ਲੁਧਿਆਣਾ :ਪੰਜਾਬ ਦੇ ਲੁਧਿਆਣਾ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਇੱਕ ਗੰਭੀਰ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪਿੰਡ ਜੁਗਿਆਣਾ ਦੀ ਰਹਿਣ ਵਾਲੀ ਪ੍ਰਕਾਸ਼ ਕੌਰ ਨੇ ਗੁਰਦੁਆਰਾ ਸ੍ਰੀ ਰਵਿਦਾਸ ਜੀ ਮਹਾਰਾਜ ਵਿਖੇ ਆਪਣੇ ਪਤੀ ਹਰਭਜਨ ਸਿੰਘ ਦੀ ਹਾਜ਼ਰੀ ਵਿੱਚ ਆਪਣੇ ਕੱਪੜੇ ਉਤਾਰ ਕੇ ਸਾਹਮਣੇ ਸੁੱਟ ਦਿੱਤੇ।
ਇਸ ਸ਼ਰਮਨਾਕ ਕਾਰੇ ਤੋਂ ਬਾਅਦ ਗੁਰਦੁਆਰੇ ਵਿੱਚ ਹੰਗਾਮਾ ਹੋ ਗਿਆ। ਸੰਗਤ ਨੇ ਔਰਤ ਨੂੰ ਮੌਕੇ ‘ਤੇ ਕਾਬੂ ਕਰ ਲਿਆ। ਘਟਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।ਵਾਰਸ ਪੰਜਾਬ ਦਾ ਮੈਂਬਰ ਜਸਵੰਤ ਸਿੰਘ ਚੀਮਾ ਦੀ ਸ਼ਿਕਾਇਤ ‘ਤੇ ਸਾਹਨੇਵਾਲ ਥਾਣੇ ਦੀ ਪੁਲਿਸ ਨੇ ਪ੍ਰਕਾਸ਼ ਕੌਰ ਵਿਰੁੱਧ ਧਾਰਾ 298 ਬੀਐਨਐਸ ਤਹਿਤ ਮਾਮਲਾ ਦਰਜ ਕੀਤਾ ਹੈ।
ਜਸਵੰਤ ਸਿੰਘ ਚੀਮਾ ਨੇ ਕਿਹਾ ਕਿ ਇਹ ਘਟਨਾ 21 ਅਗਸਤ ਨੂੰ ਵਾਪਰੀ ਸੀ ਅਤੇ ਦੋਸ਼ੀ ਔਰਤ ਨੇ ਇਸ ਕਾਰਵਾਈ ਨਾਲ ਪੰਜਾਬ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਫਿਲਹਾਲ ਔਰਤ ਪੁਲਿਸ ਦੀ ਹਿਰਾਸਤ ਤੋਂ ਬਾਹਰ ਹੈ, ਜਦੋਂ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਮਾਮਲੇ ਵਿੱਚ, ਜਾਂਚ ਅਧਿਕਾਰੀ ASI ਜਸਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂਦੁਆਰਾ ਸਾਹਿਬ ਦੀਆਂ ਚਾਬੀਆਂ ਗੁੰਮ ਹੋ ਗਈਆਂ ਸਨ। ਸ੍ਰੀ ਗੁਰੂਦੁਆਰਾ ਸਾਹਿਬ ਦੀ ਕਮੇਟੀ ਨੂੰ ਸ਼ੱਕ ਸੀ ਕਿ ਔਰਤ ਨੇ ਚਾਬੀਆਂ ਚੋਰੀ ਕੀਤੀਆਂ ਹੋ ਸਕਦੀਆਂ ਹਨ। ਇਸ ਮਾਮਲੇ ਸਬੰਧੀ ਉਸਨੂੰ ਸ੍ਰੀ ਗੁਰੂਦੁਆਰਾ ਸਾਹਿਬ ਬੁਲਾਇਆ ਗਿਆ ਸੀ। ਜਦੋਂ ਉੱਥੇ ਮੌਜੂਦ ਕੁਝ ਔਰਤਾਂ ਨੇ ਔਰਤ ਦੀ ਤਲਾਸ਼ੀ ਲੈਣ ਲਈ ਕਿਹਾ ਤਾਂ ਉਹ ਅਚਾਨਕ ਗੁੱਸੇ ਵਿੱਚ ਆ ਗਈ ਅਤੇ ਇਸ ਸ਼ਰਮਨਾਕ ਹਰਕਤ ਨੂੰ ਅੰਜਾਮ ਦਿੱਤਾ।