ਜਗਤਾਰ ਸਿੰਘ ਸਿੱਧੂ;
ਪੰਜਾਬ ਵਿਧਾਨ ਸਭਾ ਦਾ ਦੋ ਰੋਜਾ ਵਿਸ਼ੇਸ਼ ਸੈਸ਼ਨ ਬੇਸ਼ੱਕ ਰਾਜਸੀ ਮਾਮਲਿਆਂ ਲਈ ਵੀ ਅਹਿਮੀਅਤ ਰੱਖਦਾ ਹੈ ਪਰ ਜੇਕਰ ਪੇਂਡੂ ਖੇਤਰ ਦੀਆਂ ਕੇਵਲ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਦੇ ਪਿੰਡਾਂ ਨੂੰ ਜੋੜਦੀਆਂ ਸੜਕਾਂ ਦੀ ਬਰਬਾਦੀ ਸੈਸ਼ਨ ਨਾਲੋਂ ਬੇਹਤਰ ਹੋਰ ਕੋਈ ਨਹੀਂ ਬਿਆਨ ਸਕਦਾ । ਇਸ ਮਾਮਲੇ ਵਿੱਚ ਹਾਕਮ ਅਤੇ ਵਿਰੋਧੀ ਧਿਰਾਂ ਦੇ ਵਿਧਾਇਕਾਂ ਦੀ ਤਰਜਮਾਨੀ ਵਿੱਚ ਕੋਈ ਬਹੁਤਾ ਫ਼ਰਕ ਨਹੀਂ। ਸਦਨ ਵਿੱਚ ਸੁਭਾਵਿਕ ਹੈ ਕਿ ਮੈਂਬਰਾਂ ਵਲੋਂ ਆਪੋ ਆਪਣੇ ਹਲਕੇ ਦੇ ਵਿਕਾਸ ਦੇ ਮਾਮਲਿਆਂ ਦੀ ਗੱਲ ਕਰਨੀ ਹੁੰਦੀ ਹੈ ਪਰ ਸੜਕਾਂ ਦਾ ਮਾਮਲਾ ਅਜਿਹਾ ਹੈ ਜਿਹੜਾ ਕਿ ਹਲਕਿਆਂ ਤੋਂ ਉੱਪਰ ਉਠਕੇ ਸਾਂਝੀ ਤਸਵੀਰ ਪੇਸ਼ ਕਰਦਾ ਹੈ। ਮਿਸਾਲ ਵਜੋ ਡੇਰਾ ਬੱਸੀ ਹਲਕੇ ਦਾ ਵਿਧਾਇਕ ਸਦਨ ਵਿੱਚ ਆਖ ਰਿਹਾ ਹੈ ਕਿ ਡੇਰਾ ਬਸੀ ਪੰਜਾਬ ਦਾ ਪ੍ਰਵੇਸ਼ ਦੁਆਰ ਹੈ ਪਰ ਲਿੰਕ ਸੜਕਾਂ ਸਾਰੇ ਹਲਕੇ ਦੀਆਂ ਟੁੱਟੀਆਂ ਪਈਆਂ ਹਨ। ਵਿਧਾਇਕ ਦਾ ਕਹਿਣਾ ਹੈ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਕਿਸਾਨ ਮੋਰਚਾ ਲੱਗਾ ਹੋਣ ਕਾਰਨ ਹਲਕੇ ਦੀਆਂ ਲਿੰਕ ਸੜਕਾਂ ਉਤੇ ਵੱਡੀਆਂ ਗੱਡੀਆਂ ਚਲਦੀਆਂ ਹਨ ਪਰ ਸੜਕਾਂ ਦੀ ਐਨੀ ਸਮਰੱਥਾ ਨਹੀਂ ਹੈ ।ਇਸ ਕਰਕੇ ਸੜਕਾਂ ਟੁੱਟ ਰਹੀਆਂ ਹਨ। ਉਨਾਂ ਵਲੋਂ ਸੜਕਾਂ ਦੀ ਮੁਰੰਮਤ ਲਈ ਫੰਡ ਦੀ ਮੰਗ ਕੀਤੀ ਜਾ ਰਹੀ ਹੈ। ਵਿਧਾਇਕਾਂ ਦਾ ਕਹਿਣਾ ਹੈ ਕਿ ਕੌਮੀ ਮਾਰਗਾਂ ਲਈ ਮਾਲ ਢੋਣ ਵਾਲੇ ਵੱਡੇ ਟਰੱਕ ਲਿੰਕ ਸੜਕਾਂ ਨੂੰ ਤੋੜ ਰਹੇ ਹਨ।