਲਿਜਾ ਰਿਹਾ ਸਾਂ । ਜਦ ਸੰਗਤ ਵਿਚ ਜਾ ਕੇ ਗੱਡੀ ਵੱਜੇ ਤਾਂ ਮੈਨੂੰ ਇਉਂ ਮਹਿਸੂਸ ਹੋਇਆ ਜਿਵੇਂ  ਕਿਸੇ ਪਹਾੜ ਨਾਲ ਟਕਰਾਈ ਹੋਵੇ ਫਿਰ ਮੇਰਾ ਹੱਥ ਵੈਕਮ ਤੋਂ ਛੁੱਟ ਗਿਆ ਤੇ ਗੱਡੀ ਖੜ੍ਹੀ ਹੋ ਗਈ ਕਿ ਇੰਜਣ ਦੀ ਪੜਤਾਲ ਕਰਨ ਤੇ ਇਹੋ ਨਤੀਜਾ ਨਿਕਲਿਆ ਹੈ ਕਿ ਇਹਨੂੰ ਬਰੇਕ ਨਹੀਂ ਲੱਗੀ ਮੈਨੂੰ ਤਾਂ ਇਉਂ ਲੱਗਾ ਜਿਵੇਂ ਕਿਸੇ ਗੁਪਤ ਤਾਕਤ  ਨੇ ਆ ਕੇ ਗੱਡੀ ਰੋਕ ਦਿੱਤੀ ਹੋਵੇ।  ਗੱਡੀ ਦੇ ਡਰਾਈਵਰ ਦਾ ਬਿਆਨ ਦੱਸਦਾ ਹੈ ਕਿ ਸਤਿਗੁਰਾਂ ਦੀ ਅਪਾਰ ਸ਼ਕਤੀ  ਨੇ ਉਸਦੀ ਗੱਡੀ ਰੋਕੀ।

ਸ਼ਹੀਦ ਭਾਈ ਪ੍ਰਤਾਪ ਸਿੰਘ ਤੇ ਸ਼ਹੀਦ ਭਾਈ ਕਰਮ ਸਿੰਘ ਭਾਵੇਂ ਅੱਜ ਸੰਸਾਰ ਵਿੱਚ ਨਹੀਂ ਹਨ ਪਰ ਜੋ ਘਾਲਣਾ ਘਾਲ ਗਏ ਉਸ ਕਰਕੇ ਉਨ੍ਹਾਂ ਦੇ ਨਾਮ  ਅਮਰ ਰਹਿਣਗੇ ਤੇ ਅਗਲੀਆਂ ਪੀੜ੍ਹੀਆਂ ਲਈ ਸਿੱਖੀ ਸਿਦਕ ਭਾਵਨਾ ਦੀ ਇੱਕ ਸੁਨਹਿਰੀ ਮਿਸਾਲ ਬਣੇ ਰਹਿਣਗੇ। ਸਾਕਾ ਸ੍ਰੀ ਪੰਜਾ ਸਾਹਿਬ ਦੇ ਇਨ੍ਹਾਂ ਮਹਾਨ ਸ਼ਹੀਦਾਂ ਦੀ ਸੌ ਸਾਲਾ ਸ਼ਤਾਬਦੀ ਪਚਾਸੀ ਇਕ ਤੱਥ ਬੜੇ ਜਾਹੋ ਜਲਾਲ ਦੇ ਨਾਲ ਬਣਾ ਰਿਹਾ ਹੈ ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਮਾਗਮ ਉਲੀਕੇ ਗਏ ਹਨ।

ਜੇਕਰ ਹੁਣ ਇਨ੍ਹਾਂ ਦੋਵੇਂ ਸਿਰਲੱਥ ਯੋਧਿਆਂ ਦੇ ਜੀਵਨ ਦੀ ਗੱਲ ਕਰ ਲਈਏ ਜਿਨ੍ਹਾਂ ਆਪਾ ਵਾਰ ਲੰਗਰ ਮਰਯਾਦਾ ਨੂੰ ਕਾਇਮ ਰੱਖਿਆ ਤਾਂ ਭਾਈ ਪ੍ਰਤਾਪ ਸਿੰਘ ਜੀ ਦਾ ਜਨਮ 26 ਮਾਰਚ, 1899 ਈ. ਨੂੰ ਪਿਤਾ ਸ. ਸਰੂਪ ਸਿੰਘ, ਮਾਤਾ ਪ੍ਰੇਮ ਕੌਰ ਦੇ ਗ੍ਰਹਿ ਪਿੰਡ ਅਕਾਲਗੜ੍ਹ ਜ਼ਿਲ੍ਹਾ ਗੁੱਜਰਾਂਵਾਲਾ (ਪਾਕਿਸਤਾਨ) ਵਿਖੇ ਹੋਇਆ। ਆਪ ਜੀ ਦਾ ਵਿਆਹ

