ਚੰਡੀਗੜ੍ਹ: ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵਿੱਤੀ ਕਮਿਸਨਰ, ਪੇਂਡੂ ਵਿਕਾਸ ਅਤੇ ਪੰਚਾਇਤਾਂ ਸੀਮਾ ਜੈਨ ਦੀ ਮੌਜੂਦਗੀ ਵਿਚ ਅੱਜ ਇੱਕ ਸਾਦੇ ਸਮਾਗਮ ਦੌਰਾਨ ਵਿਕਾਸ ਭਵਨ ਵਿਖੇ ਨਵ ਨਿਯੁਕਤ 12 ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ।ਇਹ ਅਫਸਰ ਪੰਜਾਬ ਸਿਵਲ ਸਰਵਿਸਿਜ ਦੀ ਸਾਂਝੇ ਮੁਕਾਬਲੇ ਪ੍ਰੀਖਿਆ-2018 ਦੇ ਨਤੀਜੇ ਦੇ ਅਧਾਰ ਤੇ ਪੰਜਾਬ ਲੋਕ ਸੇਵਾ ਕਮਿਸਨ ਪਟਿਆਲਾ ਵੱਲੋਂ ਕੀਤੀਆਂ ਗਈਆਂ ਸਿਫਾਰਸਾ ਦੇ ਅਧਾਰ ਤੇ ਵਿਭਾਗ ਵਿਚ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਚੁਣੇ ਗਏ ਹਨ।
ਇਸ ਮੌਕੇ ਤੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਨਵ-ਨਿਯੁਕਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਿੰਡਾਂ ਦੇ ਵਿਕਾਸ ਵਿਚ ਪਾਰਦਰਸ਼ਤਾ ਲਿਆਉਣ ਲਈ ਵਿਭਾਗ ਵਲੋਂ ਸ਼ੁਰੂ ਕੀਤੀਆਂ ਅਤਿਧੁਨਿਕ ਤਕਨੀਕਾ ਅਪਣਾਉਣ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਪਿੰਡਾਂ ਵਿਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਆਨਲਾਈਨ ਨਿਗਰਾਨੀ ਕਰਨ ਲਈ ਮਾਡਲ ਲਾਗੂ ਕੀਤੇ ਜਾ ਰਹੇ ਹਨ, ਜਿਸ ਉੱਪਰ ਪਿੰਡਾਂ ਵਿਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਸਹੀ ਜਾਣਕਾਰੀ ਤੁਰੰਤ ਅਪਲੋਡ ਕਰਨ ਤਾਂ ਜੋ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਦਿੱਤੀ ਜਾਦੀਂ ਰਾਸ਼ੀ ਸਹੀ ਕੰਮਾਂ ‘ਤੇ ਖਰਚ ਕੀਤੀ ਜਾ ਸਕੇ।
ਬਾਜਵਾ ਨੇ ਕਿਹਾ ਨਵੇਂ ਭਰਤੀ ਹੋਏ ਸਾਰੇ ਨੌਜਵਾਨ ਅਫਸਰ ਪਿੰਡਾਂ ਨੂੰ ਮਾਡਲ ਪਿੰਡਾਂ ਵਜੋਂ ਵਿਕਸਤ ਕਰਨ ਲਈ ਅਗਾਂਹਵਧੁ ਸੋਚ ਨਾਲ ਕੰਮ ਕਰਨ ਅਤੇ ਪਿੰਡਾਂ ਦਾ ਵਿਕਾਸ ਬਿਨਾਂ ਭੇਦਭਾਵ ਵਜੋਂ ਕਰਨ। ਉਨ੍ਹਾਂ ਨਾਲ ਹੀ ਸੱਦਾ ਦਿੱੱਤਾ ਕਿ ਵਿਭਾਗ ਵਲੋਂ ਪਿੰਡਾਂ ਦੇ ਗੰਦੇ ਪਾਣੀ ਨੂੰ ਸਿੰਚਾਈ ਲਈ ਵਰਤਣ ਲਈ ਅਤੇ ਬਾਕੀ ਬਚੀ ਹੋਈ ਗਾਰ ਨੂੰ ਖਾਦ ਵਜੋਂ ਤਿਆਰ ਕਰਨ ਲਈ ਥਾਪਰ ਅਤੇ ਸੀਚੇਵਾਲ ਮਾਡਲ ਨੂੰ ਜੋੜ ਕੇ ਕੰਮ ਅਰੰਭੇ ਗਏ ਹਨ, ਜਿਸ ਨੂੰ ਵੱਧ ਤੋਂ ਵੱਧ ਅਪਣਾਉਣ ਲਈ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਰਲ ਕੇ ਕੰਮ ਕੀਤਾ ਜਾਵੇ।ਇਸ ਤੋਂ ਇਲਾਵਾ ਉਨ੍ਹਾਂ ਵਲੋਂ ਵਿਭਾਗ ਦੀਆਂ ਮੁੱਖ ਗਤੀ-ਵਿਧੀਆਂ ਬਾਰੇ ਜਾਣੂ ਕਰਵਾਇਆ ਅਤੇ ਇਨ੍ਹਾਂ ਨਵ-ਨਿਯੁਕਤ ਬਲਾਕ ਵਿਕਾਸ ਅਫਸਰਾਂ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਤਾਕੀਦ ਕੀਤੀ।