ਮੁੱਖ ਮੰਤਰੀ ਸੁਖਜਜਿੰਦਰ ਰੰਧਾਵਾ ਨੂੰ ਬਰਖ਼ਾਸਤ ਕਰਨ ਤੇ ਜੇਲ੍ਹਾਂ ‘ਚ ਸੁਧਾਰ ਮੁਹਿੰਮ ਵਿੱਢਣ: ਅਕਾਲੀ ਦਲ

TeamGlobalPunjab
4 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਐਨ ਸੀ ਆਰ ਬੀ ਦੀ 2019 ਬਾਰੇ ਰਿਪੋਰਟ ਵਿਚ ਪੰਜਾਬ ਦੀਆਂ ਜੇਲ੍ਹਾਂ ਵਿਚ ਸਭ ਤੋਂ ਵੱਧ ਤਸ਼ੱਦਦ ਦੇ ਮਾਮਲੇ ਅਤੇ ਜੇਲ੍ਹਾਂ ਵਿਚੋਂ ਭੱਜ ਜਾਣ ਤੇ ਗੈਰ ਕੁਦਰਤੀ ਮੌਤਾਂ ਵਾਪਰਨ ਦਾ ਖੁਲਾਸਾ ਹੋਇਆ ਹੈ, ਇਸਨੂੰ ਵੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਤੁਰੰਤ ਬਰਖ਼ਾਸਤ ਕਰ ਦੇਣਾ ਚਾਹੀਦਾ ਹੈ ਅਤੇ ਸੂਬੇ ਵਿਚ ਜੇਲ੍ਹਾਂ ਵਿਚ ਸੁਧਾਰ ਲਈ ਕਦਮ ਚੁੱਕਣੇ ਚਾਹੀਦੇ ਹਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਐਨ ਸੀ ਆਰ ਬੀ ਦੀ ਰਿਪੋਰਟ ਨੇ ਸਿਰਫ ਇਹੀ ਦੱਸਿਆ ਹੈ ਜੋ ਸਾਰੇ ਜਾਣਦੇ ਹਨ ਕਿ ਪੰਜਾਬ ਦੀਆਂ ਜੇਲ੍ਹਾਂ ਦੇਸ਼ ਵਿਚ ਸਭ ਤੋਂ ਵੱਧ ਮਾੜੇ ਤਰੀਕੇ ਚਲਾਈਆਂ ਜਾ ਰਹੀਆਂ ਹਨ ਅਤੇ ਇਹ ਗੈਂਗਸਟਰਾਂ ਦਾ ਅੱਡਾ ਬਣ ਚੁੱਕੀਆਂ ਹਨ। ਉਹਨਾਂ ਕਿਹਾ ਕਿ ਰਿਪੋਰਟ ਨੇ ਇਹ ਗੱਲ ਜ਼ਾਹਰ ਕੀਤੀ ਹੈ ਕਿ ਸੂਬੇ ਵਿਚ ਸਭ ਤੋਂ ਵੱਧ ਮਨੁੱਖੀ ਅਧਿਕਾਰ ਦੀ ਉਲੰਘਣਾ ਦੇ ਮਾਮਲੇ ਸਾਹਮਣੇ ਆਏ ਹਨ ਜਦਕਿ ਜੇਲ੍ਹਾਂ ਵਿਚੋਂ ਫਰਾਰ ਹੋਣ, ਪੈਰੋਲ ਟੱਪ ਜਾਣ, ਹਿਰਾਸਤੀ ਆਤਮ ਹੱਤਿਆ ਤੇ ਗੈਰ ਕੁਦਰਤੀ ਮੌਤਾਂ ਵਿਚ ਵੀ ਸੂਬਾ ਸਭ ਤੋਂ ਅੱਗੇ ਹੈ। ਉਹਨਾਂ ਕਿਹਾ ਕਿ ਇਹ ਰਿਪੋਰਟ ਹੀ ਇਸ ਲਈ ਕਾਫੀ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਨੈਤਿਕ ਆਧਾਰ ‘ਤੇ ਅਸਤੀਫਾ ਦੇ ਦੇਣ ਪਰ ਉਹਨਾਂ ਵੱਲੋਂ ਕੁਰਸੀ ਨਾਲ ਚਿੰਬੜੇ ਰਹਿਣ ਨੂੰ ਵੇਖਦਿਆਂ ਇਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਹਨਾਂ ਖਿਲਾਫ ਕਾਰਵਾਈ ਕਰਨ ਅਤੇ ਜੇਲ੍ਹ ਪ੍ਰਸ਼ਾਸਨ ਵਿਚ ਤੁਰੰਤ ਸੁਧਾਰ ਕਰਨ।

ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਾਲ 2019, ਜਿਸਦਾ ਰਿਪੋਰਟ ਵਿਚ ਵਿਸ਼ਲੇਸ਼ਣ ਕੀਤਾ ਗਿਆ ਹੈ, ਦੌਰਾਨ ਹੀ ਸਰਕਾਰੀ ਪੁਸ਼ਤ ਪਨਾਹੀ ਦੇ ਸਿਰ ‘ਤੇ ਜੇਲ੍ਹਾਂ ਵਿਚੋਂ ਗੈਂਗਸਟਰ ਆਪਣੇ ਮਾਫੀਆ ਗਿਰੋਹ ਚਲਾਉਂਦੇ ਰਹੇ। ਗੈਂਗਸਟਰ ਜੱਗੂ ਭਗਵਾਨਪੁਰੀਆ, ਜਿਸਦੀ ਪੁਸ਼ਤ ਪਨਾਹੀ ਜੇਲ੍ਹ ਮੰਤਰੀ ਕਰਦੇ ਹਨ, ‘ਤੇ ਜੇਲ•ਾਂ ਵਿਚੋਂ ਲੁੱਟਾਂ ਖੋਹਾਂ ਦਾ ਪੂਰਾ ਤੰਤਰ ਚਲਾਉਣ ਦੇ ਦੋਸ਼ ਖੁਦ ਪੁਲਿਸ ਅਫਸਰਾਂ ਨੇ ਲਗਾਏ ਪਰ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ। ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਜੇਲ੍ਹਾਂ ਵਿਚ ਜੱਗੂ ਨੂੰ ਮੋਬਾਈਲ ਫੋਨ ਤੇ ਹੋਰ ਸਹੂਲਤਾਂ ਦਿੱਤੀਆਂ ਗਈਆਂ। ਉਹ ਜੇਲ੍ਹ ਦੇ ਅੰਦਰ ਬੈਠ ਕੇ ਹੀ ਬਾਹਰ ਹਮਲੇ ਕਰਵਾਉਂਦਾ ਰਿਹਾ ਪਰ ਉਸ ਖਿਲਾਫ ਕੋਈ ਕਾਰਵਾਈ ਨਹੀਂ ਹੋਈ।

ਗਰੇਵਾਲ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਵੀ ਜੇਲ੍ਹ ਤੋੜਨ ਦੀ ਘਟਨਾ ਵਾਪਰੀ ਜਦਕਿ ਲੁਧਿਆਣਾ ਸੈਂਟਰਲ ਜੇਲ੍ਹ ਵਿਚ ਕੰਟਰੋਲ ਖਤਮ ਹੋ ਜਾਣ ‘ਤੇ ਪੁਲਿਸ ਵੱਲੋਂ ਕੀਤੀ ਫਾਇਰਿੰਗ ਵਿਚ ਇਕ ਕੈਦੀ ਮਾਰਿਆ ਗਿਆ ਸੀ। ਦੋਵਾਂ ਘਟਨਾਵਾਂ ਦੀ ਕੋਈ ਨਿਰਪੱਖ ਨਹੀਂ ਕੀਤੀ ਗਈ।

ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਵਿਚ ਜੇਲ੍ਹਾਂ ਵਿਚ ਹਾਈ ਪ੍ਰੋਫਾਈਲ ਕਤਲ ਕੀਤੇ ਗਏ। ਉਹਨਾਂ ਦੱਸਿਆ ਕਿ 548 ਕਿਲੋ ਹੈਰੋਇਨ ਫੜੇ ਜਾਣ ਦੇ ਕੇਸ ਦੇ ਮੁੱਖ ਦੋਸ਼ੀ ਦਾ ਜੇਲ੍ਹ ਵਿਚ ਕਤਲ ਹੋ ਗਿਆ, ਇਸੇ ਤਰ੍ਹਾਂ ਬੇਅਦਬੀ ਕੇਸ ਦੇ ਮੁਲਜ਼ਮ ਮਹਿੰਦਰਪਾਲ ਬਿੱਟੂ ਦਾ ਨਾਭਾ ਜੇਲ• ਵਿਚ ਕਤਲ ਹੋ ਗਿਆ। ਉਹਨਾਂ ਕਿਹਾ ਕਿ ਪਟਿਆਲਾ ਸੈਂਟਰਲ ਜੇਲ• ਵਿਚ ਕੈਦੀਆਂ ਨਾਲ ਬਦਫੈਲੀ ਕੀਤੇ ਜਾਣ ਤਾਂ ਜੋ ਉਹਨਾਂ ਦੇ ਪਰਿਵਾਰਾਂ ਤੋਂ ਪੈਸੇ ਉਗਰਾਹੇ ਜਾ ਸਕਣ, ਦੀਆਂ ਰਿਪੋਰਟਾਂ ਆਈਆਂ। ਸੰਗਰੂਰ ਵਿਚ ਮੋਬਾਈਲ ਫੋਨ ਦੀ ਵਰਤੋਂ ਦੀ ਪੜਤਾਲ ਨੇ ਸਾਹਮਣੇ ਲਿਆਂਦਾ ਕਿ ਗੈਂਗਸਟਰਾਂ ਨੂੰ ਪੈਸੇ ਦੀ ਕੀਮਤ ‘ਤੇ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਸ੍ਰੀ ਗਰੇਵਾਲ ਨੇ ਕਿਹਾ ਕਿ ਇਹ ਸਾਰੇ ਕੇਸ ਅਤੇ ਐਨ ਸੀ ਆਰ ਬੀ ਦੀ ਰਿਪੋਰਟ ਸੂਬੇ ਵਿਚ ਜੇਲ੍ਹ ਪ੍ਰਸ਼ਾਸਨ ਨੂੰ ਗੁਨਾਹਗਾਰ ਠਹਿਰਾਉਂਦੀ ਹੈ। ਉਹਨਾਂ ਕਿਹਾ ਕਿ ਇਸ ਸਭ ਦਾ ਇਕੋ ਇਲਾਜ ਹੈ ਕਿ ਜੇਲ੍ਹ ਮੰਤਰੀ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ ਅਤੇ ਨਾਲੋਂ ਨਾਲ ਸਾਰੇ ਸਿਸਟਮ ਵਿਚ ਸੁਧਾਰ ਲਈ ਕਦਮ ਚੁੱਕੇ ਜਾਣ ਤੇ ਜੇਲ੍ਹਾਂ ਵਿਚ ਸਖ਼ਤੀ ਨਾਲ ਨਿਗਰਾਨੀ ਯਕੀਨੀ ਬਣਾਈ ਜਾਵੇ।

Share This Article
Leave a Comment