1918 ਈ. ਨੂੰ ਸ. ਕਪੂਰ ਸਿੰਘ ਦੀ ਸਪੁੱਤਰੀ ਬੀਬੀ ਹਰਨਾਮ ਕੌਰ ਨਾਲ ਪਿੰਡ ਲੋਹੀਆਂਵਾਲਾ ਗੁੱਜਰਾਂਵਾਲਾ ਵਿਖੇ ਹੋਇਆ। ਆਪ ਦੇ ਵੱਡੇ ਭਰਾ ਸ. ਤਾਰਾ ਸਿੰਘ ਤੇ ਸ. ਕਰਮ ਸਿੰਘ ਸਰਕਾਰੀ ਮੁਲਾਜ਼ਮ ਸਨ। ਉਨ੍ਹਾਂ ਨੇ ਭਾਈ ਪ੍ਰਤਾਪ ਸਿੰਘ ਨੂੰ ਆਪਣੇ ਕੋਲ ਬੁਲਾ ਕੇ ਮੁਲਤਾਨ ਛਾਉਣੀ ਅੰਦਰ ਫੌਜੀ ਦਫ਼ਤਰ ਵਿਚ ਨੌਕਰੀ ਦਿਵਾ ਦਿੱਤੀ। ਇਸ ਸਮੇਂ ਦੌਰਾਨ ਭਾਈ ਪ੍ਰਤਾਪ ਸਿੰਘ ਦੇ ਘਰ ਇੱਕ ਲੜਕੇ ਨੇ ਜਨਮ ਲਿਆ ਜਿਸਦਾ ਨਾਮ ਤਰਲੋਕ ਸਿੰਘ ਰੱਖਿਆ ਗਿਆ। ਲੜਕੇ ਦੇ ਜਨਮ ਪਿੱਛੋਂ ਆਪ ਦੀ ਬਦਲੀ ਰਾਵਲਪਿੰਡੀ ਛਾਉਣੀ ਵਿਖੇ ਹੋ ਗਈ। ਜਦੋਂ ਸ੍ਰੀ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਤਾਂ ਸਮੁੱਚੇ ਸਿੱਖ ਪੰਥ ਨੇ ਰੋਹ ਵਜੋਂ ਕਾਲੀਆਂ ਦਸਤਾਰਾਂ ਸਜਾਈਆਂ। ਪੰਥ ਦਾ ਹੁਕਮ ਮੰਨ ਕੇ ਭਾਈ ਪ੍ਰਤਾਪ ਸਿੰਘ ਜੀ ਨੇ ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਕਾਲੀ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ। ਜਦੋਂ ਫੌਜੀ ਅਫ਼ਸਰਾਂ ਨੇ ਕਾਲੀ ਦਸਤਾਰ ਬੰਨਣ ਤੋਂ ਤਾੜਨਾ ਕੀਤੀ ਤਾਂ ਆਪ ਜੀ ਨੇ ਫੌਜ ਦੀ ਨੌਕਰੀ ਛੱਡ ਦਿੱਤੀ। ਨੌਕਰੀ ਛੱਡਣ ਤੋਂ ਬਾਅਦ ਆਪ ਪਹਿਲਾਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਗਏ ਤੇ ਫਿਰ 1922 ਈ. ਨੂੰ ਪੰਜਾ ਸਾਹਿਬ ਗੁਰੂ ਘਰ ਦੇ ਦਰਸ਼ਨਾਂ ਨੂੰ ਚਲੇ ਗਏ। ਭਾਈ ਪ੍ਰਤਾਪ ਸਿੰਘ ਜੀ ਨੇ ਗੁਰਦੁਆਰਾ ਪੰਜਾ ਸਾਹਿਬ ਵਿਖੇ ਛੇ ਮਹੀਨੇ ਖ਼ਜ਼ਾਨਚੀ ਤੇ ਮੈਨੇਜਰ ਦੇ ਤੌਰ ’ਤੇ ਸੇਵਾ ਕੀਤੀ। ਇਸੇ ਸਮੇਂ ਆਪ ਦੇ ਇਕਲੌਤੇ ਪੁੱਤਰ ਕਾਕਾ ਤਰਲੋਕ ਸਿੰਘ ਦੀ ਮੌਤ ਹੋ ਗਈ ਤਾਂ ਆਪ ਅਕਾਲ ਪੁਰਖ ਦਾ ਭਾਣਾ ਮੰਨਦੇ ਹੋਏ ਉਸ ਦੀ ਰਜ਼ਾ ਵਿਚ ਰਹੇ। ਭਾਈ ਪ੍ਰਤਾਪ ਸਿੰਘ ਜੀ ਦੀ ਸ਼ਹੀਦੀ ਤੋਂ ਕੁਝ ਮਹੀਨਿਆਂ ਬਾਅਦ ਬੇਟੀ ਜੋਗਿੰਦਰ ਕੌਰ ਦਾ ਜਨਮ ਹੋਇਆ। ਆਪ ਜੀ ਦੀ ਸ਼ਹੀਦੀ ਦੀ ਗਾਥਾ ਤੁਸੀਂ ਉੱਪਰ ਪੜ੍ਹ ਚੁਕੇ ਹੋ।