ਦੂਜੀ ਮਿਸਾਲ ਮਜੀਠਾ ਹਲਕੇ ਤੋਂ ਅਕਾਲੀ ਦਲ ਦੀ ਵਿਧਾਇਕਾ ਵਲੋਂ ਸੜਕਾਂ ਦੀ ਮਾੜੀ ਹਾਲਤ ਦਾ ਮੁੱਦਾ ਚੁੱਕਿਆ ਗਿਆ। ਉਨਾਂ ਦਾ ਕਹਿਣਾ ਸੀ ਕਿ ਪਿੰਡਾਂ ਨੂੰ ਜੋੜਦੀਆਂ ਲਿੰਕ ਸੜਕਾਂ ਦੀ ਮਾੜੀ ਹਾਲਤ ਹੈ। ਤੀਜੀ ਮਿਸਾਲ ਹਲਕਾ ਨਿਹਾਲ ਸਿੰਘ ਵਾਲਾ ਦੇ ਪੱਤੋ ਹੀਰਾ ਸਿੰਘ, ਦੀਨਾ ਸਾਹਿਬ ਪਿੰਡਾਂ ਵਿਚੋਂ ਜਾਂਦੇ ਇਤਹਾਸਕ ਮਾਰਗ ਗੁਰੂ ਗੋਬਿੰਦ ਸਿੰਘ ਦੀ ਯਾਦ ਨਾਲ ਸਬੰਧਤ ਹੈ। ਇਸ ਮਾਰਗ ਦੀ ਹਾਲਤ ਇਹ ਕਿ ਸੜਕ ਤੇ ਗੱਡੀ ਚਲਾਉਣੀ ਚੁਣੌਤੀ ਹੈ। ਬਾਰਸ਼ ਦੇ ਦਿਨਾਂ ਵਿੱਚ ਤਾਂ ਕੋਈ ਲੰਘ ਹੀ ਨਹੀਂ ਸਕਦਾ।
ਵੱਡਾ ਸਵਾਲ ਤਾਂ ਇਹ ਹੈ ਕਿ ਸੜਕਾਂ ਲਈ ਫੰਡ ਕਿਥੋਂ ਮੁਹਈਆ ਹੋਣਗੇ? ਕੇਂਦਰ ਪੰਜਾਬ ਦਾ ਪੇਂਡੂ ਵਿਕਾਸ ਫੰਡ ਰੋਕੀ ਬੈਠਾ ਹੈ। ਇਹ ਰੇੜਕਾ ਪਿਛਲੇ ਕਾਫੀ ਸਮੇਂ ਤੋਂ ਚਲਦਾ ਆ ਰਿਹਾ ਹੈ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੇਂਡੂ ਵਿਕਾਸ ਫੰਡ ਬਾਰੇ ਕੇਂਦਰ ਨੂੰ ਕਈ ਵਾਰ ਪੱਤਰ ਵੀ ਲਿਖ ਚੁੱਕੇ ਹਨ ਪਰ ਇਸ ਦੇ ਬਾਵਜੂਦ ਕੇਂਦਰ ਫੰਡਾਂ ਨੂੰ ਜਾਰੀ ਕਰਨ ਲਈ ਤਿਆਰ ਨਹੀਂ ਹੈ। ਪੰਜਾਬ ਵਿਧਾਨ ਸਭਾ ਅੰਦਰ ਵੀ ਇਹ ਮੁੱਦਾ ਕਈ ਮੌਕਿਆਂ ਉੱਤੇ ਉੱਠ ਚੁੱਕਾ ਹੈ ਪਰ ਕੇਂਦਰ ਨੇ ਕੋਈ ਨੋਟਿਸ ਨਹੀਂ ਲਿਆ । ਸਦਨ ਵਿੱਚ ਹਾਜ਼ਰ ਸਾਰੀਆਂ ਰਾਜਸੀ ਧਿਰਾਂ ਨੂੰ ਪੰਜਾਬ ਦੇ ਵੱਡੇ ਮੁੱਦਿਆਂ ਉੱਪਰ ਸਾਂਝੀ ਰਾਏ ਬਣਾਉਣ ਦੀ ਲੋੜ ਹੈ।
ਸੰਪਰਕ 9814002186