ਸੰਗਰੂਰ – ਉੱਤਰ ਭਾਰਤ ਵਿਚ ਛਾਏ ਮੌਨਸੂਨ ਨੂੰ ਲੈ ਕੇ ਜਿੱਥੇ ਪਹਾੜੀ ਇਲਾਕਿਆਂ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਤਾਂ ਦੂਸਰੇ ਪਾਸੇ ਪੰਜਾਬ ਵਿੱਚ ਵੀ ਤੇਜ਼ ਬਾਰਿਸ਼ ਨੇ ਪ੍ਰਸ਼ਾਸਨ ਦੀਆਂ ਪਰੇਸ਼ਾਨੀਆਂ ਵਧਾ ਦਿੱਤੀਆਂ ਹਨ। ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਘੱਗਰ ਦਰਿਆ ‘ਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਸਵੇਰੇ 8 ਵਜੇ ਘੱਗਰ ਦਰਿਆ ‘ਚ ਪਾਣੀ ਦਾ ਲੈਵਲ 746.7 ਫੁੱਟ ਦਰਜ ਕੀਤਾ ਗਿਆ। ਜੋ ਕਾਫੀ ਚਿੰਤਾਜਨਕ ਹੈ ਕਿਉਂਕਿ ਘੱਗਰ ਦਰਿਆ ਦਾ ਡੇਂਜਰ ਪੁਆਇੰਟ 751 ਫੁੱਟ ‘ਤੇ ਹੈ।
ਜਿਸ ਤੋਂ ਭਾਵ ਹੈ ਕਿ ਘੱਗਰ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਚਾਰ ਫੁੱਟ ਹੇਠਾਂ ਵਗ ਰਿਹਾ ਹੈ। ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਤੇਜ਼ ਬਰਸਾਤ ਪੈਂਦੀ ਹੈ ਤਾਂ ਪਾਣੀ ਦਾ ਪੱਧਰ ਵੀ ਵਧੇਗਾ, ਜਿਸ ਨਾਲ ਘੱਗਰ ਦਰਿਆ ਵਿੱਚ ਖ਼ਤਰਾ ਵਧ ਸਕਦਾ ਹੈ। ਘੱਗਰ ਦਰਿਆ ਕੰਢੇ ਵਸਦੇ ਪਿੰਡਾਂ ਨੂੰ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਹੈ।