ਹਾਕਮ ਧਿਰ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਰਾਜ ਵਿੱਚ ਕਿਸਾਨੀ ਦੇ ਨਾਮ ਤੇ ਦਹਿਸ਼ਤ ਦਾ ਮਾਹੌਲ ਕੀਤਾ ਪੈਦਾ: ਅਸ਼ਵਨੀ ਸ਼ਰਮਾ

TeamGlobalPunjab
3 Min Read

ਚੰਡੀਗੜ੍ਹ: ਸੂਬੇ ‘ਚ 14 ਫਰਵਰੀ ਨੂੰ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀਆਂ ਹੋਣ ਵਾਲਿਆਂ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਰੂਪ ‘ਚ ਕਰਵਾਉਣ ਨੂੰ ਲੈ ਕੇ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਸੂਬਾ ਭਾਜਪਾ ਦਾ ਵਫ਼ਦ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨਾਲ ਮਿਲੇ। ਇਸ ਵਫ਼ਦ ਵਿਚ ਰਾਜ ਸਭਾ ਮੈਂਬਰ ਅਤੇ ਸੂਬਾ ਭਾਜਪਾ ਇੰਚਾਰਜ ਦੁਸ਼ਯੰਤ ਗੌਤਮ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਇਸ ਮੌਕੇ ਉਨ੍ਹਾਂ ਨਾਲ ਸੂਬਾ ਸਹਿ ਇੰਚਾਰਜ ਡਾ: ਨਰਿੰਦਰ ਸਿੰਘ, ਸੰਗਠਨ ਜਨਰਲ ਸਕੱਤਰ ਦਿਨੇਸ਼ ਕੁਮਾਰ, ਸਾਬਕਾ ਮੰਤਰੀ ਮਦਨ ਮੋਹਨ ਮਿੱਤਲ, ਮਨੋਰੰਜਨ ਕਾਲੀਆ, ਅਨਿਲ ਸਰੀਨ, ਬਿਕਰਮਜੀਤ ਸਿੰਘ ਚੀਮਾ ਵੀ ਮੌਜੂਦ ਸਨ।

ਅਸ਼ਵਨੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਹੈ ਅਤੇ ਅਜਿਹੀ ਗੰਭੀਰ ਸਥਿਤੀ ਵਿੱਚ ਪੰਜਾਬ ਵਿੱਚ ਸੱਤਾਧਾਰੀ ਧਿਰ ਦੇ ਨੇਤਾਵਾਂ ਦੇ ਨਾਲ-ਨਾਲ ਹੋਰ ਵਿਰੋਧੀ ਧਿਰਾਂ ਵੀ ਆਪਣੇ ਰਾਜਸੀ ਸਵਾਰਥ ਅਤੇ ਲਾਭ ਲਈ ਹਿੰਸਾ ਅਤੇ ਧਮਕੀਆਂ ਦਾ ਸਹਾਰਾ ਲੈ ਰਹੇ ਹਨ। ਪੰਜਾਬ ਵਿਚ ਭਾਜਪਾ ਨੇਤਾਵਾਂ ‘ਤੇ ਕਾਤਿਲਾਨਾ ਹਮਲੇ, ਭਾਜਪਾ ਦਫ਼ਤਰਾਂ ਵਿਚ ਜ਼ਬਰਦਸਤੀ ਕੀਤੀ ਜਾ ਰਹੀ ਤੋੜ-ਫੋੜ, ਭਾਜਪਾ ਵਰਕਰਾਂ ਅਤੇ ਸਮਰਥਕਾਂ’ ਤੇ ਕਈ ਹਮਲੇ ਹੋ ਚੁੱਕੇ ਹਨ ਅਤੇ ਦੋਸ਼ੀਆਂ ਦੇ ਨਾਂ ਦੱਸੇ ਜਾਣ ਦੇ ਬਾਵਜੂਦ ਵੀ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਕਿਸਾਨਾਂ ਦੇ ਨਾਂ ‘ਤੇ ਭਾਜਪਾ ਵਰਕਰਾਂ ਨੂੰ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਮੁਲਜ਼ਮ ਅਜੇ ਵੀ ਖੁਲੇ ਘੁੰਮ ਰਹੇ ਹਨ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਰਾਜ ਵਿਚ ਚੋਣ ਜ਼ਾਬਤਾ ਪਹਿਲਾਂ ਹੀ ਲਾਗੂ ਹੋ ਚੁੱਕਾ ਹੈ, ਜਿਸ ਵਿਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰ ਇਹ ਸੁਨਿਸ਼ਚਿਤ ਕਰਨਗੇ ਕਿ ਉਨ੍ਹਾਂ ਦੇ ਸਮਰਥਕ ਦੂਜੀਆਂ ਪਾਰਟੀਆਂ ਵਲੋਂ ਆਯੋਜਿਤ ਮੀਟਿੰਗਾਂ ਅਤੇ ਜਲੂਸਾਂ ਵਿਚ ਰੁਕਾਵਟ ਜਾਂ ਤੋੜ-ਫੋੜ ਨਾ ਕਰਨ। ਪਰ ਸੱਤਾਧਾਰੀ ਪਾਰਟੀ ਅਤੇ ਹੋਰ ਵਿਰੋਧੀ ਪਾਰਟੀਆਂ ਭਾਜਪਾ ਵਰਕਰਾਂ ਦੇ ਜਮਹੂਰੀ ਅਧਿਕਾਰਾਂ ਦੀ ਉਲੰਘਣਾ ਕਰਦਿਆਂ, ਭਾਜਪਾ ਵਰਕਰਾਂ ਨੂੰ ਚੋਣ ਪ੍ਰਚਾਰ ਅਤੇ ਚੋਣ ਲੜਨ ਤੋਂ ਰੋਕਣ ਲਈ ਹਰ ਤਰਾਂ ਦੇ ਪੈਂਤੜੇ ਅਪਣਾ ਰਹੀਆਂ ਹਨ। ਸੂਬੇ ‘ਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਵਫ਼ਦ ਨੇ ਕਿਹਾ ਕਿ ਸੂਬਾ ਚੋਣ ਕਮਿਸ਼ਨ ਅਤੇ ਰਾਜਪਾਲ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਸੂਬੇ ਦੇ ਵੋਟਰ ਬਿਨਾਂ ਕਿਸੇ ਖਤਰੇ, ਡਰ ਅਤੇ ਦਬਾਅ ਤੋਂ ਸੁਤੰਤਰ ਅਤੇ ਨਿਰਪੱਖਤਾ ਨਾਲ ਵੋਟ ਪਾਉਣ।

Share This Article
Leave a Comment