ਦਾਖਾਂ : 4 ਵਿਧਾਨ ਸਭਾ ਹਲਕਿਆਂ ਵਿੱਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਅਤੇ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਇਸ ਚੋਣ ਅਖਾੜੇ ਵਿੱਚ ਇੱਕ ਦੂਜੇ ਵਿਰੁੱਧ ਕੁੱਦ ਪਏ ਹਨ। ਇਸੇ ਮਾਹੌਲ ‘ਚ ਜਿੱਥੇ ਉਹ ਇੱਕ ਦੂਜੇ ਵਿਰੁੱਧ ਬਿਆਨਬਾਜ਼ੀਆਂ ਕਰ ਰਹੇ ਹਨ ਉੱਥੇ ਬੀਤੀ ਕੱਲ੍ਹ ਇਨ੍ਹਾਂ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਆਪਣੇ ਹੀ ਵਰਕਰਾਂ ਦੀ ਆਪਸੀ ਫੁੱਟ ਦਾ ਸ਼ਿਕਾਰ ਹੋਈ ਦੱਸੀ ਜਾਂਦੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਵਿਧਾਨ ਸਭਾ ਹਲਕਾ ਦਾਖਾਂ ਵਿੱਚ ਕੱਲ੍ਹ ਦੋ ਧਿਰਾਂ ਦਰਮਿਆਨ ਆਪਸੀ ਤਕਰਾਰ ਹੋ ਗਈ ਤੇ ਇਹ ਤਕਰਾਰ ਇਸ ਕਦਰ ਭਖ ਗਈ ਕਿ ਗੱਲ ਹੱਥਾਪਾਈ ਤੱਕ ਪਹੁੰਚ ਗਈ। ਇਹ ਦੋਵੇਂ ਧਿਰਾਂ ਕਾਂਗਰਸੀ ਵਰਕਰ ਹੀ ਦੱਸੇ ਜਾ ਰਹੇ ਹਨ।
ਦਰਅਸਲ ਇਹ ਮਾਮਲਾ ਹੈ ਇੱਥੋਂ ਦੇ ਪਿੰਡ ਬੱਦੋਵਾਲ ਦਾ ਹੈ ਜਿੱਥੇ ਦੋ ਕਾਂਗਰਸੀ ਧੜ੍ਹਿਆਂ ਦਾ ਆਪਸੀ ਵਿਵਾਦ ਖਤਮ ਕਰਵਾਉਣ ਲਈ ਮੁੱਲਾਂਪੁਰ ਦਾਖਾਂ ਵਿਖੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਪਹੁੰਚੇ ਹੋਏ ਸਨ। ਇਹ ਵਿਵਾਦ ਪਿੰਡ ਬੱਦੋਵਾਲ ਦੇ ਸਾਬਕਾ ਕਾਂਗਰਸੀ ਸਰਪੰਚ ਅਮਰਜੋਤ ਸਿੰਘ, ਜਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਅਤੇ ਦੂਜੇ ਧੜ੍ਹੇ ਦੇ ਮੈਂਬਰ ਤਰਨਦੀਪ ਸਿੰਘ ਗੁਰਸੇਵਕ ਸਿੰਘ ਵਿਚਕਾਰ ਹੋਇਆ ਦੱਸਿਆ ਜਾਂਦਾ ਹੈ। ਇਸ ਤਕਰਾਰਬਾਜ਼ੀ ਵਿੱਚ ਪੁਲਿਸ ਨੂੰ ਵੀ ਦਖਲ ਦੇਣਾ ਪਿਆ। ਇਸ ਦੌਰਾਨ ਇੱਕ ਵਿਅਕਤੀ ਦੀ ਪੱਗ ਵੀ ਉਤਰ ਗਈ ਅਤੇ ਉਸ ਦੇ ਵਾਲ ਵੀ ਖੁੱਲ੍ਹ ਗਏ।