-ਅਵਤਾਰ ਸਿੰਘ
ਫਿਲਮ ਜਗਤ ਦੇ ਮੰਨੇ ਪ੍ਰਮੰਨੇ ਅਭਿਨੇਤਾ ਰਿਸ਼ੀ ਕਪੂਰ (67) ਅੱਜ ਆਪਣੇ ਪਰਿਵਾਰ ਤੇ ਚਹੇਤਿਆਂ ਨੂੰ ਵਿਛੋੜਾ ਦੇ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਕਪੂਰ ਖਾਨਦਾਨ ਦੀ ਤੀਜੀ ਪੀੜ੍ਹੀ ਦੇ ਮਸ਼ਹੂਰ ਸਖਸ਼ ਰਿਸ਼ੀ ਦੇ ਪਰਿਵਾਰ ਵਿਚ ਪਤਨੀ ਨੀਤੂ ਕਪੂਰ, ਬੇਟਾ ਰਣਬੀਰ ਕਪੂਰ ਅਤੇ ਬੇਟੀ ਰਿਧਿਮਾ ਕਪੂਰ ਹਨ।
ਫਿਲਮ ‘ਡੀ -ਡੇ’ ਦੇ ਉਨ੍ਹਾਂ ਦੇ ਸਹਾਇਕ ਕਲਾਕਾਰ ਇਰਫਾਨ ਖਾਨ ਦੇ ਫੌਤ ਹੋਣ ਤੋਂ ਇਕ ਦਿਨ ਬਾਅਦ ਹੀ ਉਨ੍ਹਾਂ ਦੇ ਅਲਵਿਦਾ ਆਖਣ ਦੀ ਖ਼ਬਰ ਆਈ ਹੈ। ਇਰਫਾਨ ਦਾ ਵੀ ਕੱਲ੍ਹ ਮੁੰਬਈ ਦੇ ਇਕ ਹਸਪਤਾਲ ਵਿਚ ਦੇਹਾਂਤ ਹੋ ਗਿਆ ਸੀ। ਉਹ ਵੀ ਕੈਂਸਰ ਤੋਂ ਪੀੜਤ ਸਨ। ਅਜੇ ਤਿੰਨ ਮਹੀਨੇ ਪਹਿਲਾਂ ਹੀ ਰਿਸ਼ੀ ਕਪੂਰ ਦੀ ਭੈਣ ਨੰਦਾ ਦੀ ਵੀ ਕੈਂਸਰ ਦੇ ਕਾਰਨ ਮੌਤ ਹੋ ਗਈ ਸੀ।
ਰਿਸ਼ੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਦੋ ਸਾਲ ਤਕ ਬਲੱਡ ਕੈਂਸਰ ਦੀ ਬਿਮਾਰੀ ਨਾਲ ਲੜਨ ਤੋਂ ਬਾਅਦ ਸਾਡੇ ਪਿਆਰੇ ਰਿਸ਼ੀ ਵੀਰਵਾਰ (30 ਅਪ੍ਰੈਲ) ਨੂੰ ਸਵੇਰੇ ਪੌਣੇ ਨੌਂ ਵਜੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਡਾਕਟਰਾਂ ਤੇ ਹਸਪਤਾਲ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਖਰੀ ਸਮੇਂ ਤਕ ਜੰਗ ਜਾਰੀ ਰੱਖੀ। ਪਰਿਵਾਰ ਦਾ ਕਹਿਣਾ, ਦੋ ਮਹਾਂਦੀਪਾਂ ਵਿਚ ਦੋ ਸਾਲ ਤਕ ਇਲਾਜ ਦੌਰਾਨ ਉਹ ਜਿਉਣ ਲਈ ਦ੍ਰਿੜ੍ਹ ਅਤੇ ਲਗਾਤਾਰ ਖੁਸ਼ ਰਹੇ। ਉਨ੍ਹਾਂ ਦਾ ਧਿਆਨ ਹਮੇਸ਼ਾ ਪਰਿਵਾਰ, ਦੋਸਤ, ਭੋਜਨ ਅਤੇ ਫ਼ਿਲਮਾਂ ‘ਤੇ ਕੇਂਦਰਿਤ ਰਿਹਾ ਅਤੇ ਇਸ ਦੌਰਾਨ ਜੋ ਵੀ ਉਨ੍ਹਾਂ ਨੂੰ ਮਿਲਿਆ ਉਹ ਹੈਰਾਨ ਸੀ ਕਿ ਕਿਸ ਤਰ੍ਹਾਂ ਇਸ ਬਿਮਾਰੀ ਨੂੰ ਉਨ੍ਹਾਂ ਨੇ ਆਪਣੇ ਉਪਰ ਹਾਵੀ ਨਹੀਂ ਹੋਣ ਦਿੱਤਾ।