ਹੁਣ ਜੇਕਰ ਗੱਲ ਭਾਈ ਕਰਮ ਸਿੰਘ ਜੀ ਦੀ ਕਰ ਲਈਏ ਤਾਂ ਭਾਈ ਕਰਮ ਸਿੰਘ ਜੀ ਦਾ

ਜਨਮ 14 ਨਵੰਬਰ 1885 ਈ. ਨੂੰ ਪਿਤਾ ਭਾਈ ਭਗਵਾਨ ਸਿੰਘ, ਮਾਤਾ ਰੂਪ ਕੌਰ ਦੇ ਗ੍ਰਹਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ। ਆਪ ਜੀ ਦੇ ਪਿਤਾ ਭਾਈ ਭਗਵਾਨ ਸਿੰਘ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਗ੍ਰੰਥੀ ਸਨ। ਮਾਪਿਆਂ ਨੇ ਆਪ ਜੀ ਦਾ ਨਾਮ ਸੰਤ ਸਿੰਘ ਰੱਖਿਆ। ਆਪ ਚਾਰ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਆਪ ਜੀ ਨੇ ਸੰਗੀਤ ਦੀ ਸਿੱਖਿਆ ਆਪਣੇ ਪਿਤਾ ਪਾਸੋਂ ਹਾਸਲ ਕੀਤੀ। ਆਪ ਆਪਣੀ ਪਤਨੀ ਨਾਲ 1922 ਈ. ਨੂੰ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨਾਂ ਲਈ ਗਏ ਅਤੇ ਇੱਥੇ ਹੀ ਕੀਰਤਨ ਦੀ ਸੇਵਾ ਨਿਭਾਉਣ ਲੱਗ ਗਏ। ਆਪ ਜੀ ਦੀ ਪਤਨੀ ਬੀਬੀ ਕਿਸ਼ਨ ਕੌਰ ਆਪ ਜੀ ਦੇ ਨਾਲ ਗੁਰਦੁਆਰਾ ਸਾਹਿਬ ਸੇਵਾ ਕਰਦੀ ਰਹੀ। ਇੱਥੇ ਹੀ ਆਪ ਜੀ ਨੇ ਅੰਮ੍ਰਿਤ-ਪਾਨ ਕੀਤਾ ਅਤੇ ਸੰਤ ਸਿੰਘ ਤੋਂ ਭਾਈ ਕਰਮ ਸਿੰਘ ਬਣ ਗਏ। ਇੱਥੇ ਜਦੋਂ ਸੰਗਤ ਨੇ ਗੁਰੂ ਕਾ ਬਾਗ ਮੋਰਚੇ ਦੌਰਾਨ ਗ੍ਰਿਫਤਾਰ ਕੀਤੇ ਸਿੰਘਾਂ ਲਈ ਲੰਗਰ ਦੀ ਸੇਵਾ ਕਰਨ ਦਾ ਪ੍ਰਣ ਕੀਤਾ ਤਾਂ ਆਪ ਜੀ ਵੀ ਸੰਗਤ ਦੇ ਨਾਲ ਸੇਵਾ ਕਰਨ ਲਈ ਸ਼ਾਮਲ ਹੋਏ। ਭਾਈ ਕਰਮ ਸਿੰਘ ਜੀ ਨੇ ਹਸਨ ਅਬਦਾਲ ਵਿਖੇ ਸਿੰਘਾਂ ਨੂੰ ਲੰਗਰ ਛਕਾਉਣ ਲਈ ਰੇਲ ਗੱਡੀ ਰੋਕਣ ਖਾਤਰ ਸ਼ਹੀਦੀ ਪ੍ਰਾਪਤ ਕੀਤੀ।

 

 

ਰਜਿੰਦਰ ਸਿੰਘ

 

Share This Article
Leave a Comment