ਸ਼੍ਰੋਮਣੀ ਅਕਾਲੀ ਦਲ ਟਰਾਂਸਪੋਰਟ ਵਿੰਗ 12 ਜੁਲਾਈ ਨੂੰ ਮੋਤੀ ਬਾਗ ਪੈਲੇਸ ਮੂਹਰੇ ਧਰਨਾ ਦੇਵੇਗਾ

TeamGlobalPunjab
5 Min Read

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦਾ ਟਰਾਂਸਪੋਰਟ ਵਿੰਗ 12 ਜੁਲਾਈ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਪਟਿਆਲਾ ਵਿਖੇ 12 ਜੁਲਾਈ ਨੂੰ ਧਰਨਾ ਦੇ ਕੇ ਟਰਾਂਸਪੋਰਟ ਸੈਕਟਰ ਦੇ ਹਾਲਾਤ ਉਜਾਗਰ ਕਰੇਗਾ ਤੇ ਮੰਗ ਕਰੇਗਾ ਕਿ ਟਰਾਂਸਪੋਰਟਰਾਂ ਨੁੰ ਇਕ ਸਾਲ ਲਈ ਰੋਡ ਟੈਕਸ ਤੋਂ ਛੋਟ ਦਿੱਤੀ ਜਾਵੇ ਅਤੇ ਪੈਟਰੋਲੀਅਮ ਪਦਾਰਥਾਂ ’ਤੇ ਸੂਬੇ ਦੇ ਵੈਟ ਵਿਚ 50 ਫੀਸਦੀ ਕਟੌਤੀ ਕੀਤੀ ਜਾਵੇ।

ਇਥੇ ਇਸ ਮਾਮਲੇ ’ਤੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨਟ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਰਿਕਸ਼ਾ ਚਾਲਕਾਂ, ਟਰੱਕ, ਟੈਕਸੀ, ਸਕੂਲ ਬੱਸ ਤੇ ਆਟੋ ਰਿਕਸ਼ਾ ਮਾਲਕਾਂ ਸਮੇਤ ਇਸ ਸੈਕਟਰ ਦੇ ਹਰ ਸਟੈਂਡ ਤੋਂ ਪ੍ਰੋਤੀਨਿਧ 12 ਜੁਲਾਈ ਨੂੰ ਪਟਿਆਲਾ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਮੂਹਰੇ ਦੋ ਘੰਟੇ ਦਾ ਸੰਕੇਤਕ ਧਰਨਾ ਦੇਣਗੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਦਰੁੱਸਤੀ ਭਰਿਆ ਕਦਮ ਨਾ ਚੁੱਕਿਆ ਤਾਂ ਫਿਰ ਟਰਾਂਸਪੋਰਟ ਵਿੰਗ ਆਪਣੀਆਂ ਮੰਗਾਂ ਦੇ ਹੱਕ ਵਿਚ ਅਗਸਤ ਵਿਚ ਸੂਬੇ ਭਰ ਵਿਚ ਰੋਸ ਰੈਲੀਆਂ ਕਰੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਟਰਾਂਸਪੋਰਟ ਵਿੰਗ ਭਲਕੇ 8 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਤੇਲ ਕੀਮਤਾਂ ਵਿਚ ਵਾਧੇ ਵਿਰੁੱਧ ਰੋਸ ਪ੍ਰਦਰਸ਼ਨ ਦੇ ਸੱਦੇ ਦੀ ਹਮਾਇਤ ਕਰੇਗਾ।

ਹੋਰ ਵੇਰਵੇ ਸਾਂਝੇ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਟਰੱਕ, ਸਕੂਲ ਬੱਸਾਂ, ਟੈਕਸੀਆਂ ਤੇ ਆਟੋ ਰਿਕਸ਼ਾ ਆਦਿ ਨੂੰ ਇਕ ਸਾਲ ਲਈ ਰੋਡ ਟੈਕਸ ਦੀ ਅਦਾਇਗੀ ਤੋਂ ਛੋਟ ਮਿਲਣੀ ਚਾਹੀਦੀ ਹੈ ਕਿਉਂਕਿ ਇਹਨਾਂ ਦੇ ਮਾਲਕ ਇਕ ਸਾਲ ਤੋਂ ਵੱਧ ਸਮੇਂ ਤੋਂ ਕੋਰੋਨਾ ਪਾਬੰਦੀਆਂ ਕਾਰਨ ਆਪਣਾ ਵਪਾਰ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਘਟਾਉਣਾ ਬਹੁਤ ਜ਼ਰੂਰੀਹੈ ਕਿਉਂਕਿ ਇਸਨੇ ਟਰਾਂਸਪੋਰਟ ਸੈਕਟਰ ਨੁੰ ਮੁਨਾਫਾਹੀਣ ਬਣਾ ਦਿੱਤਾ ਹੈ ਤੇ ਆਮ ਲੋਕਾਂ ਮਹਿੰਗਾਈ ਦੀ ਮਾਰ ਝੱਲ ਰਹੇ ਹਨ।

ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਤਕਲੀਫਾਂ ਤੋਂ ਮੁਨਾਫਾ ਕਮਾ ਰਹੀ ਹੈ ਅਤੇ ਇਸ ਵੇਲੇ ਸਭ ਤੋਂ ਵੱਧ ਵੈਟ ਘਟਾਉਣ ਤੋਂ ਇਨਕਾਰੀ ਹੈ। ਉਹਨਾਂ ਕਿਹਾ ਕਿ ਪੈਟਰੋਲੀਅਮ ਪਦਾਰਥਾਂ ’ਤੇ ਵੈਟ ਤੁਰੰਤ 50 ਫੀਸਦੀ ਘਟਾਇਆ ਜਾਣਾ ਚਾਹੀਦਾ ਹੈ।

ਪ੍ਰੋ.ਚੰਦੂਮਾਜਰਾ ਨੇ ਇਹ ਵੀ ਐਲਾਨ ਕੀਤਾ ਕਿ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਟਰੱਕ ਯੂਨੀਅਨਾਂ ਬਹਾਲ ਕੀਤੀਆਂ ਜਾਣਗੀਆਂ ਜੋ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਖਤਮ ਕੀਤੀਆਂ ਹਨ। ਉਹਨਾਂ ਦੱਸਿਆ ਕਿ ਇਸ ਕਦਮ ਨਾਲ ਨਵੀਂ ਸਿੰਡੀਕੇਟ ਪੈਦਾ ਹੋ ਗਈ ਜਿਸ ਟਰੱਕਾਂ ਦੇ ਕਾਰੋਬਾਰ ’ਤੇ ਕਬਜ਼ਾ ਕਰ ਲਿਆ ਜਿਸ ਕਾਰਨ ਮਾਲਕ ਤੇ ਵਪਾਰੀ ਦੋਵੇਂ ਘਾਟੇ ਵਿਚ ਆ ਗਏ ਹਨ। ਉਹਨਾਂ ਕਿਹਾ ਕਿ ਅਸੀਂ ਅਸੀਂ ਟਰੱਕ ਯੂਨੀਅਨਾਂ ਦੀ ਬਹਾਲੀ ਵਾਸਤੇ ਤਿੰਨ ਤਿੰਨ ਮੈਂਬਰੀ ਕਮੇਟੀਆਂ ਬਣਾਵਾਂਗੇ ਜਿਸ ਵਿਚ ਇਲਾਕੇ ਦਾ ਐਸ ਡੀ ਐਮ, ਇਕ ਟਰੱਕ ਅਪਰੇਟਰ ਅਤੇ ਵਪਾਰ ਦਾ ਇਕ ਪ੍ਰਤੀਨਿਧ ਸ਼ਾਮਲ ਹੋਵੇਗਾ ਤਾਂ ਜੋ ਵਾਜਬ ਰੇਟ ਤੈਅ ਕੀਤੇ ਜਾ ਸਕਣ ਤੇ ਸਾਰੀਆਂ ਸ਼ਿਕਾਇਤਾਂ ਸੁਖਾਲਿਆਂ ਹੀ ਦੂਰ ਕੀਤੀਆਂ ਜਾ ਸਕਣ। ਉਹਨਾਂ ਇਹ ਵੀ ਐਲਾਨ ਕੀਤਾ ਕਿ ਟਰੱਕ ਅਪਰੇਟਰਾਂ ਨੁੰ ਵੀ ਟਰੱਕ ਯੂਨੀਅਨਾਂ ਦੀ ਅਗਵਾਈ ਕਰਨ ਦਿੱਤੀ ਜਾਵੇਗੀ।