ਪਿਛਲੇ ਸਾਲ ਸਤੰਬਰ ਵਿਚ ਕੈਂਸਰ ਦਾ ਇਲਾਜ ਕਰਵਾ ਕੇ ਅਮਰੀਕਾ ਤੋਂ ਆਏ ਸਨ। ਫਰਵਰੀ ਵਿਚ ਸਿਹਤ ਮੁੜ ਵਿਗੜਨ ਕਾਰਨ ਦੋ ਵਾਰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਰਿਸ਼ੀ ਕਪੂਰ ਨੇ ਆਪਣੇ ਪਿਤਾ ਰਾਜ ਕਪੂਰ ਦੀ ਫਿਲਮ ‘ਸ਼੍ਰੀ 420’ ਤੋਂ ਬਤੌਰ ਬਾਲ ਕਲਾਕਾਰ ਵੱਡੇ ਪਰਦੇ ਉਪਰ ਆਪਣੀ ਪਹਿਲੀ ਫ਼ਿਲਮੀ ਪਾਰੀ ਦਾ ਆਗਾਜ਼ ਕੀਤਾ ਸੀ। ਇਸ ਤੋਂ ਬਾਅਦ ਉਹ ਫਿਲਮ ‘ਮੇਰਾ ਨਾਮ ਜੋਕਰ’ ਵਿਚ ਵੀ ਨਜ਼ਰ ਆਏ। ਬਤੌਰ ਮੁੱਖ ਅਭਿਨੇਤਾ 1973 ਵਿਚ ਆਈ ਫਿਲਮ ‘ਬੌਬੀ’ ਉਨ੍ਹਾਂ ਦੀ ਪਹਿਲੀ ਫਿਲਮ ਸੀ, ਜੋ ਬੇਹੱਦ ਹਿੱਟ ਹੋਈ।
ਇਸ ਤੋਂ ਬਾਅਦ ਲਗਪਗ ਤਿੰਨ ਦਹਾਕੇ ਤਕ ਉਨ੍ਹਾਂ ਨੇ ਕਈ ਰੁਮਾਂਟਿਕ ਫ਼ਿਲਮਾਂ ਕੀਤੀਆਂ। ‘ਲੈਲਾ ਮਜਨੁ’, ਰਫੂ ਚੱਕਰ, ਕਰਜ਼, ਚਾਂਦਨੀ, ਹਿਨਾ, ਸਾਗਰ ਵਰਗੀਆਂ ਕਈ ਫ਼ਿਲਮਾਂ ਵਿਚ ਉਨ੍ਹਾਂ ਦੀ ਅਦਾਕਾਰੀ ਨੂੰ ਸਰਾਹਿਆ ਗਿਆ। ਇਸ ਦੌਰਾਨ ਆਪਣੀ ਪਤਨੀ ਨਾਲ ਫਿਲਮ ‘ਦੋ ਦੂਨੀ ਚਾਰ’ ਵਿਚ ਵੀ ਨਜ਼ਰ ਆਏ। ਉਹ ਅਗਨੀਪਥ, ਕਪੂਰ ਐਂਡ ਸੰਜ, 102 ਨਾਟ ਆਊਟ ਵਿਚ ਮੁੜ ਅਦਾਕਾਰੀ ਕਰਕੇ ਦਿਖਾ ਦਿੱਤਾ ਕਿ ਬਤੌਰ ਕਲਾਕਾਰ ਉਹ ਅਜੇ ਸਿਨੇਮਾ ਜਗਤ ਨੂੰ ਹੋਰ ਕਿੰਨਾ ਯੋਗਦਾਨ ਦੇ ਸਕਦੇ ਹਨ।
ਰਿਸ਼ੀ ਕਪੂਰ ਨੇ ਆਪਣੇ ਫ਼ਿਲਮੀ ਕਰੀਅਰ ਦੌਰਾਨ ਕਈ ਪੀੜ੍ਹੀਆਂ ਦਾ ਮਨੋਰੰਜਨ ਕੀਤਾ। ਉਨ੍ਹਾਂ ਦੇ ਜਾਣ ਨਾਲ ਸਮੁਚੇ ਫ਼ਿਲਮੀ ਜਗਤ, ਉਸ ਦੇ ਚਹੇਤਿਆਂ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
ਸੰਪਰਕ : 7888973676