ਨਿਊਯਾਰਕ : ਵੀਰਵਾਰ ਨੂੰ ਅਮਰੀਕਾ ਦੀ ਇੱਕ ਅਦਾਲਤ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਲੰਬੇ ਸਮੇਂ ਤੋਂ ਸਹਿਯੋਗੀ ਤੇ ਸਲਾਹਕਾਰ ਰਹੇ ਰੋਜਰ ਸਟੋਨ ਨੂੰ 40 ਮਹੀਨਿਆਂ ਦੀ ਸਜ਼ਾ ਸੁਣਾਈ ਹੈ। ਇਹ ਅਦਾਲਤ ਸਾਲ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਹੋਈ ਗੜਬੜੀ ਦੀ ਜਾਂਚ ਕਰ ਰਹੀ ਸੀ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਆਪਣੇ ਇਕ ਬਿਆਨ ‘ਚ ਕਿਹਾ ਕਿ ਇਹ ਇਕ ਰਾਜਨੀਤਿਕ ਫੈਸਲਾ ਹੈ, ਜਿਸ ਨਾਲ ਉਨ੍ਹਾਂ ਦੇ ਸਾਬਕਾ ਸਲਾਹਕਾਰ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਾਲ 2016 ‘ਚ ਰਾਬਰਟ ਮੂਲਰ ਦੀ ਜਾਂਚ ਰਿਪੋਰਟ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਲੈ ਰਿਪਬਲਿਕਨ ਪਾਰਟੀ ਅਤੇ ਰੂਸ ਦੇ ਆਪਸੀ ਸਬੰਧਾਂ ‘ਤੇ ਸਵਾਲ ਖੜੇ ਕੀਤੇ ਸਨ। ਇਸ ਸਬੰਧੀ ਰਾਬਰਟ ਮੂਲਰ ਨੇ ਇੱਕ ਜਾਂਚ ਰਿਪੋਰਟ ਤਿਆਰ ਕੀਤੀ ਸੀ ਜਿਸ ਦੇ ਆਧਾਰ ‘ਤੇ ਹੀ ਰੋਜਰ ਸਟੋਨ ਨੂੰ ਸਜ਼ਾ ਸੁਣਾਈ ਗਈ ਹੈ।
ਕੀ ਸੀ ਪੂਰਾ ਮਾਮਲਾ ?
ਸਾਬਕਾ ਸਲਾਹਕਾਰ ਰੋਜਰ ਸਟੋਨ ‘ਤੇ ਸੱਤ ਵਾਰ ਅਮਰੀਕੀ ਕਾਂਗਰਸ ‘ਚ ਝੂਠ ਬੋਲਣ, ਦੇਸ਼ ਨੂੰ ਗੁੰਮਰਾਹ ਕਰਨ, ਗਵਾਹਾਂ ਨੂੰ ਭਰਮਾਉਣ ਅਤੇ ਜਾਂਚ ‘ਚ ਰੁਕਾਵਟ ਪਾਉਣ ਦੇ ਗੰਭੀਰ ਦੋਸ਼ ਲੱਗੇ ਸਨ। ਅਦਾਲਤ ਨੇ ਆਪਣੇ ਫ਼ੈਸਲੇ ‘ਚ ਕਿਹਾ ਕਿ ਰੋਜਰ ਸਟੋਨ ਲਗਾਤਾਰ ਸਭ ਕੁਝ ਜਾਣਨ ਦੇ ਬਾਅਦ ਵੀ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ, ਜੋ ਕਿ ਸੰਵਿਧਾਨ ਦੇ ਵਿਰੁੱਧ ਹੈ। ਅਦਾਲਤ ਨੇ ਸਟੋਨ ਨੂੰ 20 ਹਜ਼ਾਰ ਡਾਲਰ ਦਾ ਜ਼ੁਰਮਾਨਾ ਵੀ ਲਗਾਇਆ ਹੈ।
ਤੁਹਾਨੂੰ ਦੱਸ ਦੇਈਏ ਕਿ ਰੋਜਰ ਸਟੋਨ ਛੇਵਾਂ ਵਿਅਕਤੀ ਹੈ ਜੋ ਰਾਸ਼ਟਰਪਤੀ ਟਰੰਪ ਨਾਲ ਸਬੰਧਤ ਹੈ ਤੇ ਇਸ ਕੇਸ ‘ਚ ਉਸਨੂੰ ਦੋਸ਼ੀ ਪਾਇਆ ਗਿਆ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਡੋਨਾਲਡ ਟਰੰਪ ਨੇ ਵੀ ਕਈ ਵਾਰ ਇਸ ‘ਚ ਰੂਸ ਦੇ ਕਿਸੇ ਵੀ ਤਰ੍ਹਾਂ ਦੇ ਹੱਥ ਹੋਣ ਦੇ ਦੋਸ਼ ਤੋਂ ਇਨਕਾਰ ਕੀਤਾ ਹੈ। ਹਾਲ ਹੀ ‘ਚ ਰਾਸ਼ਟਰਪਤੀ ਟਰੰਪ ਦੇ ਯੂਕਰੇਨ ਨਾਲ ਸਬੰਧਾਂ ਨੂੰ ਲੈ ਕੇ ਉਨ੍ਹਾਂ ਦੇ ਵਿਰੁੱਧ ਮਹਾਂਅਭਿਯੋਗ ਦਾ ਮਤਾ ਵੀ ਲਿਆਂਦਾ ਗਿਆ ਸੀ।