ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿੱਚ ਦਲਿਤ ਵਰਗ ਉਪਰ ਲਗਾਤਾਰ ਵਧ ਰਹੀਆਂ ਬੇਇਨਸਾਫੀਆਂ ਅਤੇ ਧੱਕੇਸ਼ਾਹੀਆਂ ਨੂੰ ਰੋਕਣ ਲਈ ਅਤੇ ਪੀੜਿਤ ਪਰਿਵਾਰਾਂ ਨਾਲ ਇਨਸਾਫ ਕਰਵਾਉਣ ਲਈ ਪਾਰਟੀ ਦੇ ਸੀਨੀਅਰ ਲੀਡਰਾਂ ‘ਤੇ ਅਧਾਰਤ 27 ਮੈਂਬਰੀ ਉਚ ਪੱਧਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਇਸ ਕਮੇਟੀ ਦੇ ਚੇਅਰਮੈਨ ਹੋਣਗੇ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਿਛਲੇ ਸਮਿਆਂ ਵਿੱਚ ਦਲਿਤ ਅਤੇ ਗਰੀਬ ਵਰਗ ਨਾਲ ਬਹੁਤ ਵੱਡੀ ਬੇਇਨਸਾਫੀ ਹੋਈ ਹੈ। ਪਹਿਲਾਂ ਲਾਕਡਾਊਨ ਦੌਰਾਨ ਰਾਸ਼ਨ ਦੀ ਵੰਡ ਵਿੱਚ ਵੱਡਾ ਘੁਟਾਲਾ ਹੋਇਆ। ਫਿਰ ਵੱਡੀ ਗਿਣਤੀ ਵਿੱਚ ਗਰੀਬ ਅਤੇ ਦਲਿਤ ਪਰਿਵਾਰਾਂ ਦੀਆਂ ਪੈਨਸ਼ਨਾਂ ਅਤੇ ਨੀਲੇ ਕਾਰਡ ਕੱਟੇ ਗਏ ਅਤੇ ਹੁਣ ਹਜਾਰਾਂ ਦੀ ਗਿਣਤੀ ਵਿੱਚ ਦਲਿਤ ਵਿਦਿਆਰਥੀਆਂ ਦੇ ਵਜੀਫਿਆਂ ਵਿੱਚ ਕਰੋੜਾਂ ਰੁਪਏ ਦਾ ਸਕੈਂਡਲ ਹੋਣ ਕਰਕੇ ਦਲਿਤ ਅਤੇ ਪਛੜੀ ਸ਼੍ਰੈਣੀਆਂ ਦੇ ਬੱਚਿਆਂ ਦਾ ਭਵਿੱਖ ਖਤਰੇ ਵਿੱਚ ਪੈ ਗਿਆ ਹੈ।
ਉਨ੍ਹਾਂ ਕਿਹਾ ਕਿ ਆਪਣੀਆਂ ਡਿਗਰੀਆਂ ਮੁਕੰਮਲ ਕਰ ਚੁੱਕੇ ਹੋਣਹਾਰ ਦਲਿਤ ਵਿਦਿਆਰਥੀਆਂ ਨੂੰ ਡਿਗਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਅਤੇ ਹਜਾਰਾਂ ਦਲਿਤ ਬੱਚਿਆਂ ਨੂੰ ਦਾਖਲੇ ਲੈਣ ਅਤੇ ਪੜਾਈ ਜਾਰੀ ਰੱਖਣ ਵਿੱਚ ਭਾਰੀ ਜਲਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰਾਂ ਦਲਿਤ ਵਰਗ ਉਪਰ ਵੱਖ-ਵੱਖ ਥਾਵਾਂ ਤੇ ਜ਼ਬਰ- ਜੁਲਮ ਅਤੇ ਅੱਤਿਆਚਾਰ ਦੇ ਕੇਸਾਂ ਵਿੱਚ ਵੀ ਵਾਧਾ ਹੋਇਆ ਹੈ। ਉਪਰੋਕਤ ਸਾਰੇ ਮਸਲਿਆਂ ਦੇ ਹੱਲ ਲਈ ਪਾਰਟੀ ਦੇ 27 ਸੀਨੀਅਰ ਆਗੂੁਆਂ ਦੀ ਇੱਕ ਸਾਂਝੀ ਕਮੇਟੀ ਬਣਾਈ ਗਈ ਹੈ ਜਿਹੜੀ ਮੀਟਿੰਗ ਕਰਕੇ ਦਲਿਤ ਵਰਗ ਨੂੰ ਇਨਸਾਫ ਦੁਆਉੂਣ ਲਈ ਪ੍ਰੋਗਰਾਮ ਉਲੀਕੇਗੀ ਅਤੇ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਭਰ ਵਿੱਚ ਕਮੇਟੀ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਜੱਦੋ ਜਹਿਦ ਕਰੇਗਾ।
ਕਮੇਟੀ ਦੀ ਪਹਿਲੀ ਮੀਟਿੰਗ 13 ਅਕਤੂਬਰ ਦਿਨ ਮੰਗਲਵਾਰ ਨੂੰ 12 ਵਜੇ ਪਾਰਟੀ ਦੇ ਮੁੱਖ ਦਫਤਰ ਵਿੱਚ ਹੋਵੇਗੀ। ਕਮੇਟੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :-
ਚਰਨਜੀਤ ਸਿੰਘ ਅਟਵਾਲ ਸਾਬਕਾ ਸਪੀਕਰ ਚੇਅਰਮੈਨ, ਗੁਲਜਾਰ ਸਿੰਘ ਰਾਣੀਕੇ ਸਾਬਕਾ ਮੰਤਰੀ, ਸੋਹਣ ਸਿੰਘ ਠੰਡਲ ਸਾਬਕਾ ਮੰਤਰੀ, ਬੀਬੀ ਮਹਿੰਦਰ ਕੌਰ ਜੋਸ ਸਾਬਕਾ ਮੰਤਰੀ, ਈਸ਼ਰ ਸਿੰਘ ਮੇਹਰਬਾਨ ਸਾਬਕਾ ਮੰਤਰੀ, ਸੰਤ ਬਲਬੀਰ ਸਿੰਘ ਘੁੰਨਸ ਸਾਬਕਾ ਸੰਸਦੀ ਸਕੱਤਰ, ਸ਼ੀ੍ਰ ਪਵਨ ਕੁਮਾਰ ਟੀਨੁੂੰ, ਡਾ. ਸੁਖਵਿੰਦਰ ਸੁੱਖੀ, ਬਲਦੇਵ ਸਿੰਘ ਖਹਿਰਾ (ਤਿੰਨੋ ਵਿਧਾਇਕ), ਹਰਪ੍ਰੀਤ ਸਿੰਘ ਮਲੋਟ ਸਾਬਕਾ ਵਿਧਾਇਕ, ਦਰਸ਼ਨ ਸਿੰਘ ਸ਼ਿਵਾਲਿਕ ਸਾਬਕਾ ਵਿਧਾਇਕ, ਮਨਜੀਤ ਸਿੰਘ ਮੰਨਾ ਸਾਬਕਾ ਵਿਧਾਇਕ, ਐਸ.ਆਰ ਕਲੇਰ ਸਾਬਕਾ ਵਿਧਾਇਕ, ਦਰਸ਼ਨ ਸਿੰਘ ਕੋਟਫੱਤਾ ਸਾਬਕਾ ਵਿਧਾਇਕ, ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ, ਬੀਬੀ ਵਨਿੰਦਰ ਕੌਰ ਲੂੰਬਾ ਸਾਬਕਾ ਵਿਧਾਇਕ, ਮਲਕੀਅਤ ਸਿੰਘ ਏ.ਆਰ ਸਾਬਕਾ ਵਿਧਾਇਕ, ਇੰਦਰਇਕਬਾਲ ਸਿੰਘ ਅਟਵਾਲ ਸਾਬਕਾ ਵਿਧਾਇਕ, ਪਰਕਾਸ਼ ਸਿੰਘ ਭੱਟੀ ਸਾਬਕਾ ਵਿਧਾਇਕ, ਦਰਬਾਰਾ ਸਿੰਘ ਗੁਰੂ ਸਾਬਕਾ ਆਈ.ਏ.ਐਸ, ਵਿਜੈ ਦਾਨਵ, ਰਾਜ ਕੁਮਾਰ ਅਤਿਕਾਏ (ਦੋਵੇਂ ਸਾਬਕਾ ਚੇਅਰਮੈਨ), ਕਬੀਰ ਦਾਸ ਨਾਭਾ, ਹਰਮੋਹਣ ਸਿੰਘ ਸੰਧੂ, ਸਤਨਾਮ ਸਿੰਘ ਰਾਹੀ, ਪਰਮਜੀਤ ਸਿੰਘ ਪੰਮਾ ਐਡਵੋਕੇਟ ਅਤੇ ਚੰਦਨ ਗਰੇਵਾਲ ਸੀਨੀਅਰ ਆਗੂਆਂ ਦੇ ਨਾਮ ਸ਼ਾਮਲ ਹਨ।