ਇਕ ਹੋਰ ਸੁਧਾਰਵਾਦੀ ਕਦਮ ਵਿਚ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਗਲੀ ਅਕਾਲੀ ਸਰਕਾਰ ਟਰੱਕਾਂ ਵਾਲਿਆਂ ਨੂੰ ਸਾਲਾਨਾ ਟੈਕਸ ਦੀ ਅਦਾਇਗੀ ’ਤੇ ਇਕ ਸਟਿਕਰ ਦੇਵੇਗੀ ਤਾਂ ਜੋ ਸੜਕ ’ਤੇ ਉਹਨਾਂ ਨੂੰ ਕੋਈ ਰੋਕ ਨਾ ਸਕੇ ਜਿਸ ਨਾਲ ਟਰੱਕਾਂ ਵਾਲਿਆਂ ਦੀ ਪ੍ਰੇਸ਼ਾਨੀ ਵੀ ਖਤਮ ਹੋਵੇਗੀ ਤੇ ਭ੍ਰਿਸ਼ਟਾਚਾਰ ਵੀ ਦੂਰ ਹੋਵੇਗਾ।

ਉਹਨਾਂ ਕਿਹਾ ਕਿ ਹੋਰ ਕਦਮ ਵੀ ਚੁੱਕੇ ਜਾਣਗੇ ਜਿਵੇਂ ਕਿ ਓਵਰਲੋਡਿੰਗ ਵਾਸਤੇ ਟਰੱਕਾਂ ਨੁੰ ਵਾਰ ਵਾਰ ਰੋਕਿਆ ਜਾਣਾ ਅਤੇ ਟਰੱਕਾਂ ਵਾਲਿਆਂ ਵੱਲੋਂ ਲਏ ਜਾਂਦੇ ਟੈਂਡਰਾਂ ਦੀ 100 ਫੀਸਦੀ ਅਦਾਇਗੀ ਆਦਿ।
ਉਹਨਾਂ ਦੱਸਿਆ ਕਿ ਇਸ ਵੇਲੇ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਇਕ ਨੇੜਲਾ ਵਿਅਕਤੀ ਟਰੱਕਾਂ ਵਾਲਿਆਂ ਵੱਲੋਂ ਲਏ ਟੈਂਡਰ ਦਾ 2 ਕਰੋੜ ਰੁਪਏ ਬਕਾਇਆ ਨਹੀਂ ਦੇ ਰਿਹਾ ਤੇ ਕਿਹਾ ਕਿ ਸੂਬੇ ਵਿਚ ਅਕਾਲੀ ਸਰਕਾਰ ਬਣਨ ’ਤੇ ਇਹ ਭ੍ਰਿਸ਼ਟ ਹਰਕਤਾਂ ਬੰਦ ਕੀਤੀਆਂ ਜਾਣਗੀਆਂ।

ਇਸ ਮੌਕੇ ਅਕਾਲੀ ਦਲ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਪਰਮਜੀਤ ਸਿੰਘ ਫਾਜ਼ਿਲਕਾ ਤੇ ਸਕੱਤਰ ਜਨਰਲ ਗੁਰਬਿੰਦਸ ਸਿੰਘ ਬਿੰਦਰ ਮਨੀਲਾ ਨੇ ਕਿਹਾ ਕਿ ਪਿਛਲੇ ਡੇਢ ਸਾਲਾਂ ਵਿਚ 40 ਹਜ਼ਾਰ ਟਰੱਕਾਂ ਤੇ 55 ਹਜ਼ਾਰ ਟੈਕਸੀਆਂ ਕਬਾੜ ਵਿਚ ਵਿਕ ਗਈਆਂ ਹਨ। ਉਹਨਾਂ ਕਿਹਾ ਕਿ ਹਜ਼ਾਰਾਂ ਟਰੱਕ ਤੇ ਟੈਕਸੀ ਡਰਾਈਵਰ ਬੇਰੋਜ਼ਾਗਰ ਹੋ ਗਏ ਹਨ ਤੇ ਉਹਨਾਂ ਨੁੰ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਉਹਨਾਂ ਮੰਗ ਕੀਤੀ ਕਿ ਸਕੂਲ ਬੱਸ ਕੰਡਕਟਰਾਂ ਸਮੇਤ ਅਜਿਹੇ ਸਾਰੇ ਵਿਅਕਤੀਆਂ ਨੂੰ ਸਰਕਾਰ ਮਹੀਨਿਆਂ ਦਾ ਰਾਸ਼ਨ ਦੇ ਕੇ ਇਸ ਸੰਕਟ ਦੀ ਘੜੀ ਵਿਚ ਮਦਦ ਕਰੇ।

Share This Article
Leave a Comment